Saturday, September 12Punjabi People

ਮੌਸਮ ਬਦਲਣ ਨਾਲ ਸਿਹਤ ਮੰਤਰਾਲਾ ਅਲਰਟ, ਸਵਾਈਨ ਫਲੂ ਤੋਂ ਬਚਾਅ ਲਈ ਲੋਕਾਂ ਨੂੰ ਐਡਵਾਈਜ਼ਰੀ ਜਾਰੀ

ਚੰਡੀਗੜ੍ਹ, 19 ਅਗਸਤ 2026:  ਮੌਸਮ ਵਿੱਚ ਹੋ ਰਹੇ ਬਦਲਾਅ ਅਤੇ ਵਾਇਰਲ ਬਿਮਾਰੀਆਂ ਦੇ ਵਧਦੇ ਖ਼ਤਰੇ ਦੇ ਮੱਦੇਨਜ਼ਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਲੋਕਾਂ ਨੂੰ ਸਵਾਈਨ ਫਲੂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਵਿਭਾਗ ਵੱਲੋਂ ਲੋਕਾਂ ਨੂੰ ਇਨਫੈਕਸ਼ਨ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਵਰਤਣ ਅਤੇ ਸਿਹਤ ਸਬੰਧੀ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।

ਬੁਖ਼ਾਰ, ਖੰਘ ਤੇ ਸਾਹ ਲੈਣ ’ਚ ਦਿੱਕਤ ਮੁੱਖ ਲੱਛਣ

ਸਿਹਤ ਵਿਭਾਗ ਅਨੁਸਾਰ ਸਵਾਈਨ ਫਲੂ ਦੇ ਆਮ ਲੱਛਣਾਂ ਵਿੱਚ ਬੁਖ਼ਾਰ, ਖੰਘ, ਗਲੇ ਵਿੱਚ ਖਰਾਸ਼, ਨੱਕ ਵਗਣਾ ਜਾਂ ਨੱਕ ਬੰਦ ਹੋਣਾ, ਸਿਰ ਦਰਦ, ਸਰੀਰ ਅਤੇ ਜੋੜਾਂ ਵਿੱਚ ਦਰਦ ਸ਼ਾਮਲ ਹਨ। ਇਸ ਤੋਂ ਇਲਾਵਾ ਕਮਜ਼ੋਰੀ, ਭੁੱਖ ਘੱਟ ਲੱਗਣਾ, ਜੀਅ ਕੱਚਾ ਹੋਣਾ, ਉਲਟੀਆਂ ਅਤੇ ਦਸਤ ਵਰਗੇ ਲੱਛਣ ਵੀ ਸਾਹਮਣੇ ਆ ਸਕਦੇ ਹਨ।

ਕੁਝ ਮਾਮਲਿਆਂ ਵਿੱਚ ਸਾਹ ਲੈਣ ਵਿੱਚ ਤਕਲੀਫ਼ ਵੀ ਹੋ ਸਕਦੀ ਹੈ। ਇਸ ਲਈ ਲੋਕਾਂ ਨੂੰ ਸਿਹਤ ਵਿੱਚ ਕਿਸੇ ਵੀ ਅਸਧਾਰਨ ਤਬਦੀਲੀ ਨੂੰ ਗੰਭੀਰਤਾ ਨਾਲ ਲੈਣ ਅਤੇ ਲੋੜ ਪੈਣ ’ਤੇ ਡਾਕਟਰੀ ਸਲਾਹ ਲੈਣ ਦੀ ਅਪੀਲ ਕੀਤੀ ਗਈ ਹੈ।

ਲੱਛਣ ਹੋਣ ’ਤੇ ਭੀੜ ਵਾਲੀਆਂ ਥਾਵਾਂ ਤੋਂ ਦੂਰ ਰਹਿਣ ਦੀ ਸਲਾਹ

ਵਿਭਾਗ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਬੁਖ਼ਾਰ, ਖੰਘ, ਛਿੱਕਾਂ ਜਾਂ ਫਲੂ ਵਰਗੇ ਲੱਛਣ ਹਨ, ਉਹ ਜਨਤਕ ਥਾਵਾਂ ’ਤੇ ਜਾਣ ਤੋਂ ਪਰਹੇਜ਼ ਕਰਨ, ਤਾਂ ਜੋ ਇਨਫੈਕਸ਼ਨ ਹੋਰ ਲੋਕਾਂ ਤੱਕ ਫੈਲਣ ਦਾ ਖ਼ਤਰਾ ਘੱਟ ਕੀਤਾ ਜਾ ਸਕੇ।

