Saturday, September 12Punjabi People

ਹਰਿਆਣਾ ਨੂੰ ਟੀਬੀ ਮੁਕਤ ਬਣਾਉਣ ਦੀ ਮੁਹਿੰਮ ਹੋਰ ਤੇਜ਼ ਕਰੋ: ਰਾਜਪਾਲ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼

ਚੰਡੀਗੜ੍ਹ, 12 ਅਗਸਤ 2026: ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਸੂਬੇ ਨੂੰ ਟੀਬੀ (ਤਪਦਿਕ) ਮੁਕਤ ਬਣਾਉਣ ਦੇ ਟੀਚੇ ਨੂੰ ਤੇਜ਼ੀ ਨਾਲ ਹਾਸਲ ਕਰਨ ਲਈ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਠੋਸ, ਨਤੀਜਾ-ਮੁਖੀ ਅਤੇ ਸਮੇਂਬੱਧ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ‘ਟੀਬੀ-ਮੁਕਤ ਭਾਰਤ ਮੁਹਿੰਮ’ ਅਤੇ ‘ਨਿਕਸ਼ੈ ਮਿੱਤਰ ਪਹਿਲ’ ਤਹਿਤ ਚੱਲ ਰਹੇ ਕੰਮਾਂ ਦੀ ਸਿਰਫ਼ ਸਮੀਖਿਆ ਹੀ ਨਹੀਂ, ਸਗੋਂ ਉਨ੍ਹਾਂ ਦੇ ਅਸਲ ਨਤੀਜਿਆਂ ਦਾ ਨਿਯਮਤ ਆਡਿਟ ਵੀ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਮੁਹਿੰਮ ਦੀ ਪ੍ਰਭਾਵਸ਼ੀਲਤਾ ਦਾ ਸਹੀ ਮੁਲਾਂਕਣ ਹੋ ਸਕੇ।

ਪ੍ਰੋ. ਘੋਸ਼ ਨੇ ਇਹ ਨਿਰਦੇਸ਼ ਚੰਡੀਗੜ੍ਹ ਸਥਿਤ ਲੋਕ ਭਵਨ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਸੂਬੇ ਦੇ 13 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਹੋਈ ਸਮੀਖਿਆ ਬੈਠਕ ਦੌਰਾਨ ਦਿੱਤੇ। ਬੈਠਕ ਵਿੱਚ ਹਰਿਆਣਾ ਵਿੱਚ ‘ਟੀਬੀ-ਮੁਕਤ ਭਾਰਤ ਮੁਹਿੰਮ’ ਅਤੇ ‘ਨਿਕਸ਼ੈ ਮਿੱਤਰ ਪਹਿਲ’ ਦੀ ਪ੍ਰਗਤੀ, ਜ਼ਿਲ੍ਹਾ ਪੱਧਰ ‘ਤੇ ਕੀਤੇ ਜਾ ਰਹੇ ਉਪਰਾਲਿਆਂ ਅਤੇ ਸਾਹਮਣੇ ਆ ਰਹੀਆਂ ਚੁਣੌਤੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਜਲਦੀ ਜਾਂਚ ਅਤੇ ਸਮੇਂ ਸਿਰ ਇਲਾਜ ‘ਤੇ ਜ਼ੋਰ

ਰਾਜਪਾਲ ਨੇ ਟੀਬੀ ਦੀ ਜਲਦੀ ਪਛਾਣ ਅਤੇ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਮੁਹੱਈਆ ਕਰਵਾਉਣ ਲਈ ਸਕ੍ਰੀਨਿੰਗ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਮਿਊਨਿਟੀ ਪੱਧਰ ‘ਤੇ ਸਕ੍ਰੀਨਿੰਗ ਵਧਾ ਕੇ ਅਜਿਹੇ ਮਰੀਜ਼ਾਂ ਦੀ ਪਛਾਣ ਕੀਤੀ ਜਾਵੇ, ਜਿਨ੍ਹਾਂ ਵਿੱਚ ਬਿਮਾਰੀ ਦੇ ਲੱਛਣ ਮੌਜੂਦ ਹਨ ਪਰ ਉਹ ਸਿਹਤ ਕੇਂਦਰਾਂ ਤੱਕ ਨਹੀਂ ਪਹੁੰਚ ਰਹੇ।

