
ਦਿੱਲੀ, 15 ਸਤੰਬਰ 2026: ਕੇਂਦਰ ਸਰਕਾਰ ਨੇ ਦਿੱਲੀ ਹਵਾਈ ਅੱਡੇ ’ਤੇ ਇਮੀਗ੍ਰੇਸ਼ਨ ਪ੍ਰਕਿਰਿਆ ਵਿੱਚ ਹੋਈ ਗੰਭੀਰ ਲਾਪਰਵਾਹੀ ਦੇ ਮਾਮਲੇ ਵਿੱਚ ਏਅਰ ਇੰਡੀਆ ਦੇ CEO ਟੇਵੋਲਡੇ ਗੇਬ੍ਰੇਮੇਰੀਅਮ ਨੂੰ ਤਲਬ ਕਰਕੇ ਜਵਾਬ ਮੰਗਿਆ ਹੈ। ਇਹ ਮਾਮਲਾ ਤਿੰਨ ਇਤਾਲਵੀ ਯਾਤਰੀਆਂ ਨਾਲ ਜੁੜਿਆ ਹੋਇਆ ਹੈ, ਜੋ ਕਥਿਤ ਤੌਰ ’ਤੇ ਲਾਜ਼ਮੀ ਇਮੀਗ੍ਰੇਸ਼ਨ ਜਾਂਚ ਪੂਰੀ ਕੀਤੇ ਬਿਨਾਂ ਅੰਤਰਰਾਸ਼ਟਰੀ ਉਡਾਣ ਵਿੱਚ ਸਵਾਰ ਹੋ ਗਏ।
ਜਾਣਕਾਰੀ ਮੁਤਾਬਕ, ਤਿੰਨੇ ਇਤਾਲਵੀ ਯਾਤਰੀ 4 ਸਤੰਬਰ ਨੂੰ ਅੰਮ੍ਰਿਤਸਰ ਤੋਂ ਦਿੱਲੀ ਪਹੁੰਚੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਤੋਂ ਮਿਊਨਿਖ ਜਾਣ ਵਾਲੀ ਲੁਫਥਾਂਸਾ ਦੀ ਉਡਾਣ ਫੜੀ। ਨਿਯਮਾਂ ਅਨੁਸਾਰ ਉਨ੍ਹਾਂ ਨੂੰ ਅੱਗੇ ਦੀ ਯਾਤਰਾ ਤੋਂ ਪਹਿਲਾਂ ਲੋੜੀਂਦੀ ਇਮੀਗ੍ਰੇਸ਼ਨ ਪ੍ਰਕਿਰਿਆ ਪੂਰੀ ਕਰਨੀ ਸੀ, ਪਰ ਉਹ ਕਥਿਤ ਤੌਰ ’ਤੇ ਇਮੀਗ੍ਰੇਸ਼ਨ ਚੌਕੀ ’ਤੇ ਗਏ ਬਿਨਾਂ ਹੀ ਅੰਤਰਰਾਸ਼ਟਰੀ ਟਰਮੀਨਲ ਵੱਲ ਚਲੇ ਗਏ ਅਤੇ ਉਡਾਣ ਵਿੱਚ ਸਵਾਰ ਹੋ ਗਏ।
ਸਿਵਲ ਏਵੀਏਸ਼ਨ ਮੰਤਰਾਲੇ ਨੇ ਜਾਰੀ ਕੀਤਾ ਕਾਰਨ ਦੱਸੋ ਨੋਟਿਸ
ਸਿਵਲ ਏਵੀਏਸ਼ਨ ਮੰਤਰਾਲੇ (MoCA) ਨੇ ਇਸ ਘਟਨਾ ਨੂੰ ਗੰਭੀਰ ਸੁਰੱਖਿਆ ਅਤੇ ਇਮੀਗ੍ਰੇਸ਼ਨ ਉਲੰਘਣਾ ਵਜੋਂ ਲੈਂਦਿਆਂ ਏਅਰ ਇੰਡੀਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਮੰਤਰਾਲੇ ਨੇ ਏਅਰਲਾਈਨ ਤੋਂ ਸਪੱਸ਼ਟੀਕਰਨ ਮੰਗਿਆ ਹੈ ਕਿ ਤਿੰਨ ਵਿਦੇਸ਼ੀ ਨਾਗਰਿਕ ਲਾਜ਼ਮੀ ਇਮੀਗ੍ਰੇਸ਼ਨ ਜਾਂਚ ਪੂਰੀ ਕੀਤੇ ਬਿਨਾਂ ਹਵਾਈ ਅੱਡੇ ਦੀ ਪ੍ਰਕਿਰਿਆ ਤੋਂ ਕਿਵੇਂ ਅੱਗੇ ਨਿਕਲ ਗਏ।
ਏਅਰਲਾਈਨ ਨੂੰ ਘਟਨਾ ਨਾਲ ਜੁੜੇ ਪੂਰੇ ਹਾਲਾਤਾਂ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਇਹ ਵੀ ਦੱਸਣ ਲਈ ਕਿਹਾ ਗਿਆ ਹੈ ਕਿ ਇਸ ਮਾਮਲੇ ਵਿੱਚ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ ਅਤੇ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ, ਇਸ ਲਈ ਕੀ ਕਦਮ ਚੁੱਕੇ ਜਾਣਗੇ।
ਮੰਤਰਾਲੇ ਦੀ ਜਾਂਚ ਤੋਂ ਬਾਅਦ ਹੋ ਸਕਦੀ ਹੈ ਅਗਲੀ ਕਾਰਵਾਈ
ਹੁਣ ਏਅਰ ਇੰਡੀਆ ਨੂੰ ਮੰਤਰਾਲੇ ਦੇ ਕਾਰਨ ਦੱਸੋ ਨੋਟਿਸ ਦਾ ਜਵਾਬ ਦੇਣਾ ਹੋਵੇਗਾ। ਏਅਰਲਾਈਨ ਵੱਲੋਂ ਜਵਾਬ ਮਿਲਣ ਤੋਂ ਬਾਅਦ ਸਿਵਲ ਏਵੀਏਸ਼ਨ ਮੰਤਰਾਲਾ ਪੂਰੇ ਮਾਮਲੇ ਦੀ ਸਮੀਖਿਆ ਕਰੇਗਾ। ਜਾਂਚ ਦੇ ਨਤੀਜਿਆਂ ਅਤੇ ਜ਼ਿੰਮੇਵਾਰੀ ਤੈਅ ਹੋਣ ਤੋਂ ਬਾਅਦ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ।
ਫਿਲਹਾਲ ਏਅਰ ਇੰਡੀਆ ਵੱਲੋਂ ਇਸ ਘਟਨਾ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
