
ਹਰਿਆਣਾ, 7 ਜੁਲਾਈ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਉਦੇਸ਼ ਸਿਰਫ਼ ਖਿਡਾਰੀਆਂ ਤੋਂ ਤਮਗੇ ਜਿੱਤਵਾਉਣਾ ਨਹੀਂ, ਸਗੋਂ ਅਜਿਹਾ ਮਜ਼ਬੂਤ ਖੇਡ ਸੱਭਿਆਚਾਰ ਤਿਆਰ ਕਰਨਾ ਹੈ, ਜਿੱਥੇ ਨੌਜਵਾਨਾਂ ਨੂੰ ਖੇਡਾਂ ਵਿੱਚ ਅੱਗੇ ਵਧਣ ਲਈ ਬਿਹਤਰ ਮੌਕੇ, ਸਹੂਲਤਾਂ ਅਤੇ ਉਤਸ਼ਾਹ ਮਿਲ ਸਕੇ।
ਮੁੱਖ ਮੰਤਰੀ ਪੰਚਕੂਲਾ ਦੇ ਸੈਕਟਰ-1 ਸਥਿਤ ਪੀਡਬਲਯੂਡੀ ਰੈਸਟ ਹਾਊਸ ਦੇ ਆਡੀਟੋਰੀਅਮ ਵਿੱਚ ਸੂਬੇ ਦੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਐਥਲੀਟਾਂ ਦੇ ਸਨਮਾਨ ਵਿੱਚ ਕਰਵਾਏ ਗਏ ਨਕਦ ਇਨਾਮ ਵੰਡ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਖੇਡ ਰਾਜ ਮੰਤਰੀ ਗੌਰਵ ਗੌਤਮ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
ਇਸ ਮੌਕੇ ਮੁੱਖ ਮੰਤਰੀ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ 198 ਐਥਲੀਟਾਂ ਨੂੰ ਕੁੱਲ 20.59 ਕਰੋੜ ਰੁਪਏ ਦੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ। ਇਸ ਰਕਮ ਵਿੱਚ ਵਿਸ਼ਵ ਪੱਧਰੀ ਮੁਕਾਬਲਿਆਂ ਵਿੱਚ ਤਮਗੇ ਜਿੱਤਣ ਵਾਲੇ 117 ਖਿਡਾਰੀਆਂ ਲਈ 13.75 ਕਰੋੜ ਰੁਪਏ, 2022 ਪੈਰਾ ਏਸ਼ੀਅਨ ਖੇਡਾਂ ਦੇ ਤਿੰਨ ਖਿਡਾਰੀਆਂ ਲਈ 2.32 ਕਰੋੜ ਰੁਪਏ ਅਤੇ ਰਾਸ਼ਟਰੀ ਪੱਧਰ ਦੇ 78 ਖਿਡਾਰੀਆਂ ਲਈ 4.52 ਕਰੋੜ ਰੁਪਏ ਸ਼ਾਮਲ ਹਨ।
ਮੁੱਖ ਮੰਤਰੀ ਨੇ ਦੱਸਿਆ ਕਿ ਪਿਛਲੇ 12 ਸਾਲਾਂ ਦੌਰਾਨ ਹਰਿਆਣਾ ਦੇ 16,984 ਖਿਡਾਰੀਆਂ ਨੂੰ 709 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾ ਚੁੱਕੇ ਹਨ। ਮੌਜੂਦਾ ਵੰਡ ਤੋਂ ਬਾਅਦ ਇਹ ਰਕਮ ਲਗਭਗ 730 ਕਰੋੜ ਰੁਪਏ ਤੱਕ ਪਹੁੰਚ ਗਈ ਹੈ।
