
ਨਵੀਂ ਦਿੱਲੀ, 7 ਅਕਤੂਬਰ 2026: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ India Mobile Congress (IMC) 2026 ਦੇ 10ਵੇਂ ਸੰਸਕਰਣ ਦਾ ਉਦਘਾਟਨ ਕਰਨਗੇ। ਇਸ ਮੌਕੇ ਪ੍ਰਧਾਨ ਮੰਤਰੀ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਉਦਯੋਗ ਜਗਤ ਦੇ ਆਗੂਆਂ, ਨੀਤੀ ਨਿਰਮਾਤਾਵਾਂ, ਤਕਨਾਲੋਜੀ ਮਾਹਰਾਂ, ਸਟਾਰਟਅੱਪਸ, ਨਿਵੇਸ਼ਕਾਂ ਅਤੇ ਹੋਰ ਭਾਗੀਦਾਰਾਂ ਨੂੰ ਸੰਬੋਧਨ ਵੀ ਕਰਨਗੇ।
India Mobile Congress 2026 ਦਾ ਆਯੋਜਨ 7 ਤੋਂ 10 ਅਕਤੂਬਰ ਤੱਕ ਕੀਤਾ ਜਾ ਰਿਹਾ ਹੈ। ਚਾਰ ਦਿਨਾਂ ਦੇ ਇਸ ਵੱਡੇ ਤਕਨਾਲੋਜੀ ਸਮਾਗਮ ਦਾ ਸਾਂਝੇ ਤੌਰ ’ਤੇ ਆਯੋਜਨ Department of Telecommunications (DoT) ਅਤੇ Cellular Operators Association of India (COAI) ਵੱਲੋਂ ਕੀਤਾ ਜਾ ਰਿਹਾ ਹੈ। ਇਸ ਦੌਰਾਨ ਟੈਲੀਕਾਮ, ਡਿਜੀਟਲ ਤਕਨਾਲੋਜੀ ਅਤੇ ਭਵਿੱਖ ਦੀ ਕਨੈਕਟੀਵਿਟੀ ਨਾਲ ਜੁੜੀਆਂ ਨਵੀਆਂ ਸੰਭਾਵਨਾਵਾਂ ਅਤੇ ਚੁਣੌਤੀਆਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
‘Scale Without Boundaries’ ਹੈ IMC 2026 ਦੀ ਥੀਮ
ਇਸ ਸਾਲ India Mobile Congress ਦੀ ਥੀਮ ‘Scale Without Boundaries’ ਰੱਖੀ ਗਈ ਹੈ। ਇਹ ਥੀਮ ਡਿਜੀਟਲ ਨਵੀਨਤਾ, ਅਗਲੀ ਪੀੜ੍ਹੀ ਦੀ ਕਨੈਕਟੀਵਿਟੀ ਅਤੇ ਤਕਨਾਲੋਜੀ ਆਧਾਰਿਤ ਆਰਥਿਕ ਵਿਕਾਸ ਦੇ ਖੇਤਰ ਵਿੱਚ ਭਾਰਤ ਦੀ ਵਧ ਰਹੀ ਸਮਰੱਥਾ ਨੂੰ ਦਰਸਾਉਂਦੀ ਹੈ।
ਸਮਾਗਮ ਦਾ ਫੋਕਸ ਸ੍ਰਿਸ਼ਟੀ, ਸੰਵਰਧਨ, ਸਸ਼ਕਤੀਕਰਨ ਅਤੇ ਸੁਰੱਖਿਆ ਜਿਹੇ ਚਾਰ ਮੁੱਖ ਥੰਮ੍ਹਾਂ ’ਤੇ ਰਹੇਗਾ। ਇਨ੍ਹਾਂ ਰਾਹੀਂ ਭਵਿੱਖ ਦੀਆਂ ਤਕਨਾਲੋਜੀਆਂ ਨੂੰ ਉਤਸ਼ਾਹਿਤ ਕਰਨ, ਡਿਜੀਟਲ ਵਿਕਾਸ ਨੂੰ ਤੇਜ਼ ਕਰਨ, ਨਵੇਂ ਕਾਰੋਬਾਰੀ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਇੱਕ ਸੁਰੱਖਿਅਤ ਤੇ ਮਜ਼ਬੂਤ ਡਿਜੀਟਲ ਈਕੋਸਿਸਟਮ ਤਿਆਰ ਕਰਨ ਬਾਰੇ ਚਰਚਾ ਕੀਤੀ ਜਾਵੇਗੀ।
