
ਨਵੀਂ ਦਿੱਲੀ/ਤਹਿਰਾਨ, 04 ਜੂਨ 2026: ਈਰਾਨ ਦੇ ਮਰਹੂਮ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੇ ਅੰਤਿਮ ਸੰਸਕਾਰ ਸਬੰਧੀ ਵੱਡੀਆਂ ਤਿਆਰੀਆਂ ਜਾਰੀ ਹਨ। ਰਿਪੋਰਟਾਂ ਮੁਤਾਬਕ, ਉਨ੍ਹਾਂ ਦੀ ਮੌਤ ਤੋਂ ਕਰੀਬ ਚਾਰ ਮਹੀਨੇ ਬਾਅਦ ਉਨ੍ਹਾਂ ਨੂੰ ਈਰਾਨ ਦੇ ਪਵਿੱਤਰ ਸ਼ਹਿਰ ਮਸ਼ਹਦ ਵਿੱਚ ਇਮਾਮ ਰਜ਼ਾ ਦੀ ਦਰਗਾਹ ਦੇ ਨੇੜੇ ਦਫ਼ਨਾਇਆ ਜਾਵੇਗਾ।
ਜਾਣਕਾਰੀ ਅਨੁਸਾਰ, ਖਾਮੇਨੇਈ ਦੀ ਆਖਰੀ ਇੱਛਾ ਸੀ ਕਿ ਉਨ੍ਹਾਂ ਨੂੰ ਸ਼ੀਆ ਇਸਲਾਮ ਦੇ ਸਭ ਤੋਂ ਪਵਿੱਤਰ ਅਤੇ ਸਤਿਕਾਰਤ ਧਾਰਮਿਕ ਸਥਾਨਾਂ ਵਿੱਚੋਂ ਇੱਕ ਦੇ ਨੇੜੇ ਦਫ਼ਨਾਇਆ ਜਾਵੇ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਰਾਨ ਦੀ ਰਿਵਾਇਤੀ ਧਾਰਮਿਕ ਪ੍ਰਕਿਰਿਆ ਅਨੁਸਾਰ ਉਨ੍ਹਾਂ ਦਾ ਅੰਤਿਮ ਜਲੂਸ ਤਹਿਰਾਨ ਤੋਂ ਸ਼ੁਰੂ ਹੋ ਕੇ ਕੋਮ ਅਤੇ ਫਿਰ ਮਸ਼ਹਦ ਤੱਕ ਲਿਜਾਇਆ ਜਾਵੇਗਾ।
ਈਰਾਨੀ ਰੈਵੋਲੂਸ਼ਨਰੀ ਗਾਰਡ (IRGC) ਨਾਲ ਜੁੜੇ ਸੂਤਰਾਂ ਮੁਤਾਬਕ, ਇਹ ਅੰਤਿਮ ਸੰਸਕਾਰ ਸਮਾਰੋਹ ਆਧੁਨਿਕ ਇਤਿਹਾਸ ਦੇ ਸਭ ਤੋਂ ਵੱਡੇ ਜਨ ਸਮਾਗਮਾਂ ਵਿੱਚੋਂ ਇੱਕ ਹੋ ਸਕਦਾ ਹੈ। ਅੰਦਾਜ਼ਾ ਹੈ ਕਿ ਤਹਿਰਾਨ, ਕੋਮ ਅਤੇ ਮਸ਼ਹਦ ਵਿੱਚ ਲਗਭਗ 2 ਕਰੋੜ (20 ਮਿਲੀਅਨ) ਲੋਕ ਸ਼ੋਕ ਪ੍ਰਗਟ ਕਰਨ ਲਈ ਇਕੱਠੇ ਹੋ ਸਕਦੇ ਹਨ।
ਰਾਜੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ, ਅੰਤਿਮ ਦਰਸ਼ਨ ਅਤੇ ਸ਼ੋਕ ਸਮਾਰੋਹ ਲਈ ਤਿੰਨ ਦਿਨਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਤਹਿਰਾਨ ਵਿੱਚ ਮੁੱਖ ਅੰਤਿਮ ਸੰਸਕਾਰ ਸਮਾਰੋਹ ਘੱਟੋ-ਘੱਟ 24 ਘੰਟੇ ਚੱਲਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਜਲੂਸ ਧਾਰਮਿਕ ਕੇਂਦਰ ਕੋਮ ਰਾਹੀਂ ਮਸ਼ਹਦ ਵੱਲ ਰਵਾਨਾ ਹੋਵੇਗਾ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤਹਿਰਾਨ ਨਗਰਪਾਲਿਕਾ ਦੇ ਅਧਿਕਾਰੀਆਂ ਅਤੇ IRGC ਵੱਲੋਂ ਸੁਰੱਖਿਆ ਅਤੇ ਭੀੜ ਪ੍ਰਬੰਧਨ ਲਈ ਵਿਸ਼ੇਸ਼ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ, ਕਿਉਂਕਿ ਇੰਨੀ ਵੱਡੀ ਭੀੜ ਨੂੰ ਸੰਭਾਲਣਾ ਇੱਕ ਵੱਡੀ ਚੁਣੌਤੀ ਹੋਵੇਗੀ।
ਦੂਜੇ ਪਾਸੇ, ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ 28 ਫਰਵਰੀ ਨੂੰ ਤਹਿਰਾਨ ਵਿੱਚ ਹੋਏ ਹਵਾਈ ਹਮਲਿਆਂ ਦੌਰਾਨ ਉਨ੍ਹਾਂ ਦਾ ਨਿਵਾਸ ਸਥਾਨ ਤਬਾਹ ਹੋ ਗਿਆ ਸੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਕੁਝ ਹੋਰ ਮੈਂਬਰ ਵੀ ਇਸ ਹਮਲੇ ਵਿੱਚ ਮਾਰੇ ਗਏ ਸਨ। ਹਾਲਾਂਕਿ ਇਸ ਸਬੰਧੀ ਅਧਿਕਾਰਕ ਪੁਸ਼ਟੀ ਸੀਮਿਤ ਹੈ।
ਜੇਕਰ ਅੰਤਿਮ ਸੰਸਕਾਰ ਵਿੱਚ ਲੱਖਾਂ ਦੀ ਭੀੜ ਇਕੱਠੀ ਹੁੰਦੀ ਹੈ ਤਾਂ ਇਹ 1989 ਵਿੱਚ ਇਸਲਾਮੀ ਗਣਰਾਜ ਦੇ ਸੰਸਥਾਪਕ ਅਯਾਤੁੱਲਾ ਰੂਹੁੱਲਾ ਖੋਮੇਨੀ ਦੇ ਅੰਤਿਮ ਸੰਸਕਾਰ ਦੇ ਰਿਕਾਰਡ ਦੇ ਬਰਾਬਰ ਜਾਂ ਉਸ ਤੋਂ ਵੀ ਵੱਧ ਹੋ ਸਕਦਾ ਹੈ।
ਈਰਾਨੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਸਮਾਰੋਹ ਨਾ ਸਿਰਫ਼ ਇੱਕ ਧਾਰਮਿਕ ਰਸਮ ਹੈ, ਸਗੋਂ ਦੇਸ਼ ਦੀ ਰਾਜਨੀਤਿਕ ਅਤੇ ਧਾਰਮਿਕ ਇਕਤਾ ਦਾ ਵੀ ਵੱਡਾ ਪ੍ਰਗਟਾਵਾ ਹੋਵੇਗਾ।