ਖਿਡਾਰੀਆਂ ਨੂੰ ਵਧਾਈ ਦਿੰਦਿਆਂ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਤਮਗਾ ਜਿੱਤਣ ਦਾ ਪਲ ਭਾਵੇਂ ਕੁਝ ਮਿੰਟਾਂ ਦਾ ਹੁੰਦਾ ਹੈ, ਪਰ ਉਸ ਪਲ ਤੱਕ ਪਹੁੰਚਣ ਲਈ ਸਾਲਾਂ ਦੀ ਮਿਹਨਤ, ਅਨੁਸ਼ਾਸਨ ਅਤੇ ਸੰਘਰਸ਼ ਦੀ ਲੋੜ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਨੇ ਅਜਿਹੇ ਮਹਾਨ ਖਿਡਾਰੀ ਪੈਦਾ ਕੀਤੇ ਹਨ, ਜਿਨ੍ਹਾਂ ਨੇ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਦੁਨੀਆ ਵਿੱਚ ਆਪਣੀ ਪਛਾਣ ਬਣਾਈ। ਉਨ੍ਹਾਂ ਨੇ ਮਿਲਖਾ ਸਿੰਘ, ਮੁਰਲੀਕਾਂਤ ਪੇਟਕਰ ਅਤੇ ਮੈਰੀ ਕਾਮ ਵਰਗੇ ਖਿਡਾਰੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਦੀਆਂ ਜੀਵਨ ਕਹਾਣੀਆਂ ਸਿਖਾਉਂਦੀਆਂ ਹਨ ਕਿ ਮਜ਼ਬੂਤ ਇਰਾਦੇ ਅਤੇ ਲਗਾਤਾਰ ਮਿਹਨਤ ਨਾਲ ਹਰ ਚੁਣੌਤੀ ਨੂੰ ਪਾਰ ਕੀਤਾ ਜਾ ਸਕਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਨੇ ਹਮੇਸ਼ਾ ਦੇਸ਼ ਨੂੰ ਉੱਤਮ ਖਿਡਾਰੀ ਦਿੱਤੇ ਹਨ। ਭਾਰਤ ਦੀ ਕੁੱਲ ਆਬਾਦੀ ਵਿੱਚ ਹਰਿਆਣਾ ਦੀ ਹਿੱਸੇਦਾਰੀ ਭਾਵੇਂ ਘੱਟ ਹੈ, ਪਰ ਦੇਸ਼ ਦੇ ਤਮਗਿਆਂ ਵਿੱਚ ਸੂਬੇ ਦਾ ਯੋਗਦਾਨ ਬੇਹੱਦ ਮਹੱਤਵਪੂਰਨ ਹੈ। ਓਲੰਪਿਕ, ਪੈਰਾਲੰਪਿਕ, ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਹਰਿਆਣਾ ਦੇ ਖਿਡਾਰੀਆਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।
ਉਨ੍ਹਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਅਨੁਸਾਰ ਹਰਿਆਣਾ ਦੇ ਖਿਡਾਰੀ 2028, 2032 ਅਤੇ 2036 ਦੀਆਂ ਓਲੰਪਿਕ ਖੇਡਾਂ ਵਿੱਚ ਭਾਰਤ ਲਈ ਵੱਡੀਆਂ ਉਪਲਬਧੀਆਂ ਹਾਸਲ ਕਰਨਗੇ।
ਮੁੱਖ ਮੰਤਰੀ ਨੇ ਆਧੁਨਿਕ ਤਕਨਾਲੋਜੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਮਹੱਤਤਾ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅੱਜ ਏਆਈ ਖਿਡਾਰੀਆਂ ਦੀ ਫਿਟਨੈੱਸ ਦਾ ਵਿਸ਼ਲੇਸ਼ਣ ਕਰਨ, ਸੱਟਾਂ ਤੋਂ ਬਚਾਅ ਲਈ ਅੰਦਾਜ਼ਾ ਲਗਾਉਣ, ਵਿਰੋਧੀਆਂ ਦੀ ਰਣਨੀਤੀ ਸਮਝਣ ਅਤੇ ਟ੍ਰੇਨਿੰਗ ਨੂੰ ਹੋਰ ਵਿਗਿਆਨਕ ਬਣਾਉਣ ਵਿੱਚ ਮਦਦ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਤਕਨਾਲੋਜੀ ਖਿਡਾਰੀ ਦੀ ਗਤੀ, ਦਿਲ ਦੀ ਧੜਕਣ ਅਤੇ ਤਕਨੀਕ ਦਾ ਵਿਸ਼ਲੇਸ਼ਣ ਕਰ ਸਕਦੀ ਹੈ, ਪਰ ਖਿਡਾਰੀ ਦੇ ਜਜ਼ਬੇ, ਦੇਸ਼ ਭਗਤੀ ਅਤੇ ਜਿੱਤ ਦੀ ਭਾਵਨਾ ਨੂੰ ਨਹੀਂ ਮਾਪ ਸਕਦੀ। ਉਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਧੁਨਿਕ ਤਕਨਾਲੋਜੀ ਦਾ ਵੱਧ ਤੋਂ ਵੱਧ ਲਾਭ ਲੈਣ।
ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਕੀਤੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਖੇਡ ਕੋਟੇ ਤਹਿਤ 260 ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਖੇਡ ਗ੍ਰੇਡੇਸ਼ਨ ਨੀਤੀ ਵਿੱਚ ਸੋਧ ਕੀਤੀ ਗਈ ਹੈ ਅਤੇ ਅੰਤਰਰਾਸ਼ਟਰੀ ਪੱਧਰ ਦੇ ਪੁਰਸਕਾਰ ਜੇਤੂ ਖਿਡਾਰੀਆਂ ਲਈ ਮਾਸਿਕ ਮਾਣਭੱਤਾ ਵੀ ਵਧਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 2,000 ਖੇਡ ਨਰਸਰੀਆਂ ਸਥਾਪਤ ਕੀਤੀਆਂ ਗਈਆਂ ਹਨ, ਜਿੱਥੇ 8 ਤੋਂ 19 ਸਾਲ ਦੇ ਖਿਡਾਰੀਆਂ ਨੂੰ 1,500 ਤੋਂ 2,000 ਰੁਪਏ ਤੱਕ ਦੀ ਮਾਸਿਕ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ। 25 ਰਿਹਾਇਸ਼ੀ ਖੇਡ ਅਕੈਡਮੀਆਂ ਵਿੱਚ ਖਿਡਾਰੀਆਂ ਨੂੰ ਖੁਰਾਕ ਲਈ ਪ੍ਰਤੀ ਦਿਨ 500 ਰੁਪਏ ਦੀ ਸਹਾਇਤਾ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਖੇਡ ਬੁਨਿਆਦੀ ਢਾਂਚੇ ‘ਤੇ 1,100 ਕਰੋੜ ਰੁਪਏ ਖਰਚ ਕੀਤੇ ਗਏ ਹਨ, ਜਦਕਿ ਖੇਡ ਵਿਭਾਗ ਦਾ ਬਜਟ 2013-14 ਵਿੱਚ 163 ਕਰੋੜ ਰੁਪਏ ਤੋਂ ਵਧ ਕੇ ਹੁਣ 668 ਕਰੋੜ ਰੁਪਏ ਹੋ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਰ ਚੈਂਪੀਅਨ ਦੀ ਸ਼ੁਰੂਆਤ ਪਿੰਡ ਦੀ ਮਿੱਟੀ ਅਤੇ ਸਕੂਲ ਦੇ ਮੈਦਾਨ ਤੋਂ ਹੁੰਦੀ ਹੈ, ਇਸ ਲਈ ਸਰਕਾਰ ਦਾ ਧਿਆਨ ਜ਼ਮੀਨੀ ਪੱਧਰ ਤੋਂ ਖਿਡਾਰੀਆਂ ਨੂੰ ਤਿਆਰ ਕਰਨ ‘ਤੇ ਹੈ।
