Wednesday, July 29Punjabi People

ਸੰਤ-ਮਹਾਂਪੁਰਖਾਂ ਦੀਆਂ ਮਹਾਨ ਸਿੱਖਿਆਵਾਂ ਨੂੰ ਘਰ-ਘਰ ਤੱਕ ਪਹੁੰਚਾਉਣ ਦੀ ਮੁਹਿੰਮ ਜਾਰੀ: ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ, 23 ਜੁਲਾਈ 2026: ਹਰਿਆਣਾ ਵਿੱਚ ਸਮਾਜਿਕ ਸਮਰਸਤਾ, ਭਾਈਚਾਰੇ ਅਤੇ ਸੱਭਿਆਚਾਰਕ ਏਕਤਾ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸੰਤ-ਮਹਾਂਪੁਰਖਾਂ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਲਗਾਤਾਰ ਸਰਗਰਮ ਭੂਮਿਕਾ ਨਿਭਾ ਰਹੇ ਹਨ। ਸੂਬਾ ਸਰਕਾਰ ਵੱਲੋਂ ਸੰਤਾਂ ਅਤੇ ਮਹਾਂਪੁਰਖਾਂ ਦੇ ਜੀਵਨ ਸੰਦੇਸ਼ ਨੂੰ ਸਮਾਜ ਵਿੱਚ ਪ੍ਰਚਾਰਿਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਲਗਾਤਾਰ ਵਿਸਥਾਰ ਦਿੱਤਾ ਜਾ ਰਿਹਾ ਹੈ, ਜਿਸ ਦਾ ਮਕਸਦ ਸਮਾਜ ਦੇ ਹਰ ਵਰਗ ਵਿੱਚ ਆਪਸੀ ਸਦਭਾਵਨਾ, ਸਮਾਨਤਾ ਅਤੇ ਏਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਹੈ।

ਇਹ ਪਹਿਲ ਸਾਲ 2014 ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਮੌਜੂਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹੋਰ ਵਿਆਪਕ ਰੂਪ ਦਿੱਤਾ ਹੈ। ਉਹ ਨਾ ਸਿਰਫ਼ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ, ਸਗੋਂ ਰਾਜਸਥਾਨ, ਪੰਜਾਬ ਅਤੇ ਦਿੱਲੀ ਵਿੱਚ ਵੀ ਸੰਤ-ਮਹਾਂਪੁਰਖਾਂ ਦੀਆਂ ਜਯੰਤੀ ਸਮਾਰੋਹਾਂ ਅਤੇ ਧਾਰਮਿਕ-ਸਮਾਜਿਕ ਸਮਾਗਮਾਂ ਵਿੱਚ ਸ਼ਮੂਲੀਅਤ ਕਰਕੇ ਸਮਾਜਿਕ ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦੇ ਰਹੇ ਹਨ। ਉਨ੍ਹਾਂ ਦੀ ਸਾਦਗੀ, ਸਹਿਜਤਾ ਅਤੇ ਲੋਕਾਂ ਨਾਲ ਸਿੱਧਾ ਸੰਵਾਦ ਕਰਨ ਦੀ ਸ਼ੈਲੀ ਨੇ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਵਿਸ਼ੇਸ਼ ਭਰੋਸਾ ਅਤੇ ਸਨਮਾਨ ਹਾਸਲ ਕੀਤਾ ਹੈ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਮੰਨਣਾ ਹੈ ਕਿ ਸੰਤ-ਮਹਾਂਪੁਰਖ ਕਿਸੇ ਇੱਕ ਜਾਤੀ, ਧਰਮ, ਵਰਗ ਜਾਂ ਸਮੁਦਾਇ ਦੀ ਸੀਮਾਵਾਂ ਵਿੱਚ ਬੱਝੇ ਨਹੀਂ ਹੁੰਦੇ। ਉਨ੍ਹਾਂ ਦੇ ਵਿਚਾਰ, ਸਿੱਖਿਆਵਾਂ ਅਤੇ ਜੀਵਨ ਮੁੱਲ ਸਮੁੱਚੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹਨ। ਸੱਚ, ਸਮਾਨਤਾ, ਭਾਈਚਾਰੇ, ਸੇਵਾ ਅਤੇ ਮਨੁੱਖਤਾ ਦਾ ਸੰਦੇਸ਼ ਦੇਣ ਵਾਲੀਆਂ ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਦੇ ਸਮੇਂ ਵਿੱਚ ਵੀ ਉਤਨੀਆਂ ਹੀ ਪ੍ਰਸੰਗਿਕ ਹਨ ਜਿੰਨੀਆਂ ਉਨ੍ਹਾਂ ਦੇ ਜੀਵਨ ਕਾਲ ਦੌਰਾਨ ਸਨ।

