Wednesday, June 10Punjabi People

CM ਨਾਇਬ ਸਿੰਘ ਸੈਣੀ ਨੇ ਨਾਰਨੌਲ ਵਿੱਚ ‘ਨਮੋ ਕਮਲ’ ਪ੍ਰੋਜੈਕਟ ਦਾ ਕੀਤਾ ਉਦਘਾਟਨ

ਨਾਰਨੌਲ/ਹਰਿਆਣਾ, 08 ਜੂਨ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਬਿਜਲੀ ਸਿਰਫ਼ ਸੁਵਿਧਾ ਜਾਂ ਆਨੰਦ ਦਾ ਸਾਧਨ ਨਹੀਂ, ਸਗੋਂ ਲੋਕਾਂ ਦੀ ਸੇਵਾ ਕਰਨ ਦਾ ਇੱਕ ਮਹੱਤਵਪੂਰਨ ਮਾਧਿਅਮ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਸਰਕਾਰ ਨੇ ਦੱਖਣੀ ਹਰਿਆਣਾ ਨਾਲ ਪਿਛਲੀਆਂ ਸਰਕਾਰਾਂ ਵੱਲੋਂ ਕੀਤੇ ਜਾਂਦੇ ਰਹੇ ਵਿਤਕਰੇ ਨੂੰ ਪੂਰੀ ਤਰ੍ਹਾਂ ਖਤਮ ਕਰਦਿਆਂ ਖੇਤਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਵਿਕਾਸ ਕਾਰਜਾਂ ਵਿੱਚ ਖੇਤਰੀ ਅਸਮਾਨਤਾਵਾਂ ਦੂਰ ਕਰਕੇ “ਹਰਿਆਣਾ ਏਕ-ਹਰਿਆਣਵੀ ਏਕ” ਦੀ ਭਾਵਨਾ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਹੈ।

ਸੋਮਵਾਰ ਨੂੰ ਨਾਰਨੌਲ ਵਿਖੇ ਭਾਰਤੀ ਜਨਤਾ ਪਾਰਟੀ ਦੇ ਨਵੇਂ ਜ਼ਿਲ੍ਹਾ ਦਫ਼ਤਰ ਦੇ ਉਦਘਾਟਨ ਮੌਕੇ ਆਯੋਜਿਤ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਦਫ਼ਤਰ ਸਿਰਫ਼ ਇੱਕ ਇਮਾਰਤ ਨਹੀਂ, ਸਗੋਂ ਸੰਗਠਨ ਦੀ ਤਾਕਤ, ਕਾਰਕੁਨਾਂ ਦੀ ਊਰਜਾ ਅਤੇ ਲੋਕ ਸੇਵਾ ਦੇ ਸੰਕਲਪ ਦਾ ਪ੍ਰਤੀਕ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪਾਰਟੀ ਦਾ ਝੰਡਾ ਲਹਿਰਾਇਆ ਅਤੇ ਹਵਨ ਵਿੱਚ ਭਾਗ ਲਿਆ। ਸਮਾਗਮ ਦੀ ਪ੍ਰਧਾਨਗੀ ਹਰਿਆਣਾ ਭਾਜਪਾ ਦੀ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ ਨੇ ਕੀਤੀ।

ਮੁੱਖ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਚਯਵਨ ਰਿਸ਼ੀ ਦੀ ਪਵਿੱਤਰ ਧਰਤੀ ਨੂੰ ਨਮਨ ਕਰਦਿਆਂ ਕੀਤੀ। ਉਨ੍ਹਾਂ ਕਿਹਾ ਕਿ ਇਹ ਉਹ ਧਰਤੀ ਹੈ ਜਿਸ ਨੇ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਲਈ ਆਪਣੇ ਬਹਾਦਰ ਪੁੱਤਰਾਂ ਦੀਆਂ ਅਨੇਕਾਂ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਅਹੀਰਵਾਲ ਖੇਤਰ ਦੀ ਦੇਸ਼ਭਗਤੀ ਅਤੇ ਸੈਨਿਕ ਪਰੰਪਰਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇਲਾਕਾ ਹਮੇਸ਼ਾ ਰਾਸ਼ਟਰ ਸੇਵਾ ਅਤੇ ਬਲਿਦਾਨ ਦਾ ਪ੍ਰਤੀਕ ਰਿਹਾ ਹੈ।

