Saturday, September 12Punjabi People

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਨੂੰ ਵੱਡੀ ਸਫਲਤਾ, ਦਵਿੰਦਰ ਬੰਬੀਹਾ ਗੈਂਗ ਦੇ 3 ਲੋੜੀਂਦੇ ਕਾਰਕੁਨ ਮਲੇਸ਼ੀਆ ਤੋਂ ਭਾਰਤ ਲਿਆਂਦੇ

ਚੰਡੀਗੜ੍ਹ, 19 ਅਗਸਤ 2026: ਪੰਜਾਬ ਨੂੰ ਗੈਂਗਸਟਰ ਅਤੇ ਸੰਗਠਿਤ ਅਪਰਾਧ ਤੋਂ ਮੁਕਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਹੇਠ ਚਲਾਈ ਜਾ ਰਹੀ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਤਹਿਤ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਕਾਊਂਟਰ ਇੰਟੈਲੀਜੈਂਸ ਵਿੰਗ ਦੇ ਓਵਰਸੀਜ਼ ਫਿਊਜਿਟਿਵ ਟਰੈਕਿੰਗ ਐਂਡ ਐਕਸਟ੍ਰੀਡੀਸ਼ਨ ਸੈੱਲ (OFTEC) ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਦਿਆਂ ਦਵਿੰਦਰ ਬੰਬੀਹਾ ਗੈਂਗ ਨਾਲ ਸਬੰਧਤ ਤਿੰਨ ਲੋੜੀਂਦੇ ਮੁਲਜ਼ਮਾਂ ਨੂੰ ਮਲੇਸ਼ੀਆ ਤੋਂ ਭਾਰਤ ਲਿਆਉਣ ਵਿੱਚ ਸਫਲਤਾ ਹਾਸਲ ਕੀਤੀ ਹੈ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਭਾਰਤ ਲਿਆਂਦੇ ਗਏ ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਉਰਫ਼ ਜਸ ਬਹਿਬਲ, ਵਾਸੀ ਫਰੀਦਕੋਟ, ਅਤੇ ਅਜੈ ਸਿੰਘ ਤੇ ਪਵਨਦੀਪ ਸਿੰਘ, ਦੋਵੇਂ ਵਾਸੀ ਸ੍ਰੀ ਗੰਗਾਨਗਰ, ਰਾਜਸਥਾਨ ਵਜੋਂ ਹੋਈ ਹੈ।

ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਪੰਜਾਬ ਲਿਆਂਦਾ

ਪੁਲਿਸ ਅਨੁਸਾਰ, ਤਿੰਨਾਂ ਮੁਲਜ਼ਮਾਂ ਨੂੰ ਮਲੇਸ਼ੀਆ ਤੋਂ ਭਾਰਤ ਲਿਆਂਦੇ ਜਾਣ ਤੋਂ ਬਾਅਦ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਅਗਲੀ ਕਾਨੂੰਨੀ ਕਾਰਵਾਈ ਅਤੇ ਪੁੱਛਗਿੱਛ ਲਈ ਪੰਜਾਬ ਲਿਆਂਦਾ ਗਿਆ।

ਡੀਜੀਪੀ ਗੌਰਵ ਯਾਦਵ ਮੁਤਾਬਕ, ਤਿੰਨੇ ਮੁਲਜ਼ਮ ਮਲੇਸ਼ੀਆ ਵਿੱਚ ਸਰਗਰਮ ਦਵਿੰਦਰ ਬੰਬੀਹਾ ਗੈਂਗ ਦੇ ਅਹਿਮ ਕਾਰਕੁਨ ਰਹੇ ਹਨ। ਪੁਲਿਸ ਜਾਂਚ ਅਨੁਸਾਰ ਉਨ੍ਹਾਂ ਦੇ ਸਬੰਧ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨਾਲ ਵੀ ਦੱਸੇ ਜਾ ਰਹੇ ਹਨ। ਤਿੰਨੇ ਕਤਲ, ਜਬਰਨ ਵਸੂਲੀ, ਵਿਸਫੋਟਕਾਂ ਨਾਲ ਸਬੰਧਤ ਮਾਮਲਿਆਂ ਅਤੇ ਲੁਧਿਆਣਾ ਵਿੱਚ ਹੈਂਡ ਗ੍ਰਨੇਡ ਧਮਾਕੇ ਦੀ ਸਾਜ਼ਿਸ਼ ਸਮੇਤ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਸਨ।

ਕਈ ਮਹੀਨਿਆਂ ਤੱਕ ਚੱਲੀ ਖੁਫੀਆ-ਅਧਾਰਿਤ ਕਾਰਵਾਈ

ਏਡੀਜੀਪੀ ਕਾਊਂਟਰ ਇੰਟੈਲੀਜੈਂਸ ਅਮਿਤ ਪ੍ਰਸਾਦ ਨੇ ਦੱਸਿਆ ਕਿ ਤਿੰਨਾਂ ਭਗੌੜਿਆਂ ਨੂੰ ਵਿਦੇਸ਼ ਤੋਂ ਵਾਪਸ ਲਿਆਉਣ ਅਤੇ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਇੱਕ ਲੰਬੇ ਸਮੇਂ ਤੱਕ ਚੱਲੀ ਖੁਫੀਆ-ਅਧਾਰਿਤ ਜਾਂਚ ਦਾ ਨਤੀਜਾ ਹੈ।

ਉਨ੍ਹਾਂ ਦੱਸਿਆ ਕਿ ਕਈ ਮਹੀਨਿਆਂ ਦੌਰਾਨ ਇਨ੍ਹਾਂ ਮੁਲਜ਼ਮਾਂ ਦੀਆਂ ਗਤੀਵਿਧੀਆਂ ਅਤੇ ਉਨ੍ਹਾਂ ਨਾਲ ਜੁੜੇ ਨੈੱਟਵਰਕ ’ਤੇ ਲਗਾਤਾਰ ਨਜ਼ਰ ਰੱਖੀ ਗਈ। ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਵਿਚਕਾਰ ਬਿਹਤਰ ਤਾਲਮੇਲ ਦੇ ਨਤੀਜੇ ਵਜੋਂ ਮਲੇਸ਼ੀਆ ਵਿੱਚ ਇਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਬਾਅਦ ਵਿੱਚ ਭਾਰਤ ਭੇਜਿਆ ਗਿਆ।

ਜਸ ਬਹਿਬਲ ਮਲੇਸ਼ੀਆ ਜਾ ਕੇ ਬੰਬੀਹਾ ਗੈਂਗ ਨਾਲ ਜੁੜਿਆ

ਆਈਜੀਪੀ OFTEC ਅਸ਼ੀਸ਼ ਚੌਧਰੀ ਨੇ ਦੱਸਿਆ ਕਿ ਮੁਲਜ਼ਮ ਜਸਪ੍ਰੀਤ ਸਿੰਘ ਉਰਫ਼ ਜਸ ਬਹਿਬਲ ਜੂਨ 2019 ਵਿੱਚ ਮਲੇਸ਼ੀਆ ਗਿਆ ਸੀ। ਉੱਥੇ ਉਸ ਦੀ ਮੁਲਾਕਾਤ ਇੱਕ ਭਗੌੜੇ ਗੈਂਗਸਟਰ ਨਾਲ ਹੋਈ, ਜਿਸ ਰਾਹੀਂ ਉਹ ਦਵਿੰਦਰ ਬੰਬੀਹਾ ਗੈਂਗ ਦੇ ਸੰਪਰਕ ਵਿੱਚ ਆਇਆ ਅਤੇ ਹੌਲੀ-ਹੌਲੀ ਗੈਂਗ ਦੇ ਇੱਕ ਅਹਿਮ ਕਾਰਕੁਨ ਵਜੋਂ ਉਭਰਿਆ।