ਸੂਬਾ ਸਰਕਾਰ “ਹਰਿਆਣਾ ਏਕ–ਹਰਿਆਣਵੀ ਏਕ” ਦੇ ਮੂਲ ਮੰਤਰ ਨੂੰ ਅਪਣਾਉਂਦਿਆਂ ਸੰਤ-ਮਹਾਂਪੁਰਖਾਂ ਦੀਆਂ ਜਯੰਤੀਆਂ ਅਤੇ ਸਿੱਖ ਗੁਰੂਆਂ ਦੇ ਪ੍ਰਕਾਸ਼ ਪੁਰਬ ਸਰਕਾਰੀ ਪੱਧਰ ’ਤੇ ਮਨਾਉਣ ਦੀ ਪਰੰਪਰਾ ਨੂੰ ਨਿਰੰਤਰ ਅੱਗੇ ਵਧਾ ਰਹੀ ਹੈ। ਇਨ੍ਹਾਂ ਸਮਾਗਮਾਂ ਰਾਹੀਂ ਸਮਾਜ ਵਿੱਚ ਆਪਸੀ ਸਨਮਾਨ, ਸਦਭਾਵਨਾ ਅਤੇ ਸਾਂਝੀ ਵਿਰਾਸਤ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਸਾਲ 2015 ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਪਹਿਲੀ ਵਾਰ ਮਹਿਰਿਸ਼ੀ ਵਾਲਮੀਕਿ ਜਯੰਤੀ ਨੂੰ ਸਰਕਾਰੀ ਪੱਧਰ ’ਤੇ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਉਪਰਾਲੇ ਨੂੰ ਅੱਗੇ ਵਧਾਉਂਦਿਆਂ ਹੁਣ ਸੰਤ ਸ਼੍ਰੋਮਣੀ ਰਵੀਦਾਸ ਜੀ, ਸੰਤ ਕਬੀਰ ਦਾਸ ਜੀ, ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਸਮੇਤ ਕਈ ਮਹਾਨ ਸੰਤਾਂ ਅਤੇ ਸਮਾਜ ਸੁਧਾਰਕਾਂ ਦੀਆਂ ਜਯੰਤੀਆਂ ਪੂਰੇ ਸਨਮਾਨ ਅਤੇ ਸ਼ਰਧਾ ਨਾਲ ਸਰਕਾਰੀ ਪੱਧਰ ’ਤੇ ਮਨਾਈਆਂ ਜਾਂਦੀਆਂ ਹਨ। ਇਨ੍ਹਾਂ ਸਮਾਗਮਾਂ ਲਈ ਸਾਲਾਨਾ ਬਜਟ ਵਿੱਚ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਅਤੇ ਸਰਕਾਰ ਦੇ ਅਧਿਕਾਰਤ ਕੈਲੰਡਰ ਵਿੱਚ ਇਨ੍ਹਾਂ ਨੂੰ ਵਿਸ਼ੇਸ਼ ਦਿਵਸਾਂ ਵਜੋਂ ਸ਼ਾਮਲ ਕੀਤਾ ਗਿਆ ਹੈ।

ਹਰਿਆਣਾ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ ਜਿੱਥੇ ਸੰਤ-ਮਹਾਂਪੁਰਖਾਂ ਦੀਆਂ ਜਯੰਤੀਆਂ ਨੂੰ ਨਿਯਮਤ ਤੌਰ ’ਤੇ ਸਰਕਾਰੀ ਪੱਧਰ ’ਤੇ ਮਨਾਉਣ ਦੀ ਪਰੰਪਰਾ ਸਥਾਪਤ ਕੀਤੀ ਗਈ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਿੱਖ ਗੁਰੂਆਂ ਦੇ ਪ੍ਰਕਾਸ਼ ਪੁਰਬਾਂ ਨੂੰ ਵੀ ਸਰਕਾਰੀ ਸਮਾਗਮਾਂ ਦਾ ਹਿੱਸਾ ਬਣਾਇਆ ਹੈ, ਜਿਸ ਨਾਲ ਧਾਰਮਿਕ ਅਤੇ ਸਮਾਜਿਕ ਸਦਭਾਵਨਾ ਨੂੰ ਹੋਰ ਮਜ਼ਬੂਤੀ ਮਿਲੀ ਹੈ।

ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਸ਼ੇਸ਼ ਰੇਲ ਸੇਵਾਵਾਂ ਚਲਾਈਆਂ ਜਾ ਰਹੀਆਂ ਹਨ, ਤਾਂ ਜੋ ਲੋਕ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਆਸਾਨੀ ਨਾਲ ਕਰ ਸਕਣ। ਇਸ ਪਹਿਲ ਨੂੰ ਵੀ ਲੋਕਾਂ ਵੱਲੋਂ ਭਰਪੂਰ ਸਹਿਯੋਗ ਅਤੇ ਸ਼ਲਾਘਾ ਮਿਲ ਰਹੀ ਹੈ।

ਨੌਜਵਾਨ ਪੀੜ੍ਹੀ ਨੂੰ ਸੰਤ-ਮਹਾਂਪੁਰਖਾਂ ਦੇ ਜੀਵਨ, ਉਨ੍ਹਾਂ ਦੇ ਸੰਘਰਸ਼, ਆਦਰਸ਼ਾਂ ਅਤੇ ਮਨੁੱਖੀ ਕਦਰਾਂ-ਕੀਮਤਾਂ ਨਾਲ ਜੋੜਨ ਲਈ ਸੂਬਾ ਸਰਕਾਰ ਨੇ ‘ਸੰਤ ਮਹਾਂਪੁਰਖ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ’ ਸ਼ੁਰੂ ਕੀਤੀ ਹੈ। ਇਸ ਯੋਜਨਾ ਤਹਿਤ ਰਾਜ, ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਸੈਮੀਨਾਰਾਂ, ਵਿਚਾਰ ਗੋਸ਼ਠੀਆਂ, ਸੱਭਿਆਚਾਰਕ ਸਮਾਗਮਾਂ ਅਤੇ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਤਾਂ ਜੋ ਸੰਤਾਂ ਦੀਆਂ ਸਿੱਖਿਆਵਾਂ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਇਆ ਜਾ ਸਕੇ।

ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਵੀ ਇਸ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਵਿਭਾਗ ਵੱਲੋਂ ਵੱਖ-ਵੱਖ ਜਾਗਰੂਕਤਾ ਮੁਹਿੰਮਾਂ, ਪ੍ਰਕਾਸ਼ਨਾਂ ਅਤੇ ਸਮਾਗਮਾਂ ਰਾਹੀਂ ਸੰਤ-ਮਹਾਂਪੁਰਖਾਂ ਦੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਅਤੇ ਸਮਾਜਿਕ ਸਮਰਸਤਾ ਦੇ ਸੰਦੇਸ਼ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਇਨ੍ਹਾਂ ਉਪਰਾਲਿਆਂ ਨੂੰ ਸਮਾਜ ਦੇ ਵੱਖ-ਵੱਖ ਵਰਗਾਂ, ਧਾਰਮਿਕ ਸੰਸਥਾਵਾਂ, ਸਮਾਜਿਕ ਸੰਗਠਨਾਂ, ਬੁੱਧੀਜੀਵੀਆਂ ਅਤੇ ਨੌਜਵਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਨ੍ਹਾਂ ਪਹਿਲਕਦਮੀਆਂ ਨੇ ਹਰਿਆਣਾ ਵਿੱਚ ਆਪਸੀ ਭਾਈਚਾਰੇ, ਸਮਾਜਿਕ ਸਦਭਾਵਨਾ, ਸੱਭਿਆਚਾਰਕ ਏਕਤਾ ਅਤੇ ਸਮਾਨਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਮਜ਼ਬੂਤ ਬੁਨਿਆਦ ਤਿਆਰ ਕੀਤੀ ਹੈ ਅਤੇ ਸੂਬੇ ਨੂੰ ਸਮਾਜਿਕ ਸਦਭਾਵਨਾ ਦੇ ਇੱਕ ਮਿਸਾਲੀ ਮਾਡਲ ਵਜੋਂ ਉਭਾਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

Leave a Reply

Your email address will not be published. Required fields are marked *