
ਨਵੀਂ ਦਿੱਲੀ 14 ਫਰਬਰੀ 2026: ਬੰਗਲਾਦੇਸ਼ ਵਿੱਚ ਆਮ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਤਾਰਿਕ ਰਹਿਮਾਨ ਦਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੇ ਮੁਖੀ ਤਾਰਿਕ ਰਹਿਮਾਨ ਨੇ ਪਾਰਟੀ ਦੀ ਭਾਰੀ ਜਿੱਤ ਤੋਂ ਬਾਅਦ ਸ਼ਨੀਵਾਰ, 14 ਫਰਵਰੀ ਨੂੰ ਰਾਸ਼ਟਰ ਨੂੰ ਆਪਣਾ ਪਹਿਲਾ ਸੰਬੋਧਨ ਕੀਤਾ।
ਜਿੱਤ ਤੋਂ ਬਾਅਦ ਰਹਿਮਾਨ ਨੇ ਦੇਸ਼ ਦੇ ਲੋਕਾਂ ਨੂੰ ਇਕਜੁੱਟ ਰਹਿਣ ਦੀ ਅਪੀਲ ਕੀਤੀ ਅਤੇ ਇਹ ਕਾਮਯਾਬੀ ਉਹਨਾਂ ਲੋਕਾਂ ਨੂੰ ਸਮਰਪਿਤ ਕੀਤੀ ਜਿਨ੍ਹਾਂ ਨੇ ਬੰਗਲਾਦੇਸ਼ ਵਿੱਚ ਲੋਕਤੰਤਰ ਲਈ ਕੁਰਬਾਨੀਆਂ ਦਿੱਤੀਆਂ। ਭਾਰਤ ਨਾਲ ਸੰਬੰਧਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਦੀ ਵਿਦੇਸ਼ ਨੀਤੀ ਦੇਸ਼ ਅਤੇ ਉਸਦੇ ਨਾਗਰਿਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਤੈਅ ਕੀਤੀ ਜਾਵੇਗੀ।
ਆਪਣੇ ਪਹਿਲੇ ਭਾਸ਼ਣ ਵਿੱਚ ਤਾਰਿਕ ਰਹਿਮਾਨ ਨੇ ਕਿਹਾ ਕਿ ਸਿਆਸੀ ਅੰਤਰ ਹੋ ਸਕਦੇ ਹਨ, ਪਰ ਦੇਸ਼ ਦੇ ਹਿੱਤ ਲਈ ਸਭ ਨੂੰ ਇਕੱਠੇ ਰਹਿਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੌਮੀ ਏਕਤਾ ਸਾਂਝੀ ਤਾਕਤ ਹੈ, ਜਦਕਿ ਵੰਡ ਕਮਜ਼ੋਰੀ ਦਾ ਕਾਰਨ ਬਣਦੀ ਹੈ।
ਰਹਿਮਾਨ ਨੇ ਆਪਣੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਇਸ ਜਿੱਤ ਨੂੰ ਲੋਕਤੰਤਰਕ ਉਮੀਦਾਂ ਦੀ ਜਿੱਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਅਤੇ ਲੋਕਤੰਤਰ ਨੂੰ ਪਸੰਦ ਕਰਨ ਵਾਲੇ ਲੋਕਾਂ ਨੇ ਇੱਕ ਵਾਰ ਫਿਰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ‘ਤੇ ਭਰੋਸਾ ਜਤਾਇਆ ਹੈ।
ਉਨ੍ਹਾਂ ਇਹ ਵੀ ਮੰਨਿਆ ਕਿ ਨਵੀਂ ਸਰਕਾਰ ਨੂੰ ਕਈ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਪਰ ਪਾਰਟੀ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਣ ਦੀ ਕੋਸ਼ਿਸ਼ ਕਰੇਗੀ।ਚੋਣ ਕਮਿਸ਼ਨ ਮੁਤਾਬਕ, ਬੀਐਨਪੀ ਦੀ ਅਗਵਾਈ ਵਾਲੇ ਗਠਜੋੜ ਨੇ 212 ਸੀਟਾਂ ਹਾਸਲ ਕੀਤੀਆਂ, ਜਦਕਿ ਜਮਾਤ-ਏ-ਇਸਲਾਮੀ ਦੀ ਅਗਵਾਈ ਵਾਲੇ ਗਠਜੋੜ ਨੂੰ 77 ਸੀਟਾਂ ਮਿਲੀਆਂ।ਜਮਾਤ-ਏ-ਇਸਲਾਮੀ ਦੇ ਮੁਖੀ ਸ਼ਫੀਕੁਰ ਰਹਿਮਾਨ ਨੇ ਪਹਿਲਾਂ ਵੋਟਿੰਗ ਪ੍ਰਕਿਰਿਆ ਵਿੱਚ ਗੜਬੜਾਂ ਦੇ ਦੋਸ਼ ਲਗਾਏ, ਪਰ ਬਾਅਦ ਵਿੱਚ ਹਾਰ ਸਵੀਕਾਰ ਕਰ ਲਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੰਵਿਧਾਨਕ ਅਤੇ ਸ਼ਾਂਤੀਪੂਰਨ ਢੰਗ ਨਾਲ ਇੱਕ ਮਜ਼ਬੂਤ ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ।