ਮਹਿੰਦਰਗੜ੍ਹ ਅਤੇ ਨਾਰਨੌਲ ਖੇਤਰ ਦੇ ਵਿਕਾਸ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਇਲਾਕੇ ਵਿੱਚ ਸੜਕ ਸੰਪਰਕ ਨੂੰ ਮਜ਼ਬੂਤ ਕਰਨ ਲਈ ਕਈ ਮਹੱਤਵਪੂਰਨ ਪ੍ਰੋਜੈਕਟ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਖੇਤਰ ਵਿੱਚ ਇੱਕ ਆਧੁਨਿਕ ਲੌਜਿਸਟਿਕ ਹੱਬ ਸਮੇਤ ਕਈ ਵਿਕਾਸ ਯੋਜਨਾਵਾਂ ਤੇਜ਼ੀ ਨਾਲ ਅੱਗੇ ਵਧ ਰਹੀਆਂ ਹਨ, ਜਿਨ੍ਹਾਂ ਨਾਲ ਸਥਾਨਕ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਇਸਦੇ ਨਾਲ ਹੀ, ਲੰਬੇ ਸਮੇਂ ਤੋਂ ਚੱਲ ਰਹੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਨਹਿਰਾਂ ਦੇ ਆਖਰੀ ਸਿਰੇ ਤੱਕ ਪਾਣੀ ਪਹੁੰਚਾਉਣ ਦੇ ਵਿਸ਼ੇਸ਼ ਯਤਨ ਕੀਤੇ ਗਏ ਹਨ।

ਭਾਜਪਾ ਕਾਰਕੁਨਾਂ ਦੀ ਭੂਮਿਕਾ ਨੂੰ ਰੇਖਾਂਕਿਤ ਕਰਦਿਆਂ ਸੈਣੀ ਨੇ ਕਿਹਾ ਕਿ ਨਵੇਂ ਜ਼ਿਲ੍ਹਾ ਦਫ਼ਤਰ ਦਾ ਉਦਘਾਟਨ ਉਨ੍ਹਾਂ ਲਈ ਮਾਣ ਅਤੇ ਖੁਸ਼ੀ ਦਾ ਪਲ ਹੈ। ਉਨ੍ਹਾਂ ਮਹਿੰਦਰਗੜ੍ਹ ਜ਼ਿਲ੍ਹੇ ਦੇ ਸਾਰੇ ਕਾਰਕੁਨਾਂ ਨੂੰ ਇਸ ਨਵੇਂ ਸੰਗਠਨਕ ਕੇਂਦਰ ਦੀ ਸਥਾਪਨਾ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਦੇ ਦਫ਼ਤਰ ਸਿਰਫ਼ ਇੱਟਾਂ, ਪੱਥਰਾਂ ਅਤੇ ਸੀਮੈਂਟ ਨਾਲ ਬਣੀਆਂ ਇਮਾਰਤਾਂ ਨਹੀਂ ਹੁੰਦੀਆਂ, ਬਲਕਿ ਇਹ ਸੰਗਠਨ ਦੀ ਆਤਮਾ ਅਤੇ ਵਿਚਾਰਧਾਰਾ ਦੇ ਕੇਂਦਰ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਭਾਜਪਾ ਦੇ ਕਾਰਕੁਨਾਂ ਲਈ ਦਫ਼ਤਰ ਇੱਕ ਪਵਿੱਤਰ ਮੰਦਰ ਵਾਂਗ ਹੈ, ਜਿੱਥੇ ਰਾਸ਼ਟਰ ਸੇਵਾ ਦਾ ਸੰਕਲਪ ਲਿਆ ਜਾਂਦਾ ਹੈ ਅਤੇ ਸਮਾਜ ਦੇ ਆਖਰੀ ਵਿਅਕਤੀ ਤੱਕ ਸਰਕਾਰੀ ਯੋਜਨਾਵਾਂ ਅਤੇ ਵਿਕਾਸ ਦੇ ਲਾਭ ਪਹੁੰਚਾਉਣ ਲਈ ਯੋਜਨਾਬੱਧ ਢੰਗ ਨਾਲ ਕੰਮ ਕੀਤਾ ਜਾਂਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦਾ ਸੰਗਠਨਕ ਢਾਂਚਾ ਹੋਰ ਰਾਜਨੀਤਿਕ ਦਲਾਂ ਤੋਂ ਬਿਲਕੁਲ ਵੱਖਰਾ ਹੈ। ਜਿੱਥੇ ਕਈ ਪਾਰਟੀਆਂ ਪਰਿਵਾਰਵਾਦ ਅਤੇ ਵੰਸ਼ਵਾਦ ਦੀ ਰਾਜਨੀਤੀ ਤੱਕ ਸੀਮਿਤ ਹਨ, ਉੱਥੇ ਭਾਜਪਾ ਵਿੱਚ ਇੱਕ ਆਮ ਕਾਰਕੁਨ ਵੀ ਆਪਣੀ ਮਿਹਨਤ, ਯੋਗਤਾ ਅਤੇ ਸਮਰਪਣ ਦੇ ਬਲ ’ਤੇ ਸੰਗਠਨ ਦੇ ਸਭ ਤੋਂ ਉੱਚੇ ਅਹੁਦਿਆਂ ਤੱਕ ਪਹੁੰਚ ਸਕਦਾ ਹੈ। ਉਨ੍ਹਾਂ ਇਸ ਨੂੰ ਭਾਜਪਾ ਦੀ ਸਭ ਤੋਂ ਵੱਡੀ ਤਾਕਤ ਕਰਾਰ ਦਿੱਤਾ।