ਉਨ੍ਹਾਂ ਕਿਹਾ ਕਿ ਟੀਬੀ ਖਾਤਮੇ ਦੀ ਮੁਹਿੰਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸਰਕਾਰੀ ਸਿਹਤ ਸੰਸਥਾਵਾਂ ਦੇ ਨਾਲ-ਨਾਲ ਨਿੱਜੀ ਹਸਪਤਾਲਾਂ, ਸਿਹਤ ਕਰਮਚਾਰੀਆਂ, ਸਮਾਜਿਕ ਸੰਸਥਾਵਾਂ ਅਤੇ ਹੋਰ ਸਬੰਧਤ ਧਿਰਾਂ ਦੀ ਸਰਗਰਮ ਭਾਗੀਦਾਰੀ ਵੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ।

ਉੱਚ-ਜੋਖਮ ਵਾਲੇ ਪਿੰਡਾਂ ‘ਤੇ ਵਿਸ਼ੇਸ਼ ਧਿਆਨ

ਪ੍ਰੋ. ਘੋਸ਼ ਨੇ ਡਿਪਟੀ ਕਮਿਸ਼ਨਰਾਂ ਨੂੰ ਉੱਚ-ਜੋਖਮ ਵਾਲੇ ਪਿੰਡਾਂ ਅਤੇ ਉਨ੍ਹਾਂ ਖੇਤਰਾਂ ‘ਤੇ ਖਾਸ ਧਿਆਨ ਦੇਣ ਲਈ ਕਿਹਾ, ਜਿੱਥੇ ਲੋਕਾਂ ਨੂੰ ਟੈਸਟਿੰਗ ਅਤੇ ਇਲਾਜ ਦੀਆਂ ਸਹੂਲਤਾਂ ਆਸਾਨੀ ਨਾਲ ਉਪਲਬਧ ਨਹੀਂ ਹਨ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਦਾ ਲਾਭ ਸਮਾਜ ਦੇ ਕਮਜ਼ੋਰ ਅਤੇ ਲੋੜਵੰਦ ਵਰਗਾਂ ਤੱਕ ਪਹੁੰਚਾਉਣਾ ਪ੍ਰਸ਼ਾਸਨ ਦੀ ਮੁੱਖ ਤਰਜੀਹ ਹੋਣੀ ਚਾਹੀਦੀ ਹੈ।

ਉਨ੍ਹਾਂ ਟੀਬੀ ਮਰੀਜ਼ਾਂ ਲਈ ਸਹੀ ਇਲਾਜ, ਨਿਰੰਤਰ ਨਿਗਰਾਨੀ ਅਤੇ ਲੋੜੀਂਦੀ ਦੇਖਭਾਲ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ‘ਨਿਕਸ਼ੈ ਮਿੱਤਰ ਪਹਿਲ’ ਤਹਿਤ ਲੋੜਵੰਦ ਟੀਬੀ ਮਰੀਜ਼ਾਂ ਨੂੰ ਪੋਸ਼ਣ ਸਹਾਇਤਾ ਕਿੱਟਾਂ ਸਮੇਂ ਸਿਰ ਮੁਹੱਈਆ ਕਰਵਾਉਣ ‘ਤੇ ਵੀ ਜ਼ੋਰ ਦਿੱਤਾ ਗਿਆ।

ਤਕਨਾਲੋਜੀ ਦੀ ਵਰਤੋਂ ਵਧਾਉਣ ਦੇ ਨਿਰਦੇਸ਼

ਰਾਜਪਾਲ ਨੇ ਟੀਬੀ ਖਾਤਮੇ ਦੇ ਪ੍ਰੋਗਰਾਮ ਦੀ ਨਿਗਰਾਨੀ ਅਤੇ ਪ੍ਰਭਾਵਸ਼ਾਲੀ ਲਾਗੂਕਰਨ ਲਈ ਤਕਨਾਲੋਜੀ ਆਧਾਰਿਤ ਸਾਧਨਾਂ ਦੀ ਵਰਤੋਂ ਵਧਾਉਣ ਲਈ ਕਿਹਾ। ਉਨ੍ਹਾਂ ਖਾਸ ਤੌਰ ‘ਤੇ ‘ਟੀਬੀ ਮੁਕਤ ਭਾਰਤ ਐਪ’ ਦੀ ਵਧੇਰੇ ਪ੍ਰਭਾਵਸ਼ਾਲੀ ਵਰਤੋਂ ਕਰਨ ਦੀ ਹਦਾਇਤ ਦਿੱਤੀ।

ਉਨ੍ਹਾਂ ਜ਼ਿਲ੍ਹਾ ਟੀਬੀ ਕੇਂਦਰਾਂ ਨੂੰ ਹੋਰ ਮਜ਼ਬੂਤ ਕਰਨ, ਲੋੜ ਅਨੁਸਾਰ ਉਨ੍ਹਾਂ ਦੇ ਬੁਨਿਆਦੀ ਢਾਂਚੇ ਅਤੇ ਸੇਵਾਵਾਂ ਵਿੱਚ ਸੁਧਾਰ ਕਰਨ ਅਤੇ ਪ੍ਰੋਗਰਾਮ ਦੀ ਨਿਯਮਤ ਨਿਗਰਾਨੀ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ‘ਤੇ ਪ੍ਰਾਪਤ ਹੋ ਰਹੇ ਨਤੀਜਿਆਂ ਦੀ ਲਗਾਤਾਰ ਸਮੀਖਿਆ ਰਾਹੀਂ ਕਮੀਆਂ ਨੂੰ ਸਮੇਂ ਸਿਰ ਦੂਰ ਕੀਤਾ ਜਾ ਸਕਦਾ ਹੈ।

ਤਿੰਨ ਮਹੀਨਿਆਂ ਬਾਅਦ ਮੁੜ ਹੋਵੇਗੀ ਸਮੀਖਿਆ

ਪ੍ਰੋ. ਘੋਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਟੀਬੀ ਦੇ ਖਾਤਮੇ ਦੇ ਟੀਚੇ ਲਈ ਵਚਨਬੱਧ ਹੈ ਅਤੇ ਹਰਿਆਣਾ ਵੀ ਇਸ ਦਿਸ਼ਾ ਵਿੱਚ ਮਹੱਤਵਪੂਰਨ ਪ੍ਰਗਤੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਨੇ ਰਾਸ਼ਟਰੀ ਟੀਬੀ ਖਾਤਮਾ ਪ੍ਰੋਗਰਾਮ ਤਹਿਤ ਕਈ ਮਹੱਤਵਪੂਰਨ ਉਪਰਾਲੇ ਕੀਤੇ ਹਨ ਅਤੇ ਹੁਣ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੋਰ ਤੇਜ਼ੀ ਨਾਲ ਕੰਮ ਕਰਨ ਦੀ ਲੋੜ ਹੈ।

ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ‘ਟੀਬੀ ਮੁਕਤ ਹਰਿਆਣਾ’ ਦੇ ਟੀਚੇ ਨੂੰ ਹਾਸਲ ਕਰਨ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਰਾਜਪਾਲ ਨੇ ਕਿਹਾ ਕਿ ਉਹ ਤਿੰਨ ਮਹੀਨਿਆਂ ਬਾਅਦ ‘ਨਿਕਸ਼ੈ ਮਿੱਤਰ ਪਹਿਲ’ ਤਹਿਤ ਜ਼ਿਲ੍ਹਿਆਂ ਦੇ ਪ੍ਰਦਰਸ਼ਨ ਦੀ ਮੁੜ ਸਮੀਖਿਆ ਕਰਨਗੇ।

ਡੀਸੀ ਅਤੇ ਅਧਿਕਾਰੀਆਂ ਨੂੰ ‘ਨਿਕਸ਼ੈ ਮਿੱਤਰ’ ਬਣਨ ਦੀ ਅਪੀਲ

ਬੈਠਕ ਦੌਰਾਨ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਖੁਦ ‘ਨਿਕਸ਼ੈ ਮਿੱਤਰ’ ਵਜੋਂ ਰਜਿਸਟਰ ਕਰਨ ਅਤੇ ਟੀਬੀ ਤੋਂ ਪ੍ਰਭਾਵਿਤ ਲੋਕਾਂ ਨੂੰ ਪੋਸ਼ਣ ਸਹਾਇਤਾ ਪ੍ਰਦਾਨ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਲਈ ਕਿਹਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੇ ਦਫ਼ਤਰਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਇਸ ਪਹਿਲ ਨਾਲ ਜੋੜਨ ਅਤੇ ਲੋੜਵੰਦ ਟੀਬੀ ਮਰੀਜ਼ਾਂ ਦੀ ਸਹਾਇਤਾ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ ਗਈ।

ਰਾਜਪਾਲ ਨੇ ਕਿਹਾ ਕਿ ਟੀਬੀ ਖਾਤਮਾ ਸਿਰਫ਼ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਰਕਾਰ, ਪ੍ਰਸ਼ਾਸਨ, ਸਿਹਤ ਸੰਸਥਾਵਾਂ ਅਤੇ ਸਮਾਜ ਦੇ ਸਾਂਝੇ ਯਤਨਾਂ ਨਾਲ ਹੀ ਇਸ ਟੀਚੇ ਨੂੰ ਸਫਲਤਾਪੂਰਵਕ ਹਾਸਲ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *