
ਹਰਿਆਣਾ, 7 ਅਗਸਤ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਦਾ ਨੈਤਿਕ ਫ਼ਰਜ਼ ਹੈ। ਉਨ੍ਹਾਂ ਸੂਬੇ ਦੇ ਹਰ ਪਰਿਵਾਰ ਨੂੰ ਘੱਟੋ-ਘੱਟ ਇੱਕ ਰੁੱਖ ਲਗਾਉਣ ਅਤੇ ਉਸ ਦੀ ਸੰਭਾਲ ਕਰਨ ਦਾ ਸੰਕਲਪ ਲੈਣ ਦੀ ਅਪੀਲ ਕੀਤੀ।
ਮੁੱਖ ਮੰਤਰੀ ਗੁਰੂਗ੍ਰਾਮ ਦੇ ਮਾਨੇਸਰ ਵਿੱਚ ਆਯੋਜਿਤ 77ਵੇਂ ਸੂਬਾ ਪੱਧਰੀ ਜੰਗਲਾਤ ਉਤਸਵ ਦੇ ਦੂਜੇ ਪੜਾਅ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਹਰਿਆਣਾ ਦੇ ਵਾਤਾਵਰਣ, ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਰਾਓ ਨਰਬੀਰ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ, ਜਦਕਿ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਭੂਪੇਂਦਰ ਯਾਦਵ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਸਮਾਗਮ ਦੌਰਾਨ ਮੁੱਖ ਮੰਤਰੀ ਨੇ ਪ੍ਰਦਰਸ਼ਨੀ ਦਾ ਦੌਰਾ ਕੀਤਾ, ਰੁੱਖ ਲਗਾਇਆ ਅਤੇ ਮੌਜੂਦ ਲੋਕਾਂ ਨੂੰ “ਮਾਂ ਦੇ ਨਾਮ ‘ਤੇ ਇੱਕ ਪੌਦਾ” ਲਗਾਉਣ ਅਤੇ ਹੋਰਨਾਂ ਨੂੰ ਵੀ ਇਸ ਮੁਹਿੰਮ ਨਾਲ ਜੋੜਨ ਦੀ ਸਹੁੰ ਚੁਕਾਈ। ਉਨ੍ਹਾਂ ਜੰਗਲਾਤ ਵਿਭਾਗ ਦੀਆਂ ਪੁਸਤਿਕਾਵਾਂ “ਮਾਂ ਦੇ ਨਾਮ ‘ਤੇ ਇੱਕ ਪੌਦਾ” ਅਤੇ “ਹਰਿਆਣਾ ਜੰਗਲਾਤ ਖ਼ਬਰਾਂ” ਵੀ ਜਾਰੀ ਕੀਤੀਆਂ। ਇਸ ਮੌਕੇ “ਹਰਾ ਹਰਿਆਣਾ” ਵਿਸ਼ੇ ‘ਤੇ ਕਰਵਾਏ ਲੇਖ, ਪੇਂਟਿੰਗ ਅਤੇ ਹੋਰ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਅਰਾਵਲੀ ਪਹਾੜੀ ਲੜੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਅਰਾਵਲੀ ਬੋਲ ਸਕਦੀ, ਤਾਂ ਉਹ ਮਨੁੱਖਤਾ ਤੋਂ ਪੁੱਛਦੀ ਕਿ ਸਾਫ਼ ਹਵਾ, ਪਾਣੀ ਦੀ ਸੰਭਾਲ ਅਤੇ ਜੈਵ ਵਿਭਿੰਨਤਾ ਦੇ ਬਦਲੇ ਅਸੀਂ ਕੁਦਰਤ ਨੂੰ ਕੀ ਵਾਪਸ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਵਣ ਮਹੋਤਸਵ ਇਸ ਸਵਾਲ ਦਾ ਜਵਾਬ ਦੇਣ ਦਾ ਮੌਕਾ ਹੈ। ਇਹ ਕੇਵਲ ਪੌਦੇ ਲਗਾਉਣ ਦਾ ਪ੍ਰੋਗਰਾਮ ਨਹੀਂ, ਸਗੋਂ ਕੁਦਰਤ ਪ੍ਰਤੀ ਆਪਣਾ ਫ਼ਰਜ਼ ਨਿਭਾਉਣ ਅਤੇ ਵਾਤਾਵਰਣ ਸੁਰੱਖਿਆ ਨੂੰ ਜਨ ਅੰਦੋਲਨ ਬਣਾਉਣ ਦੀ ਪਹਿਲ ਹੈ।
ਉਨ੍ਹਾਂ ਦੱਸਿਆ ਕਿ ਵਣ ਮਹੋਤਸਵ ਦਾ ਪਹਿਲਾ ਪੜਾਅ 30 ਜੁਲਾਈ ਨੂੰ ਕਰਨਾਲ ਵਿੱਚ ਹੋਇਆ ਸੀ, ਜਦਕਿ ਦੂਜੇ ਪੜਾਅ ਦੀ ਸ਼ੁਰੂਆਤ ਹੁਣ ਮਾਨੇਸਰ ਤੋਂ ਕੀਤੀ ਗਈ ਹੈ। ਉਨ੍ਹਾਂ ਐਲਾਨ ਕੀਤਾ ਕਿ ਇਸ ਸਾਲ ਹਰਿਆਣਾ ਦੇ ਸਾਰੇ 90 ਵਿਧਾਨ ਸਭਾ ਹਲਕਿਆਂ ਵਿੱਚ ਵਣ ਮਹੋਤਸਵ ਮਨਾਇਆ ਜਾਵੇਗਾ, ਤਾਂ ਜੋ ਵੱਧ ਤੋਂ ਵੱਧ ਲੋਕ ਇਸ ਮੁਹਿੰਮ ਦਾ ਹਿੱਸਾ ਬਣ ਸਕਣ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ 75 ਨਮੋ ਪਾਰਕ ਵਿਕਸਤ ਕੀਤੇ ਜਾ ਚੁੱਕੇ ਹਨ। ਇਸ ਦੇ ਨਾਲ ਹਰ ਜ਼ਿਲ੍ਹਾ ਮੁੱਖ ਦਫ਼ਤਰ ‘ਤੇ 5 ਤੋਂ 100 ਏਕੜ ਖੇਤਰ ਵਿੱਚ ਆਕਸੀ-ਫੋਰੈਸਟ ਤਿਆਰ ਕੀਤੇ ਜਾ ਰਹੇ ਹਨ, ਜਿੱਥੇ ਪੈਦਲ ਰਸਤੇ, ਸਾਈਕਲ ਟਰੈਕ ਅਤੇ ਹੋਰ ਆਧੁਨਿਕ ਸਹੂਲਤਾਂ ਉਪਲਬਧ ਹੋਣਗੀਆਂ।
ਕਰਨਾਲ ਵਿੱਚ ਆਕਸੀ-ਫੋਰੈਸਟ ਦਾ ਕੰਮ ਪੂਰਾ ਹੋ ਚੁੱਕਾ ਹੈ, ਜਦਕਿ ਪੰਚਕੂਲਾ ਵਿੱਚ ਕੰਮ ਜਾਰੀ ਹੈ। ਸੋਨੀਪਤ ਦੇ ਮੂਰਥਲ ਅਤੇ ਯਮੁਨਾਨਗਰ ਦੇ ਸਢੌਰਾ ਵਿੱਚ ਸ਼ਹਿਰੀ ਜੰਗਲ ਵਿਕਸਤ ਕੀਤੇ ਗਏ ਹਨ। ਇਸ ਤੋਂ ਇਲਾਵਾ ਹਰ ਪਿੰਡ ਵਿੱਚ “ਪੰਚਵਟੀ” ਮੁਹਿੰਮ ਤਹਿਤ ਰੁੱਖ ਲਗਾਏ ਜਾ ਰਹੇ ਹਨ ਅਤੇ ਕੁਰੂਕਸ਼ੇਤਰ ਦੇ 48 ਕੋਸ ਖੇਤਰ ਦੇ 134 ਤੀਰਥ ਸਥਾਨਾਂ ‘ਤੇ ਪੰਚਵਟੀ ਬਾਗਾਂ ਦੀ ਸਥਾਪਨਾ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿੱਚ ਕੁਦਰਤ ਨੂੰ ਹਮੇਸ਼ਾ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ। ਭਗਵਾਨ ਕ੍ਰਿਸ਼ਨ ਨੇ ਗੀਤਾ ਵਿੱਚ ਆਪਣੇ ਆਪ ਨੂੰ ਰੁੱਖਾਂ ਵਿੱਚ ਪਿੱਪਲ ਨਾਲ ਜੋੜਿਆ ਹੈ, ਜਦਕਿ ਰਿਸ਼ੀ-ਮੁਨੀਆਂ ਨੇ ਧਰਤੀ ਨੂੰ ਮਾਂ ਅਤੇ ਮਨੁੱਖ ਨੂੰ ਉਸ ਦਾ ਪੁੱਤਰ ਦੱਸਿਆ ਹੈ। ਮਤਸਯ ਪੁਰਾਣ ਵਿੱਚ ਇੱਕ ਰੁੱਖ ਦੀ ਤੁਲਨਾ ਦਸ ਪੁੱਤਰਾਂ ਦੇ ਬਰਾਬਰ ਕੀਤੀ ਗਈ ਹੈ। ਇਸ ਲਈ ਕੁਦਰਤ ਦੀ ਰੱਖਿਆ ਸਾਡੀ ਸੱਭਿਆਚਾਰਕ ਪਰੰਪਰਾ ਦਾ ਅਟੁੱਟ ਹਿੱਸਾ ਹੈ।
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ “ਮਾਂ ਦੇ ਨਾਮ ‘ਤੇ ਇੱਕ ਪੌਦਾ” ਮੁਹਿੰਮ ਕੇਵਲ ਰੁੱਖ ਲਗਾਉਣ ਦੀ ਯੋਜਨਾ ਨਹੀਂ, ਸਗੋਂ ਮਾਂ ਅਤੇ ਕੁਦਰਤ ਨਾਲ ਜੁੜੀ ਭਾਵਨਾਤਮਕ ਪਹਿਲ ਹੈ। ਉਨ੍ਹਾਂ ਦੱਸਿਆ ਕਿ ਵਿੱਤੀ ਸਾਲ 2026-27 ਦੌਰਾਨ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਸਰਕਾਰ ਦਾ ਉਦੇਸ਼ ਸਿਰਫ਼ ਪੌਦੇ ਲਗਾਉਣਾ ਨਹੀਂ, ਸਗੋਂ ਉਨ੍ਹਾਂ ਦੀ ਸੰਭਾਲ ਕਰਕੇ ਉਨ੍ਹਾਂ ਨੂੰ ਪੂਰਨ ਰੁੱਖ ਬਣਾਉਣਾ ਵੀ ਹੈ।
ਉਨ੍ਹਾਂ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਾਂ ਦੇ ਨਾਮ ‘ਤੇ ਇੱਕ ਪੌਦਾ ਲਗਾਉਣ ਅਤੇ ਉਸ ਦੀ ਸੰਭਾਲ ਪਰਿਵਾਰਕ ਮੈਂਬਰ ਵਾਂਗ ਕਰਨ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿੱਚ ਸਰਕਾਰੀ ਵਿਭਾਗਾਂ, ਵਿਦਿਅਕ ਸੰਸਥਾਵਾਂ, ਯੂਨੀਵਰਸਿਟੀਆਂ, ਪੰਚਾਇਤਾਂ, ਨਗਰ ਨਿਗਮਾਂ, ਧਾਰਮਿਕ ਤੇ ਸਮਾਜਿਕ ਸੰਸਥਾਵਾਂ, ਉਦਯੋਗਿਕ ਇਕਾਈਆਂ ਅਤੇ ਸਵੈ-ਸੇਵੀ ਸੰਗਠਨਾਂ ਦੀ ਸਰਗਰਮ ਭਾਗੀਦਾਰੀ ਯਕੀਨੀ ਬਣਾਈ ਜਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਸਰਕਾਰ ਔਸ਼ਧੀ ਪੌਦਿਆਂ ਦੀ ਸੰਭਾਲ ਅਤੇ ਉਨ੍ਹਾਂ ਦੇ ਪ੍ਰਚਾਰ ਲਈ ਲਗਾਤਾਰ ਯਤਨ ਕਰ ਰਹੀ ਹੈ।