5G-6G, AI ਅਤੇ ਸੈਮੀਕੰਡਕਟਰ ’ਤੇ ਰਹੇਗਾ ਖਾਸ ਧਿਆਨ
IMC 2026 ਦੌਰਾਨ ਟੈਲੀਕਾਮ ਅਤੇ ਡਿਜੀਟਲ ਤਕਨਾਲੋਜੀ ਨਾਲ ਜੁੜੇ ਕਈ ਅਹਿਮ ਖੇਤਰ ਚਰਚਾ ਦੇ ਕੇਂਦਰ ਵਿੱਚ ਰਹਿਣਗੇ। ਇਨ੍ਹਾਂ ਵਿੱਚ 5G ਅਤੇ 6G, ਅਗਲੀ ਪੀੜ੍ਹੀ ਦੇ AI ਨੈੱਟਵਰਕ, ਸੈਮੀਕੰਡਕਟਰ, Non-Terrestrial Networks (NTN), ਸਾਈਬਰ ਸੁਰੱਖਿਆ ਅਤੇ ਕੁਆਂਟਮ ਕਮਿਊਨੀਕੇਸ਼ਨ ਪ੍ਰਮੁੱਖ ਹਨ।
ਇਸ ਦੇ ਨਾਲ ਹੀ ਐਂਟਰਪ੍ਰਾਈਜ਼ ਟ੍ਰਾਂਸਫਾਰਮੇਸ਼ਨ, ਸਰਕੂਲਰ ਇਕਾਨਮੀ, ESG ਅਤੇ ਇਲੈਕਟ੍ਰਾਨਿਕਸ ਮੈਨੂਫੈਕਚਰਿੰਗ ਵਰਗੇ ਖੇਤਰਾਂ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਮਾਹਰਾਂ ਵੱਲੋਂ ਇਸ ਗੱਲ ’ਤੇ ਵਿਚਾਰ ਕੀਤਾ ਜਾਵੇਗਾ ਕਿ ਇਹ ਤਕਨਾਲੋਜੀਆਂ ਉਦਯੋਗ, ਕਾਰੋਬਾਰ ਅਤੇ ਆਮ ਜੀਵਨ ਨੂੰ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਪ੍ਰਭਾਵਿਤ ਕਰਨਗੀਆਂ।
ਚਾਰ ਨਵੇਂ ਫੋਕਸ ਖੇਤਰ ਕੀਤੇ ਗਏ ਸ਼ਾਮਲ
ਇਸ ਸਾਲ India Mobile Congress ਨੇ ਆਪਣੇ ਦਾਇਰੇ ਨੂੰ ਹੋਰ ਵਿਸਤ੍ਰਿਤ ਕਰਦਿਆਂ ਚਾਰ ਨਵੇਂ ਫੋਕਸ ਖੇਤਰ ਸ਼ਾਮਲ ਕੀਤੇ ਹਨ। ਇਨ੍ਹਾਂ ਵਿੱਚ Smart Mobility, Stadium Experience, Industrial Robotics ਅਤੇ Transportation Technology ਸ਼ਾਮਲ ਹਨ।
ਇਨ੍ਹਾਂ ਨਵੇਂ ਖੇਤਰਾਂ ਰਾਹੀਂ ਇਹ ਦਰਸਾਇਆ ਜਾਵੇਗਾ ਕਿ ਆਧੁਨਿਕ ਤਕਨਾਲੋਜੀ ਆਵਾਜਾਈ, ਉਦਯੋਗਿਕ ਉਤਪਾਦਨ, ਖੇਡਾਂ, ਸਟੇਡੀਅਮਾਂ ਅਤੇ ਸ਼ਹਿਰੀ ਜੀਵਨ ਵਿੱਚ ਕਿਵੇਂ ਵੱਡੇ ਬਦਲਾਅ ਲਿਆ ਰਹੀ ਹੈ। ਖਾਸ ਕਰਕੇ ਰੋਬੋਟਿਕਸ, ਸਮਾਰਟ ਟਰਾਂਸਪੋਰਟ ਅਤੇ ਕਨੈਕਟਿਡ ਸਿਸਟਮ ਭਵਿੱਖ ਦੇ ਡਿਜੀਟਲ ਬੁਨਿਆਦੀ ਢਾਂਚੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।
