
ਚੰਡੀਗੜ੍ਹ, 29 ਜੁਲਾਈ 2026: ਹਰਿਆਣਾ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ ਫ਼ਸਲਾਂ ਦੀ ਬਿਹਤਰ ਪੈਦਾਵਾਰ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਣ ਲਈ ਟਿਊਬਵੈੱਲ ਦੇ ਪਾਣੀ ਦੀ ਨਿਯਮਤ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਸਿੰਚਾਈ ਲਈ ਵਰਤੇ ਜਾਣ ਵਾਲੇ ਪਾਣੀ ਦੀ ਗੁਣਵੱਤਾ ਦਾ ਫ਼ਸਲਾਂ ਦੀ ਸਿਹਤ, ਉਤਪਾਦਨ ਅਤੇ ਮਿੱਟੀ ਦੀ ਉਪਜਾਊ ਸਮਰੱਥਾ ਨਾਲ ਸਿੱਧਾ ਸਬੰਧ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਸਮੇਂ-ਸਮੇਂ ‘ਤੇ ਆਪਣੇ ਟਿਊਬਵੈੱਲ ਦੇ ਪਾਣੀ ਦੀ ਜਾਂਚ ਕਰਵਾਉਣਗੇ ਤਾਂ ਉਹ ਪਾਣੀ ਦੀ ਗੁਣਵੱਤਾ ਦੇ ਅਨੁਸਾਰ ਸਹੀ ਫ਼ਸਲ ਦੀ ਚੋਣ ਕਰ ਸਕਣਗੇ ਅਤੇ ਖਾਦਾਂ ਤੇ ਹੋਰ ਪੋਸ਼ਕ ਤੱਤਾਂ ਦੀ ਸੰਤੁਲਿਤ ਵਰਤੋਂ ਕਰਕੇ ਉਤਪਾਦਨ ਵਿੱਚ ਵਾਧਾ ਕਰ ਸਕਣਗੇ।
ਖਾਰੇ ਅਤੇ ਲੂਣੇ ਪਾਣੀ ਨਾਲ ਘਟ ਸਕਦੀ ਹੈ ਜ਼ਮੀਨ ਦੀ ਉਪਜਾਊ ਸ਼ਕਤੀ
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਜੇ ਸਿੰਚਾਈ ਵਾਲੇ ਪਾਣੀ ਵਿੱਚ ਖਾਰਾਪਣ ਜਾਂ ਲੂਣ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਇਹ ਮਿੱਟੀ ਦੀ ਗੁਣਵੱਤਾ ਅਤੇ ਫ਼ਸਲਾਂ ਦੀ ਪੈਦਾਵਾਰ ‘ਤੇ ਨਕਾਰਾਤਮਕ ਅਸਰ ਪਾਂਦੀ ਹੈ। ਲੰਬੇ ਸਮੇਂ ਤੱਕ ਅਜਿਹੇ ਪਾਣੀ ਦੀ ਵਰਤੋਂ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਸਕਦੀ ਹੈ ਅਤੇ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ।
ਉਨ੍ਹਾਂ ਕਿਹਾ ਕਿ ਪਾਣੀ ਦੀ ਜਾਂਚ ਰਾਹੀਂ ਕਿਸਾਨ ਪਹਿਲਾਂ ਹੀ ਪਾਣੀ ਦੀ ਗੁਣਵੱਤਾ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਉਸ ਅਨੁਸਾਰ ਸਿੰਚਾਈ, ਖਾਦਾਂ ਦੀ ਵਰਤੋਂ ਅਤੇ ਫ਼ਸਲਾਂ ਦੀ ਯੋਜਨਾ ਤਿਆਰ ਕਰ ਸਕਦੇ ਹਨ।
ਇਸ ਤਰ੍ਹਾਂ ਲਓ ਪਾਣੀ ਦਾ ਸਹੀ ਨਮੂਨਾ
