
ਚੰਡੀਗੜ੍ਹ, 2 ਅਗਸਤ 2026: ਹਰਿਆਣਾ ਸਰਕਾਰ ਨੇ ਸੂਬੇ ਵਿੱਚ ਐਮਰਜੈਂਸੀ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ। ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਦੱਸਿਆ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਰਾਜ ਸਰਕਾਰ ਦਾ ਟੀਚਾ ਹਰ ਨਾਗਰਿਕ ਨੂੰ ਸਮੇਂ ਸਿਰ, ਸਸਤੀ ਅਤੇ ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਇਸੇ ਉਦੇਸ਼ ਤਹਿਤ ਮਹਿੰਦਰਗੜ੍ਹ ਜ਼ਿਲ੍ਹੇ ਨੂੰ ਚਾਰ ਨਵੀਆਂ ਐਡਵਾਂਸਡ ਲਾਈਫ ਸਪੋਰਟ (ALS) ਐਂਬੂਲੈਂਸਾਂ ਸੌਂਪੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਨਵੀਆਂ ਐਂਬੂਲੈਂਸਾਂ ਦੇ ਸ਼ਾਮਲ ਹੋਣ ਨਾਲ ਜ਼ਿਲ੍ਹੇ ਵਿੱਚ ਸਰਕਾਰੀ ਐਂਬੂਲੈਂਸਾਂ ਦੀ ਗਿਣਤੀ 26 ਤੋਂ ਵੱਧ ਕੇ 30 ਹੋ ਗਈ ਹੈ। ਇਸ ਨਾਲ ਐਮਰਜੈਂਸੀ ਹਾਲਾਤਾਂ ਵਿੱਚ ਮਰੀਜ਼ਾਂ ਤੱਕ ਸਮੇਂ ਸਿਰ ਪਹੁੰਚਣਾ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਉਣਾ ਹੋਰ ਪ੍ਰਭਾਵਸ਼ਾਲੀ ਹੋਵੇਗਾ।
‘ਸੁਨਹਿਰੀ ਘੰਟਾ’ ਦੌਰਾਨ ਇਲਾਜ ਨਾਲ ਬਚ ਸਕਦੀਆਂ ਹਨ ਕੀਮਤੀ ਜਾਨਾਂ
ਸਿਹਤ ਮੰਤਰੀ ਨੇ ਕਿਹਾ ਕਿ ਸੜਕ ਹਾਦਸਿਆਂ, ਦਿਲ ਦੇ ਦੌਰੇ (Heart Attack), ਦਿਮਾਗੀ ਦੌਰੇ (Stroke), ਗੰਭੀਰ ਸੱਟਾਂ ਅਤੇ ਜਟਿਲ ਜਣੇਪੇ ਵਰਗੇ ਮਾਮਲਿਆਂ ਵਿੱਚ ਪਹਿਲਾ ਇੱਕ ਘੰਟਾ ਸਭ ਤੋਂ ਅਹਿਮ ਹੁੰਦਾ ਹੈ। ਡਾਕਟਰੀ ਭਾਸ਼ਾ ਵਿੱਚ ਇਸਨੂੰ ‘ਗੋਲਡਨ ਆਵਰ’ (Golden Hour) ਕਿਹਾ ਜਾਂਦਾ ਹੈ। ਜੇਕਰ ਇਸ ਸਮੇਂ ਦੌਰਾਨ ਮਰੀਜ਼ ਨੂੰ ਉਚਿਤ ਅਤੇ ਤੁਰੰਤ ਇਲਾਜ ਮਿਲ ਜਾਵੇ ਤਾਂ ਉਸ ਦੀ ਜਾਨ ਬਚਣ ਦੀ ਸੰਭਾਵਨਾ ਕਈ ਗੁਣਾ ਵੱਧ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਨਵੀਆਂ ALS ਐਂਬੂਲੈਂਸਾਂ ਇਸੇ ਮਕਸਦ ਨੂੰ ਧਿਆਨ ਵਿੱਚ ਰੱਖ ਕੇ ਤਾਇਨਾਤ ਕੀਤੀਆਂ ਗਈਆਂ ਹਨ, ਤਾਂ ਜੋ ਮਰੀਜ਼ਾਂ ਨੂੰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਐਮਰਜੈਂਸੀ ਅਤੇ ਜੀਵਨ-ਰੱਖਿਅਕ ਇਲਾਜ ਉਪਲਬਧ ਕਰਵਾਇਆ ਜਾ ਸਕੇ।