120 ਤੋਂ ਵੱਧ ਸੈਸ਼ਨ ਅਤੇ 2,000 ਤੋਂ ਵੱਧ ਤਕਨਾਲੋਜੀ ਡੈਮੋ
ਸਰਕਾਰ ਦੇ ਅਨੁਸਾਰ, IMC 2026 ਵਿੱਚ 120 ਤੋਂ ਵੱਧ ਸੈਸ਼ਨ ਕਰਵਾਏ ਜਾਣਗੇ। ਇਸ ਦੇ ਨਾਲ ਹੀ 2,000 ਤੋਂ ਵੱਧ ਤਕਨਾਲੋਜੀ ਡੈਮੋ ਅਤੇ ਵਰਤੋਂ ਦੇ ਉਦਾਹਰਣ ਪੇਸ਼ ਕੀਤੇ ਜਾਣਗੇ।
ਇਨ੍ਹਾਂ ਡੈਮੋ ਰਾਹੀਂ 5G-6G, AI, ਰੋਬੋਟਿਕਸ, ਸੈਮੀਕੰਡਕਟਰ, ਸਾਈਬਰ ਸੁਰੱਖਿਆ ਅਤੇ ਹੋਰ ਉੱਭਰ ਰਹੀਆਂ ਤਕਨਾਲੋਜੀਆਂ ਦੀਆਂ ਅਸਲ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਦਾ ਉਦੇਸ਼ ਭਾਰਤ ਅਤੇ ਦੁਨੀਆ ਦੇ ਡਿਜੀਟਲ ਈਕੋਸਿਸਟਮ ਦੇ ਭਵਿੱਖ ਨੂੰ ਪ੍ਰਭਾਵਿਤ ਕਰਨ ਵਾਲੀਆਂ ਨਵੀਆਂ ਤਕਨਾਲੋਜੀਆਂ ਅਤੇ ਰੁਝਾਨਾਂ ਨੂੰ ਇੱਕ ਮੰਚ ’ਤੇ ਲਿਆਉਣਾ ਹੈ।
ਗਲੋਬਲ ਟੈਕਨਾਲੋਜੀ ਆਗੂਆਂ ਦਾ ਹੋਵੇਗਾ ਇਕੱਠ
India Mobile Congress 2026 ਵਿੱਚ ਦੁਨੀਆ ਦੀਆਂ ਪ੍ਰਮੁੱਖ ਟੈਕਨਾਲੋਜੀ ਕੰਪਨੀਆਂ ਦੇ ਆਗੂਆਂ ਤੋਂ ਇਲਾਵਾ ਨੀਤੀ ਨਿਰਮਾਤਾ, ਉਦਯੋਗ ਮਾਹਰ, ਸਟਾਰਟਅੱਪਸ, ਨਿਵੇਸ਼ਕ ਅਤੇ ਇਨੋਵੇਟਰ ਹਿੱਸਾ ਲੈਣਗੇ। ਸਮਾਗਮ ਦੌਰਾਨ ਡਿਜੀਟਲ ਖੇਤਰ ਵਿੱਚ ਉੱਭਰ ਰਹੇ ਨਵੇਂ ਮੌਕਿਆਂ ਅਤੇ ਭਵਿੱਖ ਦੀ ਕਨੈਕਟੀਵਿਟੀ ਨਾਲ ਜੁੜੇ ਮੁੱਦਿਆਂ ’ਤੇ ਵਿਸਤ੍ਰਿਤ ਵਿਚਾਰ-ਵਟਾਂਦਰਾ ਹੋਵੇਗਾ।
ਇਸ ਤੋਂ ਇਲਾਵਾ AI, ਸਾਈਬਰ ਸੁਰੱਖਿਆ, ਡਿਜੀਟਲ ਬੁਨਿਆਦੀ ਢਾਂਚਾ, ਸੈਮੀਕੰਡਕਟਰ ਅਤੇ ਅਗਲੀ ਪੀੜ੍ਹੀ ਦੇ ਟੈਲੀਕਾਮ ਨੈੱਟਵਰਕ ਨਾਲ ਸਬੰਧਤ ਮਾਮਲੇ ਵੀ ਚਰਚਾ ਦਾ ਅਹਿਮ ਹਿੱਸਾ ਰਹਿਣਗੇ। IMC 2026 ਨੂੰ ਭਾਰਤ ਦੀਆਂ ਡਿਜੀਟਲ ਸਮਰੱਥਾਵਾਂ, ਨਵੀਨਤਾ ਅਤੇ ਗਲੋਬਲ ਟੈਕਨਾਲੋਜੀ ਖੇਤਰ ਵਿੱਚ ਵਧ ਰਹੀ ਭੂਮਿਕਾ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਮਹੱਤਵਪੂਰਨ ਮੰਚ ਵਜੋਂ ਦੇਖਿਆ ਜਾ ਰਿਹਾ ਹੈ।