ਖੰਘਣ ਜਾਂ ਛਿੱਕਣ ਸਮੇਂ ਮੂੰਹ ਅਤੇ ਨੱਕ ਨੂੰ ਰੁਮਾਲ ਜਾਂ ਟਿਸ਼ੂ ਨਾਲ ਢੱਕਣ ਅਤੇ ਸਫਾਈ ਦਾ ਖਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ।

ਹੱਥਾਂ ਦੀ ਸਫਾਈ ਅਤੇ ਸਿਹਤਮੰਦ ਜੀਵਨਸ਼ੈਲੀ ’ਤੇ ਜ਼ੋਰ

ਸਿਹਤ ਵਿਭਾਗ ਦੇ ਬੁਲਾਰੇ ਨੇ ਲੋਕਾਂ ਨੂੰ ਸਾਬਣ ਅਤੇ ਪਾਣੀ ਨਾਲ ਵਾਰ-ਵਾਰ ਹੱਥ ਧੋਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣ, ਪੌਸ਼ਟਿਕ ਖੁਰਾਕ ਲੈਣ, ਪੂਰੀ ਨੀਂਦ ਲੈਣ ਅਤੇ ਸਰੀਰ ਨੂੰ ਢੁਕਵਾਂ ਆਰਾਮ ਦੇਣ ਦੀ ਸਲਾਹ ਦਿੱਤੀ ਗਈ ਹੈ।

ਐਡਵਾਈਜ਼ਰੀ ਵਿੱਚ ਲੋਕਾਂ ਨੂੰ ਹੱਥ ਮਿਲਾਉਣ ਅਤੇ ਬੇਲੋੜੇ ਸਰੀਰਕ ਸੰਪਰਕ ਵਾਲੇ ਸਵਾਗਤ ਤੋਂ ਬਚਣ ਲਈ ਵੀ ਕਿਹਾ ਗਿਆ ਹੈ। ਜਨਤਕ ਥਾਵਾਂ ’ਤੇ ਥੁੱਕਣ ਤੋਂ ਵੀ ਗੁਰੇਜ਼ ਕਰਨ ਦੀ ਅਪੀਲ ਕੀਤੀ ਗਈ ਹੈ।

ਬਿਨਾਂ ਡਾਕਟਰੀ ਸਲਾਹ ਦੇ ਦਵਾਈ ਨਾ ਲੈਣ

ਸਿਹਤ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਫਲੂ ਵਰਗੇ ਲੱਛਣ ਸਾਹਮਣੇ ਆਉਣ ’ਤੇ ਆਪਣੇ ਪੱਧਰ ’ਤੇ ਦਵਾਈਆਂ ਲੈਣ ਤੋਂ ਬਚਣਾ ਚਾਹੀਦਾ ਹੈ। ਲੋਕਾਂ ਨੂੰ ਡਾਕਟਰ ਦੀ ਸਲਾਹ ਅਨੁਸਾਰ ਹੀ ਜਾਂਚ ਅਤੇ ਇਲਾਜ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ।

ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਵਾਈਨ ਫਲੂ ਦੇ ਲੱਛਣਾਂ ਨੂੰ ਹਲਕੇ ਵਿੱਚ ਨਾ ਲੈਣ। ਜੇਕਰ ਲੱਛਣ ਜਾਰੀ ਰਹਿੰਦੇ ਹਨ ਜਾਂ ਹਾਲਤ ਵਿਗੜਦੀ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰੀ ਸਲਾਹ ਲੈ ਕੇ ਲੋੜੀਂਦੀ ਜਾਂਚ ਅਤੇ ਇਲਾਜ ਕਰਵਾਇਆ ਜਾਵੇ

Leave a Reply

Your email address will not be published. Required fields are marked *