Friday, June 5Punjabi People

ਸਿਸਟਰ ਸ਼ਿਵਾਨੀ ਦੇ ਆਧਿਆਤਮਿਕ ਪ੍ਰਵਚਨ ਸਮਾਗਮ ਦੀ ਰਾਜਪਾਲ ਵੱਲੋਂ ਅਗਵਾਈ

ਸ਼ਿਮਲਾ, 2 ਜੂਨ 2026: ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਕਵਿੰਦਰ ਗੁਪਤਾ ਨੇ ਅੱਜ ਸ਼ਿਮਲਾ ਵਿੱਚ ਪ੍ਰਸਿੱਧ ਆਧਿਆਤਮਿਕ ਵਕਤਾ ਸਿਸਟਰ ਸ਼ਿਵਾਨੀ ਦੇ ਧਿਆਨ ਅਤੇ ਪ੍ਰਵਚਨ ਪ੍ਰੋਗਰਾਮ ਦੀ ਅਧਿਆਕਸ਼ਤਾ ਕੀਤੀ। ਇਸ ਪ੍ਰੋਗਰਾਮ ਦਾ ਆਯੋਜਨ ਬ੍ਰਹਮਾਕੁਮਾਰੀ ਈਸ਼ਵਰੀਯ ਵਿਸ਼ਵ ਵਿਦਿਆਲਯ ਵੱਲੋਂ ਕੀਤਾ ਗਿਆ।

ਇਸ ਮੌਕੇ ਰਾਜਪਾਲ ਨੇ ਬ੍ਰਹਮਾਕੁਮਾਰੀ ਸੰਸਥਾ ਵੱਲੋਂ ਆਧਿਆਤਮਿਕ ਜਾਗਰੂਕਤਾ, ਨੈਤਿਕ ਕਦਰਾਂ-ਕੀਮਤਾਂ, ਅੰਦਰੂਨੀ ਸ਼ਾਂਤੀ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ ਪਾਏ ਜਾ ਰਹੇ ਮਹੱਤਵਪੂਰਨ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸੰਸਥਾ ਕਈ ਸਾਲਾਂ ਤੋਂ ਸਕਾਰਾਤਮਕ ਸੋਚ, ਆਤਮ-ਵਿਸ਼ਵਾਸ ਅਤੇ ਮੁੱਲ-ਆਧਾਰਿਤ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।

ਰਾਜਪਾਲ ਨੇ ਕਿਹਾ ਕਿ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਭੌਤਿਕ ਸਫਲਤਾ ਦੀ ਦੌੜ ਕਾਰਨ ਬਹੁਤ ਸਾਰੇ ਲੋਕ ਤਣਾਅ, ਚਿੰਤਾ ਅਤੇ ਅਸੰਤੁਸ਼ਟੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬ੍ਰਹਮਾਕੁਮਾਰੀ ਸੰਸਥਾ ਲੋਕਾਂ ਨੂੰ ਧਿਆਨ, ਆਤਮ-ਚਿੰਤਨ ਅਤੇ ਸੰਤੁਲਿਤ ਜੀਵਨ ਸ਼ੈਲੀ ਰਾਹੀਂ ਆਤਮ-ਜਾਗਰੂਕਤਾ ਵਿਕਸਿਤ ਕਰਨ ਵਿੱਚ ਮਦਦ ਕਰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਯਤਨ ਇੱਕ ਸ਼ਾਂਤਮਈ ਅਤੇ ਸਦਭਾਵਨਾਪੂਰਨ ਸਮਾਜ ਦੀ ਸਿਰਜਣਾ ਲਈ ਬਹੁਤ ਜ਼ਰੂਰੀ ਹਨ।

ਸ਼੍ਰੀ ਗੁਪਤਾ ਨੇ ਸਿਸਟਰ ਸ਼ਿਵਾਨੀ ਦੇ ਯੋਗਦਾਨ ਦੀ ਸਰਾਹਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਰਲ, ਵਿਹਾਰਕ ਅਤੇ ਪ੍ਰੇਰਣਾਦਾਇਕ ਸੰਦੇਸ਼ਾਂ ਨੇ ਭਾਰਤ ਸਮੇਤ ਦੁਨੀਆ ਭਰ ਵਿੱਚ ਲੱਖਾਂ ਲੋਕਾਂ ਦੇ ਜੀਵਨ ‘ਤੇ ਸਕਾਰਾਤਮਕ ਪ੍ਰਭਾਵ ਪਾਇਆ ਹੈ।

ਉਨ੍ਹਾਂ ਕਿਹਾ ਕਿ ਸਿਸਟਰ ਸ਼ਿਵਾਨੀ ਦੀਆਂ ਸਿੱਖਿਆਵਾਂ ਸਾਨੂੰ ਇਹ ਯਾਦ ਦਿਵਾਉਂਦੀਆਂ ਹਨ ਕਿ ਅਸਲ ਖੁਸ਼ੀ ਬਾਹਰੀ ਹਾਲਾਤਾਂ ‘ਤੇ ਨਿਰਭਰ ਨਹੀਂ ਕਰਦੀ, ਸਗੋਂ ਸਾਡੇ ਵਿਚਾਰਾਂ, ਮੁੱਲਾਂ ਅਤੇ ਜੀਵਨ ਪ੍ਰਤੀ ਸਾਡੇ ਨਜ਼ਰੀਏ ਤੋਂ ਪੈਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਵਿਅਸਤ ਜੀਵਨ ਸ਼ੈਲੀ ਵਿੱਚ ਇਹ ਸੰਦੇਸ਼ ਹੋਰ ਵੀ ਵੱਧ ਮਹੱਤਵਪੂਰਨ ਬਣ ਜਾਂਦਾ ਹੈ।

ਰਾਜਪਾਲ ਨੇ ਕਿਹਾ ਕਿ ਬ੍ਰਹਮਾਕੁਮਾਰੀ ਈਸ਼ਵਰੀਯ ਵਿਸ਼ਵ ਵਿਦਿਆਲਯ ਨੇ ਪਰਿਵਾਰਕ ਰਿਸ਼ਤਿਆਂ, ਪ੍ਰਭਾਵਸ਼ਾਲੀ ਸੰਚਾਰ, ਮਾਨਸਿਕ ਸਿਹਤ, ਭਾਵਨਾਤਮਕ ਤੰਦਰੁਸਤੀ, ਸਵੈ-ਸਸ਼ਕਤੀਕਰਨ ਅਤੇ ਸਕਾਰਾਤਮਕ ਸੋਚ ਵਰਗੇ ਮਹੱਤਵਪੂਰਨ ਵਿਸ਼ਿਆਂ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਖਾਸ ਤੌਰ ‘ਤੇ ਨੌਜਵਾਨ ਵਰਗ ਇਨ੍ਹਾਂ ਸਿੱਖਿਆਵਾਂ ਤੋਂ ਪ੍ਰੇਰਣਾ ਲੈ ਕੇ ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਮਜ਼ਬੂਤ ਨੈਤਿਕ ਕਦਰਾਂ-ਕੀਮਤਾਂ ‘ਤੇ ਆਧਾਰਿਤ ਜੀਵਨ ਜੀ ਸਕਦਾ ਹੈ।

ਆਧਿਆਤਮਿਕਤਾ ਦੇ ਮਹੱਤਵ ‘ਤੇ ਜ਼ੋਰ ਦਿੰਦਿਆਂ ਰਾਜਪਾਲ ਨੇ ਕਿਹਾ ਕਿ ਜੋ ਲੋਕ ਅੰਦਰੋਂ ਸ਼ਾਂਤ ਅਤੇ ਮਜ਼ਬੂਤ ਹੁੰਦੇ ਹਨ, ਉਹ ਸਮਾਜ ਅਤੇ ਰਾਸ਼ਟਰ ਨਿਰਮਾਣ ਵਿੱਚ ਹੋਰ ਵਧੇਰੇ ਸਕਾਰਾਤਮਕ ਯੋਗਦਾਨ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਆਧਿਆਤਮਿਕਤਾ ਸਦਭਾਵਨਾ, ਸਹਿਣਸ਼ੀਲਤਾ, ਕਰੁਣਾ ਅਤੇ ਸਾਂਝੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਦੀ ਹੈ।

ਇਸ ਤੋਂ ਪਹਿਲਾਂ ਸਿਸਟਰ ਸ਼ਿਵਾਨੀ ਨੇ ਰਾਜਪਾਲ ਦਾ ਸਨਮਾਨ ਕੀਤਾ। ਇਸ ਮੌਕੇ ਰਾਜਪਾਲ ਨੇ ਵੀ ਸਿਸਟਰ ਸ਼ਿਵਾਨੀ ਨੂੰ ਹਿਮਾਚਲੀ ਟੋਪੀ ਅਤੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ।

ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀਯ ਵਿਸ਼ਵ ਵਿਦਿਆਲਯ, ਪੰਥਾਘਾਟੀ ਦੀ ਬੀ.ਕੇ. ਸੁਨੀਤਾ ਭੈਣ ਨੇ ਪ੍ਰੋਗਰਾਮ ਦੌਰਾਨ ਰਾਜਪਾਲ ਦਾ ਸਵਾਗਤ ਕੀਤਾ।

ਇਸ ਮੌਕੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਮੁੱਖ ਜੱਜ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ, ਹੋਰ ਪਤਵੰਤੇ ਵਿਅਕਤੀ, ਸ਼ਰਧਾਲੂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਲੋਕ ਵੀ ਹਾਜ਼ਰ ਸਨ।

Leave a Reply

Your email address will not be published. Required fields are marked *