ਉਨ੍ਹਾਂ ਦੱਸਿਆ ਕਿ 1980 ਵਿੱਚ ਇੱਕ ਮਜ਼ਬੂਤ, ਖੁਸ਼ਹਾਲ ਅਤੇ ਸ਼ਕਤੀਸ਼ਾਲੀ ਭਾਰਤ ਦੇ ਨਿਰਮਾਣ ਦੇ ਸੰਕਲਪ ਨਾਲ ਸਥਾਪਿਤ ਹੋਈ ਭਾਜਪਾ ਅੱਜ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰੀ ਰਾਜਨੀਤਿਕ ਪਾਰਟੀ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਕੋਲ 14 ਕਰੋੜ ਤੋਂ ਵੱਧ ਮੈਂਬਰ ਹਨ ਅਤੇ ਇਹ ਸਫਲਤਾ ਕਾਰਕੁਨਾਂ ਦੀ ਸਖ਼ਤ ਮਿਹਨਤ ਅਤੇ ਲੋਕਾਂ ਦੇ ਅਟੱਲ ਵਿਸ਼ਵਾਸ ਦਾ ਨਤੀਜਾ ਹੈ।

ਸੈਣੀ ਨੇ ਕਿਹਾ ਕਿ 1984 ਵਿੱਚ ਸਿਰਫ਼ ਦੋ ਲੋਕ ਸਭਾ ਸੀਟਾਂ ਨਾਲ ਆਪਣਾ ਸਫ਼ਰ ਸ਼ੁਰੂ ਕਰਨ ਵਾਲੀ ਭਾਜਪਾ ਨੂੰ ਅੱਜ ਦੇਸ਼ ਭਰ ਵਿੱਚ ਬੇਮਿਸਾਲ ਜਨ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਿਛਲੇ 12 ਸਾਲਾਂ ਦੌਰਾਨ ਦੇਸ਼ ਨੇ ਵਿਕਾਸ, ਸੁਸ਼ਾਸਨ ਅਤੇ ਲੋਕ ਭਲਾਈ ਦੇ ਖੇਤਰ ਵਿੱਚ ਨਵੇਂ ਮਾਪਦੰਡ ਸਥਾਪਿਤ ਕੀਤੇ ਹਨ।