ਪੁਲਿਸ ਮੁਤਾਬਕ, ਜਸ ਬਹਿਬਲ ਨੂੰ 2025 ਵਿੱਚ ਯਾਦਵਿੰਦਰ ਸਿੰਘ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਆਗੂ ਜੀਵਨਜੋਤ ਸਿੰਘ ਚਾਹਲ ਉਰਫ਼ ਜੁਗਨੂੰ ਦੇ ਡਰਾਈਵਰ ਦੇ ਕਤਲ ਨਾਲ ਸਬੰਧਤ ਮਾਮਲੇ ਵਿੱਚ ਲੋੜੀਂਦਾ ਦੱਸਿਆ ਗਿਆ ਹੈ।

ਲੁਧਿਆਣਾ ਹੈਂਡ ਗ੍ਰਨੇਡ ਧਮਾਕੇ ਦੀ ਸਾਜ਼ਿਸ਼ ਨਾਲ ਵੀ ਜੁੜੇ ਹੋਣ ਦਾ ਦਾਅਵਾ

ਪੁਲਿਸ ਅਨੁਸਾਰ ਅਜੈ ਸਿੰਘ ਅਤੇ ਪਵਨਦੀਪ ਸਿੰਘ ਵੀ ਦਵਿੰਦਰ ਬੰਬੀਹਾ ਗੈਂਗ ਦੇ ਸਰਗਰਮ ਕਾਰਕੁਨ ਹਨ। ਦੋਵਾਂ ’ਤੇ 2025 ਵਿੱਚ ਆਪਣੇ ਹੋਰ ਸਾਥੀਆਂ ਰਾਹੀਂ ਲੁਧਿਆਣਾ ਸ਼ਹਿਰ ਵਿੱਚ ਹੈਂਡ ਗ੍ਰਨੇਡ ਧਮਾਕਾ ਕਰਵਾਉਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਹਨ।

ਹਾਲਾਂਕਿ, ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ 27 ਅਕਤੂਬਰ 2025 ਨੂੰ ਉਨ੍ਹਾਂ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਇਸ ਹਮਲੇ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਪੁਲਿਸ ਨੇ ਉਨ੍ਹਾਂ ਕੋਲੋਂ ਚੀਨ ਵਿੱਚ ਬਣਿਆ P86 ਹੈਂਡ ਗ੍ਰਨੇਡ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ।

ਵਿਦੇਸ਼ਾਂ ਵਿੱਚ ਲੁਕੇ ਅਪਰਾਧੀਆਂ ’ਤੇ ਪੰਜਾਬ ਪੁਲਿਸ ਦੀ ਨਜ਼ਰ

ਪੰਜਾਬ ਪੁਲਿਸ ਨੇ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਅਤੇ ਭਗੌੜੇ ਅਪਰਾਧੀਆਂ ਵਿਰੁੱਧ ਕਾਰਵਾਈ ਨੂੰ ਤੇਜ਼ ਕਰਨ ਲਈ OFTEC ਦੀ ਸਥਾਪਨਾ ਕੀਤੀ ਹੈ। ਇਸ ਸੈੱਲ ਦਾ ਉਦੇਸ਼ ਵਿਦੇਸ਼ਾਂ ਵਿੱਚ ਲੁਕੇ ਅਪਰਾਧੀਆਂ ਦੀ ਪਛਾਣ, ਉਨ੍ਹਾਂ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਅਤੇ ਕੇਂਦਰੀ ਤੇ ਅੰਤਰਰਾਸ਼ਟਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ ਹੈ।

ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਵਿੱਚ ਅਪਰਾਧਿਕ ਗਤੀਵਿਧੀਆਂ ਚਲਾਉਣ ਵਾਲੇ ਮੁਲਜ਼ਮਾਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਉਣ ਲਈ ਅਜਿਹੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ।

Leave a Reply

Your email address will not be published. Required fields are marked *