ਆਈਸੀਯੂ ਵਰਗੀਆਂ ਸਹੂਲਤਾਂ ਨਾਲ ਲੈਸ ਹਨ ਨਵੀਆਂ ਐਂਬੂਲੈਂਸਾਂ
ਆਰਤੀ ਸਿੰਘ ਰਾਓ ਨੇ ਦੱਸਿਆ ਕਿ ਇਹ ਐਡਵਾਂਸਡ ਲਾਈਫ ਸਪੋਰਟ ਐਂਬੂਲੈਂਸਾਂ ਇੱਕ ਚੱਲਦੇ-ਫਿਰਦੇ ਮਿਨੀ ਆਈਸੀਯੂ ਵਾਂਗ ਕੰਮ ਕਰਨਗੀਆਂ। ਇਨ੍ਹਾਂ ਵਿੱਚ ਵੈਂਟੀਲੇਟਰ, ਡੀਫਿਬ੍ਰਿਲੇਟਰ, ਮਲਟੀ-ਪੈਰਾਮੀਟਰ ਮਾਨੀਟਰ, ਆਕਸੀਜਨ ਸਪੋਰਟ ਸਿਸਟਮ ਅਤੇ ਹੋਰ ਆਧੁਨਿਕ ਜੀਵਨ-ਰੱਖਿਅਕ ਉਪਕਰਣ ਉਪਲਬਧ ਹਨ।
ਉਨ੍ਹਾਂ ਕਿਹਾ ਕਿ ਐਂਬੂਲੈਂਸਾਂ ਵਿੱਚ ਤਾਇਨਾਤ ਸਿਖਲਾਈ ਪ੍ਰਾਪਤ ਪੈਰਾਮੈਡੀਕਲ ਸਟਾਫ਼ ਮਰੀਜ਼ ਦੀ ਦਿਲ ਦੀ ਧੜਕਣ, ਬਲੱਡ ਪ੍ਰੈਸ਼ਰ, ਆਕਸੀਜਨ ਲੈਵਲ ਅਤੇ ਹੋਰ ਜ਼ਰੂਰੀ ਸਿਹਤ ਸੰਕੇਤਾਂ ਦੀ ਲਗਾਤਾਰ ਨਿਗਰਾਨੀ ਕਰੇਗਾ। ਲੋੜ ਪੈਣ ‘ਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਐਮਰਜੈਂਸੀ ਇਲਾਜ ਸ਼ੁਰੂ ਕੀਤਾ ਜਾ ਸਕੇਗਾ।
ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ‘ਤੇ ਸਰਕਾਰ ਦਾ ਫੋਕਸ
ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਸਿਹਤ ਖੇਤਰ ਵਿੱਚ ਲਗਾਤਾਰ ਨਿਵੇਸ਼ ਕਰ ਰਹੀ ਹੈ। ਰਾਜ ਭਰ ਵਿੱਚ ਨਵੇਂ ਹਸਪਤਾਲਾਂ ਦਾ ਨਿਰਮਾਣ, ਮੌਜੂਦਾ ਸਿਹਤ ਸੰਸਥਾਵਾਂ ਦਾ ਆਧੁਨਿਕੀਕਰਨ, ਅਤਿ-ਆਧੁਨਿਕ ਮੈਡੀਕਲ ਉਪਕਰਣਾਂ ਦੀ ਉਪਲਬਧਤਾ, ਮਾਹਿਰ ਡਾਕਟਰਾਂ ਦੀ ਨਿਯੁਕਤੀ ਅਤੇ ਐਂਬੂਲੈਂਸ ਨੈੱਟਵਰਕ ਦਾ ਵਿਸਥਾਰ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਹਰਿਆਣਾ ਦੇ ਕਿਸੇ ਵੀ ਕੋਨੇ ਵਿੱਚ ਰਹਿਣ ਵਾਲਾ ਨਾਗਰਿਕ ਐਮਰਜੈਂਸੀ ਦੀ ਸਥਿਤੀ ਵਿੱਚ ਸਮੇਂ ਸਿਰ ਅਤੇ ਗੁਣਵੱਤਾ ਭਰਪੂਰ ਇਲਾਜ ਤੋਂ ਵਾਂਝਾ ਨਾ ਰਹੇ। ਉਨ੍ਹਾਂ ਭਰੋਸਾ ਦਿੱਤਾ ਕਿ ਸੂਬੇ ਵਿੱਚ ਐਮਰਜੈਂਸੀ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਕਦਮ ਜਾਰੀ ਰਹਿਣਗੇ।
