
ਚੰਡੀਗੜ੍ਹ, 26 ਫ਼ਰਵਰੀ 2026: ਬੀਜ ਪ੍ਰਮਾਣੀਕਰਣ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਅਤੇ ਤੇਜ਼ ਬਣਾਉਣ ਵਾਸਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਫੀਲਡ ਸਟਾਫ ਨੂੰ ਟੈਬਲੇਟ ਮੁਹੱਈਆ ਕਰਵਾਉਣ ਦਾ ਮਹੱਤਵਪੂਰਨ ਫ਼ੈਸਲਾ ਕੀਤਾ ਹੈ, ਤਾਂ ਜੋ ਸਾਥੀ ਪੋਰਟਲ ਸਬੰਧੀ ਸਾਰਾ ਕੰਮ ਪੂਰੀ ਤਰ੍ਹਾਂ ਆਨਲਾਈਨ ਕੀਤਾ ਜਾ ਸਕੇ।
ਵਿਭਾਗ ਵਿੱਚ ਸੰਪੂਰਨ ਡਿਜੀਟਲ ਪ੍ਰਣਾਲੀ ਲਾਗੂ ਕਰਨ ਵੱਲ ਇਸ ਕਦਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਬੀਜ ਪ੍ਰਮਾਣੀਕਰਣ ਅਧਿਕਾਰੀਆਂ ਅਤੇ ਸਹਾਇਕਾਂ ਨੂੰ 40 ਟੈਬਲੇਟ ਵੰਡੇ।ਮੰਤਰੀ ਨੇ ਕਿਹਾ ਕਿ ਫੀਲਡ ਅਧਿਕਾਰੀਆਂ ਨੂੰ ਟੈਬਲੇਟ ਦੇਣ ਨਾਲ ਕਾਗਜ਼ੀ ਕਾਰਵਾਈ ਘੱਟੇਗੀ, ਜਵਾਬਦੇਹੀ ਵਧੇਗੀ ਅਤੇ ਨਿਰੀਖਣ ਦੌਰਾਨ ਖੇਤਾਂ ਤੋਂ ਸਿੱਧਾ ਡਿਜੀਟਲ ਡਾਟਾ ਇਕੱਠਾ ਕਰਨਾ ਆਸਾਨ ਹੋਵੇਗਾ।
ਉਨ੍ਹਾਂ ਦੱਸਿਆ ਕਿ ਜੀ.ਪੀ.ਐਸ. ਤਕਨਾਲੋਜੀ ਰਾਹੀਂ ਖੇਤ ਦੀ ਸਹੀ ਭੂਗੋਲਿਕ ਸਥਿਤੀ ਦਰਜ ਕੀਤੀ ਜਾ ਸਕੇਗੀ ਅਤੇ ਮੌਕੇ ’ਤੇ ਤੁਰੰਤ ਤਸਵੀਰਾਂ ਅਪਲੋਡ ਕਰਕੇ ਫ਼ਸਲ ਦੀ ਅਸਲ ਹਾਲਤ ਨੂੰ ਅਧਿਕਾਰਤ ਰਿਪੋਰਟ ਵਿੱਚ ਸ਼ਾਮਲ ਕੀਤਾ ਜਾਵੇਗਾ। ਡਿਜੀਟਲ ਪ੍ਰਣਾਲੀ ਨਾਲ ਹੱਥੀਂ ਲਿਖਤ ਦੌਰਾਨ ਹੋਣ ਵਾਲੀਆਂ ਗਲਤੀਆਂ ਘੱਟਣਗੀਆਂ ਅਤੇ ਤੁਰੰਤ ਰਿਪੋਰਟ ਤਿਆਰ ਕਰਕੇ ਕਿਸਾਨਾਂ ਜਾਂ ਉੱਚ ਅਧਿਕਾਰੀਆਂ ਨਾਲ ਸਾਂਝੀ ਕੀਤੀ ਜਾ ਸਕੇਗੀ।
ਸ. ਖੁੱਡੀਆਂ ਨੇ ਕਿਹਾ ਕਿ ਪ੍ਰਕਿਰਿਆ ਨੂੰ ਹੋਰ ਸੁਚੱਜਾ ਅਤੇ ਸੁਰੱਖਿਅਤ ਬਣਾਉਣ ਲਈ ਕਿਸਾਨਾਂ ਦੇ ਡਿਜੀਟਲ ਦਸਤਖ਼ਤ ਟੈਬਲੇਟ ਦੀ ਸਕ੍ਰੀਨ ’ਤੇ ਹੀ ਲਏ ਜਾਣਗੇ। ਜੀ.ਪੀ.ਐਸ. ਅਧਾਰਿਤ ਫੀਲਡ ਮੈਪਿੰਗ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਨਿਰੀਖਣ ਸਹੀ ਬੀਜ ਖੇਤ ਨਾਲ ਸੰਬੰਧਿਤ ਹੈ। ਇਸ ਤੋਂ ਇਲਾਵਾ ਫ਼ਸਲ ਦੀ ਕਿਸਮ, ਆਈਸੋਲੇਸ਼ਨ ਦੂਰੀ, ਬਿਮਾਰੀਆਂ ਅਤੇ ਆਫ-ਟਾਈਪ ਬੂਟਿਆਂ ਦੀ ਗਿਣਤੀ ਵਰਗੇ ਵੇਰਵੇ ਵੀ ਡਿਜੀਟਲ ਤੌਰ ’ਤੇ ਦਰਜ ਕੀਤੇ ਜਾਣਗੇ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਡਿਜੀਟਲ ਪਹਿਲ ਨਾ ਸਿਰਫ਼ ਬੀਜ ਪ੍ਰਮਾਣੀਕਰਣ ਵਿੱਚ ਪਾਰਦਰਸ਼ਤਾ ਲਿਆਵੇਗੀ, ਸਗੋਂ ਕਿਸਾਨਾਂ ਨੂੰ ਸਮੇਂ-ਸਿਰ ਉੱਚ ਗੁਣਵੱਤਾ ਵਾਲਾ ਪ੍ਰਮਾਣਿਤ ਬੀਜ ਪ੍ਰਦਾਨ ਕਰਨ ਵਿੱਚ ਵੀ ਮਦਦਗਾਰ ਸਾਬਤ ਹੋਵੇਗੀ।
ਇਸ ਮੌਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਕੱਤਰ ਸ੍ਰੀ ਅਰਸ਼ਦੀਪ ਸਿੰਘ ਥਿੰਦ, ਡਾਇਰੈਕਟਰ ਸ੍ਰੀ ਗੁਰਜੀਤ ਸਿੰਘ ਬਰਾੜ, ਡਾਇਰੈਕਟਰ ਪੀ.ਐਸ.ਐਸ.ਸੀ.ਏ. ਸ੍ਰੀ ਨਰਿੰਦਰ ਬੈਨੀਪਾਲ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