ਸ਼ਿਆਮ ਸਿੰਘ ਰਾਣਾ ਨੇ ਕਿਸਾਨਾਂ ਨੂੰ ਪਾਣੀ ਦਾ ਨਮੂਨਾ ਇਕੱਠਾ ਕਰਨ ਦਾ ਸਹੀ ਤਰੀਕਾ ਵੀ ਸਮਝਾਇਆ। ਉਨ੍ਹਾਂ ਦੱਸਿਆ ਕਿ ਟਿਊਬਵੈੱਲ ਨੂੰ ਘੱਟੋ-ਘੱਟ 30 ਮਿੰਟ ਲਗਾਤਾਰ ਚਲਾਉਣ ਤੋਂ ਬਾਅਦ ਹੀ ਪਾਣੀ ਦਾ ਨਮੂਨਾ ਲਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਅਨੁਸਾਰ:
- ਸਾਫ਼ ਪਲਾਸਟਿਕ ਦੀ ਬੋਤਲ ਵਿੱਚ ਲਗਭਗ 500 ਮਿਲੀਲੀਟਰ ਤੋਂ 1 ਲੀਟਰ ਪਾਣੀ ਭਰਿਆ ਜਾਵੇ।
- ਬੋਤਲ ਉੱਤੇ ਕਿਸਾਨ ਆਪਣਾ ਨਾਮ, MFMB (ਮੇਰੀ ਫ਼ਸਲ-ਮੇਰੀ ਜਾਣਕਾਰੀ) ਆਈਡੀ, ਪਿੰਡ ਦਾ ਨਾਮ, ਕਿਲ੍ਹਾ/ਖਸਰਾ ਨੰਬਰ, ਮੋਬਾਈਲ ਨੰਬਰ ਅਤੇ ਬੋਰਵੈੱਲ ਦੀ ਡੂੰਘਾਈ (ਫੁੱਟਾਂ ਵਿੱਚ) ਸਪੱਸ਼ਟ ਤੌਰ ‘ਤੇ ਦਰਜ ਕਰੇ।
- ਇਸ ਤੋਂ ਬਾਅਦ ਇਹ ਨਮੂਨਾ ਆਪਣੀ ਨਜ਼ਦੀਕੀ ਮਿੱਟੀ ਅਤੇ ਪਾਣੀ ਪਰਖ ਪ੍ਰਯੋਗਸ਼ਾਲਾ ਵਿੱਚ ਜਾਂਚ ਲਈ ਜਮ੍ਹਾਂ ਕਰਵਾਇਆ ਜਾ ਸਕਦਾ ਹੈ।
ਟੈਸਟ ਰਿਪੋਰਟ ਅਨੁਸਾਰ ਕਰੋ ਫ਼ਸਲਾਂ ਦੀ ਚੋਣ
ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਪਾਣੀ ਦੀ ਜਾਂਚ ਰਿਪੋਰਟ ਦੇ ਆਧਾਰ ‘ਤੇ ਹੀ ਫ਼ਸਲਾਂ ਦੀ ਚੋਣ ਅਤੇ ਸਿੰਚਾਈ ਪ੍ਰਬੰਧਨ ਦੀ ਯੋਜਨਾ ਬਣਾਈ ਜਾਵੇ। ਇਸ ਨਾਲ ਨਾ ਸਿਰਫ਼ ਫ਼ਸਲਾਂ ਦੀ ਪੈਦਾਵਾਰ ਵਿੱਚ ਸੁਧਾਰ ਹੋਵੇਗਾ, ਸਗੋਂ ਖਾਦਾਂ ਅਤੇ ਹੋਰ ਖੇਤੀ ਲਾਗਤਾਂ ਵਿੱਚ ਵੀ ਕਮੀ ਆ ਸਕਦੀ ਹੈ।
ਵਧੇਰੇ ਜਾਣਕਾਰੀ ਲਈ ਇਹਨਾਂ ਨਾਲ ਕਰੋ ਸੰਪਰਕ
ਉਨ੍ਹਾਂ ਦੱਸਿਆ ਕਿ ਯੋਜਨਾ, ਪਾਣੀ ਦੀ ਜਾਂਚ ਅਤੇ ਪ੍ਰਯੋਗਸ਼ਾਲਾਵਾਂ ਨਾਲ ਸਬੰਧਤ ਹੋਰ ਜਾਣਕਾਰੀ ਲਈ ਕਿਸਾਨ ਟੋਲ-ਫ੍ਰੀ ਨੰਬਰ 1800-180-2117 ‘ਤੇ ਸੰਪਰਕ ਕਰ ਸਕਦੇ ਹਨ ਜਾਂ ਆਪਣੇ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ, ਖੇਤੀਬਾੜੀ ਵਿਭਾਗ ਦੇ ਦਫ਼ਤਰ ਨਾਲ ਰਾਬਤਾ ਕਰ ਸਕਦੇ ਹਨ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਕਿਸਾਨਾਂ ਨੂੰ ਵਿਗਿਆਨਕ ਖੇਤੀ ਵੱਲ ਪ੍ਰੇਰਿਤ ਕਰਨ ਲਈ ਵਚਨਬੱਧ ਹੈ ਅਤੇ ਪਾਣੀ ਦੀ ਨਿਯਮਤ ਜਾਂਚ ਵਰਗੇ ਛੋਟੇ ਪਰ ਮਹੱਤਵਪੂਰਨ ਕਦਮ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਖੇਤੀ ਨੂੰ ਟਿਕਾਊ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।
