
ਨਵੀਂ ਦਿੱਲੀ, 15 ਅਪ੍ਰੈਲ 2026: ਹਾਲੀਆ ਟਕਰਾਅ ਦੌਰਾਨ ਈਰਾਨ ਨੇ ਮਿਡਲ ਈਸਟ ਵਿੱਚ ਅਮਰੀਕੀ ਫੌਜੀ ਠਿਕਾਣਿਆਂ ਦੀ ਨਿਗਰਾਨੀ ਕਰਨ ਅਤੇ ਹਮਲਿਆਂ ਲਈ ਨਿਸ਼ਾਨੇ ਤੈਅ ਕਰਨ ਵਾਸਤੇ ਇੱਕ ਚੀਨੀ ਸੈਟੇਲਾਈਟ ਦੀ ਵਰਤੋਂ ਕੀਤੀ। ਇਹ ਖੁਲਾਸਾ ‘ਫਾਇਨੈਂਸ਼ਲ ਟਾਈਮਜ਼’ ਦੀ ਜਾਂਚ ਰਿਪੋਰਟ ਵਿੱਚ ਕੀਤਾ ਗਿਆ ਹੈ, ਜਿਸ ਵਿੱਚ ਲੀਕ ਹੋਏ ਇਰਾਨੀ ਫੌਜੀ ਦਸਤਾਵੇਜ਼ਾਂ ਅਤੇ ਸੈਟੇਲਾਈਟ ਡਾਟਾ ਦਾ ਹਵਾਲਾ ਦਿੱਤਾ ਗਿਆ ਹੈ।
ਰਿਪੋਰਟ ਅਨੁਸਾਰ “TEE-01B” ਨਾਮਕ ਇਹ ਸੈਟੇਲਾਈਟ 2024 ਦੇ ਅਖੀਰ ਵਿੱਚ ਈਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰਪਸ (IRGC) ਦੀ ਏਅਰੋਸਪੇਸ ਫੋਰਸ ਵੱਲੋਂ ਪ੍ਰਾਪਤ ਕੀਤਾ ਗਿਆ ਸੀ। ਇਹ ਚੀਨ ਦੀ ‘ਅਰਥ ਆਈ’ (Earth Eye) ਕੰਪਨੀ ਵੱਲੋਂ ਤਿਆਰ ਕੀਤਾ ਗਿਆ ਸੀ ਅਤੇ “ਇਨ-ਆਰਬਿਟ ਡਿਲੀਵਰੀ” ਮਾਡਲ ਤਹਿਤ ਇਸਨੂੰ ਪੁਲਾੜ ਵਿੱਚ ਹੀ ਈਰਾਨ ਨੂੰ ਟ੍ਰਾਂਸਫਰ ਕੀਤਾ ਗਿਆ।
ਲੀਕ ਦਸਤਾਵੇਜ਼ਾਂ ਮੁਤਾਬਕ, ਮਾਰਚ ਵਿੱਚ ਹੋਏ ਮਿਜ਼ਾਈਲ ਅਤੇ ਡਰੋਨ ਹਮਲਿਆਂ ਤੋਂ ਪਹਿਲਾਂ ਅਤੇ ਬਾਅਦ ਇਰਾਨੀ ਕਮਾਂਡਰਾਂ ਨੇ ਇਸ ਸੈਟੇਲਾਈਟ ਰਾਹੀਂ ਕਈ ਮਹੱਤਵਪੂਰਨ ਅਮਰੀਕੀ ਠਿਕਾਣਿਆਂ ਦੀ ਨਿਗਰਾਨੀ ਕੀਤੀ। ਸਾਊਦੀ ਅਰਬ ਦੇ ਪ੍ਰਿੰਸ ਸੁਲਤਾਨ ਏਅਰ ਬੇਸ ਦੀਆਂ 13, 14 ਅਤੇ 15 ਮਾਰਚ ਨੂੰ ਤਸਵੀਰਾਂ ਲਈਆਂ ਗਈਆਂ। 14 ਮਾਰਚ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਪੁਸ਼ਟੀ ਕੀਤੀ ਸੀ ਕਿ ਉੱਥੇ ਮੌਜੂਦ ਅਮਰੀਕੀ ਜਹਾਜ਼ਾਂ ਨੂੰ ਨੁਕਸਾਨ ਪਹੁੰਚਿਆ ਅਤੇ ਪੰਜ ਏਅਰ ਫੋਰਸ ਰਿਫਿਊਲਿੰਗ ਜਹਾਜ਼ ਪ੍ਰਭਾਵਿਤ ਹੋਏ।
ਇਸ ਤੋਂ ਇਲਾਵਾ, ਜੌਰਡਨ ਦਾ ਮੁਵਾਫਾਕ ਸਲਤੀ ਏਅਰ ਬੇਸ, ਬਹਿਰੀਨ ਵਿੱਚ ਅਮਰੀਕੀ ਫਿਫਥ ਫਲੀਟ ਦਾ ਅੱਡਾ, ਇਰਾਕ ਦਾ ਇਰਬਿਲ ਏਅਰਪੋਰਟ, ਅਤੇ ਕੁਵੈਤ ਦੇ ਕੈਂਪ ਬਿਊਹਰਿੰਗ ਤੇ ਅਲੀ ਅਲ ਸਲੇਮ ਏਅਰ ਬੇਸ ਵੀ ਨਿਗਰਾਨੀ ਹੇਠ ਰਹੇ।
ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਕੁਝ ਨਾਗਰਿਕ ਢਾਂਚਿਆਂ ‘ਤੇ ਵੀ ਨਜ਼ਰ ਰੱਖੀ ਗਈ, ਜਿਨ੍ਹਾਂ ਵਿੱਚ ਯੂਏਈ ਦਾ ਖੋਰ ਫੱਕਨ ਪੋਰਟ, ਕਿਦਫਾ ਪਾਵਰ ਪਲਾਂਟ ਅਤੇ ਬਹਿਰੀਨ ਦਾ ਅਲਬਾ ਐਲੂਮੀਨੀਅਮ ਪਲਾਂਟ ਸ਼ਾਮਲ ਹਨ।
ਇਸ ਸਮਝੌਤੇ ਤਹਿਤ ਈਰਾਨ ਨੂੰ ਬੀਜਿੰਗ ਸਥਿਤ ਐਂਪੋਸੈਟ (Amposat) ਕੰਪਨੀ ਦੇ ਗਰਾਊਂਡ ਕੰਟਰੋਲ ਸਿਸਟਮ ਤੱਕ ਪਹੁੰਚ ਮਿਲੀ, ਜਿਸ ਨਾਲ ਉਹ ਵੱਖ-ਵੱਖ ਥਾਵਾਂ ਤੋਂ ਸੈਟੇਲਾਈਟ ਨੂੰ ਕੰਟਰੋਲ ਕਰ ਸਕਦਾ ਸੀ ਅਤੇ ਤਸਵੀਰਾਂ ਪ੍ਰਾਪਤ ਕਰ ਸਕਦਾ ਸੀ।
ਦਸਤਾਵੇਜ਼ਾਂ ਅਨੁਸਾਰ, ਇਸ ਪੂਰੇ ਪ੍ਰੋਜੈਕਟ ਲਈ IRGC ਨੇ ਲਗਭਗ 250 ਮਿਲੀਅਨ ਯੂਆਨ (ਕਰੀਬ 36.6 ਮਿਲੀਅਨ ਡਾਲਰ) ਦੇ ਭੁਗਤਾਨ ‘ਤੇ ਸਹਿਮਤੀ ਦਿੱਤੀ ਸੀ।
ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸੈਟੇਲਾਈਟ ਈਰਾਨ ਦੀ ਫੌਜੀ ਸਮਰੱਥਾ ਵਿੱਚ ਵੱਡਾ ਉੱਛਾਲ ਦਰਸਾਉਂਦਾ ਹੈ। ਇਹ ਲਗਭਗ ਅੱਧਾ ਮੀਟਰ ਰੈਜ਼ੋਲਿਊਸ਼ਨ ਨਾਲ ਸਾਫ਼ ਤਸਵੀਰਾਂ ਲੈ ਸਕਦਾ ਹੈ, ਜੋ ਪਹਿਲਾਂ ਦੇ ਨੂਰ-3 ਸੈਟੇਲਾਈਟ ਨਾਲੋਂ ਕਾਫੀ ਬਿਹਤਰ ਹੈ। ਇਸ ਤਕਨਾਲੋਜੀ ਦੀ ਮਦਦ ਨਾਲ ਈਰਾਨ ਹਮਲੇ ਤੋਂ ਪਹਿਲਾਂ ਨਿਸ਼ਾਨਿਆਂ ਦੀ ਸਹੀ ਪਛਾਣ ਅਤੇ ਬਾਅਦ ਵਿੱਚ ਨੁਕਸਾਨ ਦਾ ਅੰਕਲਨ ਕਰ ਸਕਦਾ ਹੈ।
ਇਸ ਮਾਮਲੇ ਨੇ ਅੰਤਰਰਾਸ਼ਟਰੀ ਪੱਧਰ ‘ਤੇ ਚਿੰਤਾ ਵਧਾ ਦਿੱਤੀ ਹੈ। ਇਜ਼ਰਾਈਲ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਸੰਘਰਸ਼ ਦੌਰਾਨ ਈਰਾਨ ਦੇ ਕਈ ਸਪੇਸ ਅਤੇ ਸੈਟੇਲਾਈਟ ਸੰਬੰਧੀ ਢਾਂਚਿਆਂ ‘ਤੇ ਹਮਲੇ ਕੀਤੇ। ਦੂਜੇ ਪਾਸੇ, ਈਰਾਨ, ਚੀਨ ਅਤੇ ਰੂਸ ਵਿਚਕਾਰ ਪੁਲਾੜ ਖੇਤਰ ਵਿੱਚ ਸਹਿਯੋਗ ਵੀ ਵਧ ਰਿਹਾ ਹੈ। ਹਾਲਾਂਕਿ, ਚੀਨ ਨੇ ਇਹ ਸਾਰੇ ਦੋਸ਼ ਰੱਦ ਕਰਦਿਆਂ ਕਿਹਾ ਹੈ ਕਿ ਉਹ ਹਮੇਸ਼ਾ ਸ਼ਾਂਤੀਪੂਰਨ ਗੱਲਬਾਤ ਦਾ ਸਮਰਥਨ ਕਰਦਾ ਹੈ।
