
ਨਵੀਂ ਦਿੱਲੀ, 26 ਫਰਬਰੀ 2026: ਸਿਵਲ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ (DGCA) ਵੱਲੋਂ ਰਿਫੰਡ ਨਿਯਮਾਂ ਵਿੱਚ ਮਹੱਤਵਪੂਰਨ ਸੋਧ ਕੀਤੀ ਗਈ ਹੈ, ਜਿਸ ਨਾਲ ਹਵਾਈ ਯਾਤਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਹੁਣ ਯਾਤਰੀ ਬੁਕਿੰਗ ਤੋਂ 48 ਘੰਟਿਆਂ ਦੇ ਅੰਦਰ ਆਪਣੀ ਟਿਕਟ ਬਿਨਾਂ ਕਿਸੇ ਵਾਧੂ ਫੀਸ ਦੇ ਰੱਦ ਜਾਂ ਤਬਦੀਲ ਕਰ ਸਕਦੇ ਹਨ, ਪਰ ਇਸ ਲਈ ਕੁਝ ਨਿਰਧਾਰਤ ਸ਼ਰਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ।
ਸੋਧੇ ਗਏ ਸਿਵਲ ਹਵਾਬਾਜ਼ੀ ਨਿਯਮਾਂ ਅਨੁਸਾਰ, ਜੇਕਰ ਟਿਕਟ ਸਿੱਧੇ ਏਅਰਲਾਈਨ ਦੀ ਵੈੱਬਸਾਈਟ ਤੋਂ ਖਰੀਦੀ ਗਈ ਹੋਵੇ ਅਤੇ ਨਾਮ ਵਿੱਚ ਗਲਤੀ ਦੀ ਜਾਣਕਾਰੀ ਬੁਕਿੰਗ ਤੋਂ 24 ਘੰਟਿਆਂ ਦੇ ਅੰਦਰ ਦੇ ਦਿੱਤੀ ਜਾਵੇ, ਤਾਂ ਏਅਰਲਾਈਨ 24 ਘੰਟਿਆਂ ਦੇ ਅੰਦਰ ਨਾਮ ਸੋਧਣ ਲਈ ਕੋਈ ਵਾਧੂ ਚਾਰਜ ਨਹੀਂ ਲਵੇਗੀ।
DGCA ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਟ੍ਰੈਵਲ ਏਜੰਟਾਂ ਜਾਂ ਆਨਲਾਈਨ ਪੋਰਟਲਾਂ ਰਾਹੀਂ ਖਰੀਦੀਆਂ ਗਈਆਂ ਟਿਕਟਾਂ ਦੇ ਰਿਫੰਡ ਲਈ ਵੀ ਆਖਰੀ ਜ਼ਿੰਮੇਵਾਰੀ ਏਅਰਲਾਈਨ ਦੀ ਹੀ ਹੋਵੇਗੀ, ਕਿਉਂਕਿ ਏਜੰਟ ਉਨ੍ਹਾਂ ਦੇ ਅਧਿਕ੍ਰਿਤ ਪ੍ਰਤੀਨਿਧੀ ਹੁੰਦੇ ਹਨ। ਏਅਰਲਾਈਨਾਂ ਨੂੰ ਯਕੀਨੀ ਬਣਾਉਣਾ ਹੋਵੇਗਾ ਕਿ ਰਿਫੰਡ ਦੀ ਪ੍ਰਕਿਰਿਆ 14 ਕੰਮਕਾਜੀ ਦਿਨਾਂ ਦੇ ਅੰਦਰ ਪੂਰੀ ਕੀਤੀ ਜਾਵੇ।
24 ਫਰਵਰੀ ਨੂੰ ਜਾਰੀ ਸੋਧੇ ਗਏ CAR ਵਿੱਚ ਡਾਕਟਰੀ ਐਮਰਜੈਂਸੀ ਦੇ ਮਾਮਲਿਆਂ ਵਿੱਚ ਟਿਕਟ ਰੱਦ ਕਰਨ ਸੰਬੰਧੀ ਨਿਯਮਾਂ ਵਿੱਚ ਵੀ ਤਬਦੀਲੀ ਕੀਤੀ ਗਈ ਹੈ। ਇਹ ਕਦਮ ਯਾਤਰੀਆਂ ਵੱਲੋਂ ਰਿਫੰਡ ਵਿੱਚ ਹੋ ਰਹੀ ਦੇਰੀ ਸਬੰਧੀ ਵਧ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ।
ਦਸੰਬਰ 2025 ਵਿੱਚ ਇੰਡੀਗੋ ਦੀ ਉਡਾਣਾਂ ਵਿੱਚ ਆਈ ਰੁਕਾਵਟ ਦੌਰਾਨ ਵੀ ਇਹ ਮੁੱਦਾ ਉਭਰ ਕੇ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਏਅਰਲਾਈਨ ਨੂੰ ਨਿਰਧਾਰਤ ਸਮੇਂ ਅੰਦਰ ਬਕਾਇਆ ਰਿਫੰਡ ਜਾਰੀ ਕਰਨ ਦੇ ਹੁਕਮ ਦਿੱਤੇ ਸਨ। ਨਵੇਂ ਨਿਯਮਾਂ ਦਾ ਮਕਸਦ ਰਿਫੰਡ ਪ੍ਰਕਿਰਿਆ ਨੂੰ ਆਸਾਨ ਬਣਾਉਣਾ ਅਤੇ ਏਅਰਲਾਈਨਾਂ ਦੀ ਜਵਾਬਦੇਹੀ ਨੂੰ ਮਜ਼ਬੂਤ ਕਰਨਾ ਹੈ।
