
ਚੰਡੀਗੜ੍ਹ, 12 ਜੂਨ 2026: ਕੈਨੇਡਾ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਭਾਰਤੀ ਨਾਗਰਿਕਾਂ, ਖ਼ਾਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਡੁੱਬਣ ਅਤੇ ਪਾਣੀ ਨਾਲ ਸੰਬੰਧਿਤ ਹਾਦਸਿਆਂ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ। ਇਨ੍ਹਾਂ ਚਿੰਤਾਜਨਕ ਘਟਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਸਰਕਾਰ ਨੇ ਅਹਿਮ ਕਦਮ ਚੁੱਕਿਆ ਹੈ। ਟੋਰਾਂਟੋ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਨੇ ਕੈਨੇਡਾ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਲਈ ਇੱਕ ਵਿਸ਼ੇਸ਼ ਸੁਰੱਖਿਆ ਸਲਾਹ (ਐਡਵਾਈਜ਼ਰੀ) ਜਾਰੀ ਕੀਤੀ ਹੈ।
ਕੌਂਸਲੇਟ ਨੇ ਜਨਤਕ ਹਿੱਤ ਵਿੱਚ ਜਾਰੀ ਕੀਤੀ ਇਸ ਸਲਾਹ ਵਿੱਚ ਪਾਣੀ ਵਾਲੇ ਖੇਤਰਾਂ ਵਿੱਚ ਬੇਹੱਦ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਦੂਤਾਵਾਸ ਨੇ ਪਾਣੀ ਨਾਲ ਸੰਬੰਧਿਤ ਹਾਦਸਿਆਂ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਦੀਆਂ ਹੋਈਆਂ ਮੌਤਾਂ ‘ਤੇ ਡੂੰਘਾ ਦੁੱਖ ਅਤੇ ਚਿੰਤਾ ਪ੍ਰਗਟ ਕੀਤੀ ਹੈ।
ਸਲਾਹਕਾਰ ਨੋਟ ਵਿੱਚ ਖ਼ਾਸ ਤੌਰ ‘ਤੇ ਭਾਰਤੀ ਨਾਗਰਿਕਾਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਝੀਲਾਂ, ਨਦੀਆਂ, ਬੀਚਾਂ, ਝਰਨਿਆਂ ਅਤੇ ਹੋਰ ਜਲ ਸਰੋਤਾਂ ਦੇ ਨੇੜੇ ਜਾਂਦੇ ਸਮੇਂ ਪੂਰੀ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਕੌਂਸਲੇਟ ਨੇ ਚੇਤਾਵਨੀ ਦਿੱਤੀ ਹੈ ਕਿ ਕਈ ਜਲ ਸਰੋਤਾਂ ਵਿੱਚ ਅਚਾਨਕ ਡੂੰਘਾਈ, ਤੇਜ਼ ਧਾਰਾਂ ਅਤੇ ਠੰਢੇ ਪਾਣੀ ਕਾਰਨ ਹਾਦਸਿਆਂ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਸੈਰ-ਸਪਾਟੇ ਜਾਂ ਮਨੋਰੰਜਨ ਲਈ ਅਜਿਹੀਆਂ ਥਾਵਾਂ ‘ਤੇ ਜਾਣ ਵਾਲੇ ਲੋਕਾਂ ਨੂੰ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਕੌਂਸਲੇਟ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਸਥਾਨਕ ਪ੍ਰਸ਼ਾਸਨ ਅਤੇ ਕੈਨੇਡੀਅਨ ਅਧਿਕਾਰੀਆਂ ਵੱਲੋਂ ਜਾਰੀ ਕੀਤੀਆਂ ਸੁਰੱਖਿਆ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਹੈ। ਨਾਲ ਹੀ, ਜਿੱਥੇ ਵੀ ਲੋੜ ਹੋਵੇ ਜਾਂ ਸਥਾਨਕ ਅਧਿਕਾਰੀਆਂ ਵੱਲੋਂ ਸਿਫ਼ਾਰਸ਼ ਕੀਤੀ ਜਾਵੇ, ਉੱਥੇ ਲਾਈਫ ਜੈਕਟ ਪਹਿਨਣ ਦੀ ਮਹੱਤਤਾ ਉੱਤੇ ਵੀ ਜ਼ੋਰ ਦਿੱਤਾ ਗਿਆ ਹੈ। ਦੂਤਾਵਾਸ ਨੇ ਕਿਹਾ ਹੈ ਕਿ ਇੱਕ ਛੋਟੀ ਜਿਹੀ ਸਾਵਧਾਨੀ ਕਈ ਕੀਮਤੀ ਜਾਨਾਂ ਬਚਾ ਸਕਦੀ ਹੈ।
ਇਸ ਦੇ ਨਾਲ ਹੀ ਟੋਰਾਂਟੋ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਨੇ ਕੈਨੇਡਾ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਵਧ ਰਹੀਆਂ ਸਪੂਫ਼ਿੰਗ ਅਤੇ ਠੱਗੀ ਵਾਲੀਆਂ ਕਾਲਾਂ ਬਾਰੇ ਵੀ ਚੇਤਾਵਨੀ ਦਿੱਤੀ ਹੈ। ਕੌਂਸਲੇਟ ਵੱਲੋਂ ਜਾਰੀ ਤਾਜ਼ਾ ਐਡਵਾਈਜ਼ਰੀ ਅਨੁਸਾਰ ਕਈ ਲੋਕਾਂ ਨੂੰ ਵੀਜ਼ਾ, ਸਥਾਈ ਨਿਵਾਸ (PR), ਇਮੀਗ੍ਰੇਸ਼ਨ ਸਟੇਟਸ ਅਤੇ ਨੌਕਰੀਆਂ ਨਾਲ ਸੰਬੰਧਿਤ ਧੋਖਾਧੜੀ ਵਾਲੀਆਂ ਕਾਲਾਂ ਪ੍ਰਾਪਤ ਹੋ ਰਹੀਆਂ ਹਨ।
ਕੌਂਸਲੇਟ ਨੇ ਸਪਸ਼ਟ ਕੀਤਾ ਹੈ ਕਿ ਠੱਗ ਅਕਸਰ ਆਪਣੇ ਆਪ ਨੂੰ ਭਾਰਤੀ ਕੌਂਸਲੇਟ ਦੇ ਅਧਿਕਾਰੀ ਵਜੋਂ ਪੇਸ਼ ਕਰਦੇ ਹਨ ਅਤੇ ਲੋਕਾਂ ਤੋਂ ਨਿੱਜੀ ਜਾਂ ਵਿੱਤੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਅਜਿਹੀਆਂ ਕਾਲਾਂ ਦਾ ਕੌਂਸਲੇਟ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ।
ਭਾਰਤੀ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਸ਼ੱਕੀ ਕਾਲ, ਈਮੇਲ ਜਾਂ ਸੰਦੇਸ਼ ਦਾ ਜਵਾਬ ਨਾ ਦੇਣ ਅਤੇ ਆਪਣੀ ਨਿੱਜੀ ਜਾਣਕਾਰੀ, ਬੈਂਕ ਖਾਤਿਆਂ ਦੇ ਵੇਰਵੇ, ਪਾਸਪੋਰਟ ਜਾਣਕਾਰੀ ਜਾਂ ਹੋਰ ਵਿੱਤੀ ਡਾਟਾ ਕਿਸੇ ਨਾਲ ਵੀ ਸਾਂਝਾ ਨਾ ਕਰਨ। ਜੇਕਰ ਕਿਸੇ ਨੂੰ ਅਜਿਹੀ ਕਾਲ ਪ੍ਰਾਪਤ ਹੁੰਦੀ ਹੈ ਤਾਂ ਉਸ ਦੀ ਸੂਚਨਾ ਤੁਰੰਤ ਸਥਾਨਕ ਪੁਲਿਸ ਜਾਂ ਸੰਬੰਧਿਤ ਅਧਿਕਾਰੀਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ।
ਕੌਂਸਲੇਟ ਨੇ ਦੁਹਰਾਇਆ ਹੈ ਕਿ ਸੁਰੱਖਿਆ ਅਤੇ ਜਾਗਰੂਕਤਾ ਹੀ ਅਜਿਹੀਆਂ ਘਟਨਾਵਾਂ ਅਤੇ ਧੋਖਾਧੜੀਆਂ ਤੋਂ ਬਚਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ।
