
ਦਿੱਲੀ, 11ਅਪ੍ਰੈਲ 2026: ਨਿਊਜ਼ੀਲੈਂਡ ਦੇ ਨੇੜੇ ਬਣ ਰਿਹਾ ਚੱਕਰਵਾਤ ਵੈਯਾਨੂ (Cyclone Vaianu) ਵੱਡੀ ਤਬਾਹੀ ਦਾ ਕਾਰਨ ਬਣ ਸਕਦਾ ਹੈ। ਖਾਸ ਕਰਕੇ ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਆਕਲੈਂਡ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਆਉਣ ਦੀ ਸੰਭਾਵਨਾ ਹੈ। ਨਿਊਜ਼ੀਲੈਂਡ ਦੇ ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ।
ਇਸ ਸਥਿਤੀ ਨੂੰ ਦੇਖਦੇ ਹੋਏ ਅਧਿਕਾਰੀਆਂ ਵੱਲੋਂ ਉੱਤਰੀ ਟਾਪੂ ਦੇ ਕੁਝ ਖੇਤਰਾਂ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਮੌਸਮ ਵਿਗਿਆਨੀਆਂ ਮੁਤਾਬਕ ਵੈਯਾਨੂ ਨਾਲ ਭਾਰੀ ਵਰਖਾ ਅਤੇ ਤਕਰੀਬਨ 130 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਹ ਤੂਫ਼ਾਨ ਐਤਵਾਰ ਨੂੰ ਤੱਟ ਨਾਲ ਟਕਰਾਉਣ ਦੀ ਉਮੀਦ ਹੈ ਅਤੇ ਇਸ ਤੋਂ ਬਾਅਦ ਸੋਮਵਾਰ ਨੂੰ ਚੈਥਮ ਟਾਪੂਆਂ ਦੇ ਪੱਛਮ ਵੱਲੋਂ ਲੰਘ ਸਕਦਾ ਹੈ।
ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ 11 ਅਪ੍ਰੈਲ ਨੂੰ ਉੱਤਰੀ ਟਾਪੂ ਦੇ ਕਈ ਹਿੱਸਿਆਂ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਵੈਲਿੰਗਟਨ ਤੋਂ ਲਗਭਗ 430 ਕਿਲੋਮੀਟਰ ਉੱਤਰ ਵੱਲ ਸਥਿਤ Whakatane ਸ਼ਹਿਰ ਦੇ ਕੁਝ ਇਲਾਕਿਆਂ ਨੂੰ ਖਾਲੀ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਇਥੋਂ ਦੇ ਵਸਨੀਕਾਂ ਨੂੰ ਘੱਟੋ-ਘੱਟ ਦੋ ਦਿਨਾਂ ਲਈ ਇਲਾਕਾ ਛੱਡਣ ਦੀ ਅਪੀਲ ਕੀਤੀ ਗਈ ਹੈ।
Whakatane ਜ਼ਿਲ੍ਹਾ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਹੈ ਕਿ ਤੱਟੀ ਇਲਾਕਿਆਂ ਵਿੱਚ ਭਾਰੀ ਤੂਫ਼ਾਨ, ਭੂਸਖਲਨ, 13 ਮੀਟਰ ਤੱਕ ਉੱਚੀਆਂ ਲਹਿਰਾਂ ਅਤੇ ਹੜ੍ਹ ਦਾ ਖਤਰਾ ਹੈ। ਇਸੇ ਤਰ੍ਹਾਂ ਹਾਕਸ ਬੇ ਖੇਤਰ ਵਿੱਚ ਵੀ ਬੀਚ ਦੇ ਨੇੜੇ ਸਥਿਤ ਘਰਾਂ ਅਤੇ ਜਨਤਕ ਥਾਵਾਂ ਨੂੰ ਖਾਲੀ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ Christopher Luxon ਨੇ 10 ਅਪ੍ਰੈਲ ਨੂੰ ਕਿਹਾ ਕਿ ਇਸ ਚੱਕਰਵਾਤ ਨਾਲ ਵੱਡੇ ਨੁਕਸਾਨ ਦੀ ਸੰਭਾਵਨਾ ਹੈ ਅਤੇ ਸਾਰੀਆਂ ਏਜੰਸੀਆਂ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ।
ਇਸ ਦੇ ਨਾਲ ਹੀ ਆਸਟ੍ਰੇਲੀਆ ਦਾ ਮੌਸਮ ਵਿਗਿਆਨ ਬਿਊਰੋ ਵੀ ਇਸ ਸਿਸਟਮ ‘ਤੇ ਨਜ਼ਰ ਰੱਖ ਰਿਹਾ ਹੈ। ਸੰਭਾਵਨਾ ਹੈ ਕਿ ਇਹ ਤੂਫ਼ਾਨ ਸੋਮਵਾਰ ਜਾਂ ਮੰਗਲਵਾਰ ਤੱਕ ਦੂਰ ਉੱਤਰੀ ਕੁਈਨਜ਼ਲੈਂਡ ਦੇ ਕੇਪ ਯਾਰਕ ਪ੍ਰਾਇਦੀਪ ਦੇ ਨੇੜੇ ਤੋਂ ਗੁਜ਼ਰ ਸਕਦਾ ਹੈ। ਬਿਊਰੋ ਦੇ ਸੀਨੀਅਰ ਮੌਸਮ ਵਿਗਿਆਨੀ ਲੀਅਮ ਸਮਾਰਟ ਦੇ ਅਨੁਸਾਰ, ਇਹ ਸੋਲੋਮਨ ਸਾਗਰ ਖੇਤਰ ਵਿੱਚ ਦਰਜ ਹੋਇਆ ਸਭ ਤੋਂ ਤਾਕਤਵਰ ਚੱਕਰਵਾਤ ਹੋ ਸਕਦਾ ਹੈ।