ਮੁੱਖ ਮੰਤਰੀ ਨੇ ਕਾਰਕੁਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਦਫ਼ਤਰ ਆਮ ਲੋਕਾਂ ਦੀਆਂ ਉਮੀਦਾਂ ਅਤੇ ਭਰੋਸੇ ਦਾ ਕੇਂਦਰ ਬਣਨਾ ਚਾਹੀਦਾ ਹੈ। ਜਦੋਂ ਕੋਈ ਗਰੀਬ, ਕਿਸਾਨ, ਨੌਜਵਾਨ ਜਾਂ ਲੋੜਵੰਦ ਵਿਅਕਤੀ ਇੱਥੇ ਆਵੇ ਤਾਂ ਉਸ ਨੂੰ ਇਹ ਭਰੋਸਾ ਹੋਣਾ ਚਾਹੀਦਾ ਹੈ ਕਿ ਉਸਦੀ ਗੱਲ ਸੁਣੀ ਜਾਵੇਗੀ ਅਤੇ ਉਸ ਦੀ ਸਮੱਸਿਆ ਦੇ ਹੱਲ ਲਈ ਪੂਰੀ ਇਮਾਨਦਾਰੀ ਨਾਲ ਯਤਨ ਕੀਤੇ ਜਾਣਗੇ।

ਉਨ੍ਹਾਂ ਸਾਰੇ ਕਾਰਕੁਨਾਂ ਨੂੰ ਹਰਿਆਣਾ ਨੂੰ ਦੇਸ਼ ਦਾ ਸਭ ਤੋਂ ਵਿਕਸਤ ਅਤੇ ਅਗੇਤੜ ਰਾਜ ਬਣਾਉਣ ਲਈ ਪੂਰੀ ਨਿਸ਼ਠਾ, ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ “ਵਿਕਸਤ ਭਾਰਤ” ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਹਰਿਆਣਾ ਅਹਿਮ ਭੂਮਿਕਾ ਨਿਭਾਏਗਾ।

ਇਸ ਮੌਕੇ ਹਰਿਆਣਾ ਭਾਜਪਾ ਦੀ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਇਹ ਦਫ਼ਤਰ ਅੰਤਯੋਦਯ ਦੀ ਭਾਵਨਾ ਨਾਲ ਕੰਮ ਕਰੇਗਾ ਅਤੇ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਨੂੰ ਹਰ ਹਰਿਆਣਵੀ ਤੱਕ ਪਹੁੰਚਾਉਣ ਦਾ ਮਾਧਿਅਮ ਬਣੇਗਾ।

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੁੱਖ ਮੰਤਰੀ ਨੇ ਹਰਿਆਣਾ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਦਿੱਤੀ ਹੈ ਅਤੇ ਕਈ ਨਵੇਂ ਮਾਪਦੰਡ ਸਥਾਪਿਤ ਕੀਤੇ ਹਨ। ਉਨ੍ਹਾਂ ਡਾ. ਅਰਚਨਾ ਗੁਪਤਾ ਨੂੰ ਮਹਿਲਾਵਾਂ ਲਈ ਪ੍ਰੇਰਣਾ ਸਰੋਤ ਦੱਸਦਿਆਂ ਕਿਹਾ ਕਿ ਭਾਜਪਾ ਸੱਤਾ ਪ੍ਰਾਪਤੀ ਲਈ ਨਹੀਂ, ਸਗੋਂ ਸੇਵਾ ਅਤੇ ਰਾਸ਼ਟਰ ਨਿਰਮਾਣ ਦੇ ਉਦੇਸ਼ ਨਾਲ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਅਹੀਰਵਾਲ ਦੀ ਧਰਤੀ ਹਮੇਸ਼ਾ ਦੇਸ਼ਭਗਤੀ, ਸ਼ਹਾਦਤ ਅਤੇ ਇਨਕਲਾਬੀ ਵਿਚਾਰਾਂ ਦੀ ਧਰਤੀ ਰਹੀ ਹੈ ਅਤੇ ਇਸ ਖੇਤਰ ਦੇ ਲੋਕਾਂ ਨੇ ਦੇਸ਼ ਸੇਵਾ ਵਿੱਚ ਅਹਿਮ ਯੋਗਦਾਨ ਪਾਇਆ ਹੈ।

Leave a Reply

Your email address will not be published. Required fields are marked *