
ਚੰਡੀਗੜ੍ਹ, 25 ਮਈ 2026: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਸੰਭਾਵਿਤ ਪ੍ਰਮਾਣੂ ਸਮਝੌਤੇ ਨੂੰ ਲੈ ਕੇ ਸਖ਼ਤ ਰੁਖ ਅਪਣਾਉਂਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਸਾਬਕਾ ਰਾਸ਼ਟਰਪਤੀ ਓਬਾਮਾ ਦੀ ਤਰ੍ਹਾਂ ਕੋਈ ਸਮਝੌਤਾ ਨਹੀਂ ਕਰਨਗੇ। ਟਰੰਪ ਨੇ ਕਿਹਾ ਕਿ ਅਮਰੀਕਾ ਲਈ ਜਾਂ ਤਾਂ ਇੱਕ “ਚੰਗਾ ਅਤੇ ਮਜ਼ਬੂਤ” ਸੌਦਾ ਹੋਵੇਗਾ ਜਾਂ ਫਿਰ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ।
ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਬਿਆਨ ਵਿੱਚ ਕਿਹਾ ਕਿ ਕਈ ਅਜਿਹੇ ਸਿਆਸਤਦਾਨ ਅਤੇ ਵਿਸ਼ਲੇਸ਼ਕ ਵੀ ਈਰਾਨ ਸਮਝੌਤੇ ਦੀ ਆਲੋਚਨਾ ਕਰ ਰਹੇ ਹਨ ਜਿਨ੍ਹਾਂ ਨੂੰ ਇਸ ਮਾਮਲੇ ਦੀ ਪੂਰੀ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਆਪਣੇ ਵਿਰੋਧੀਆਂ ਨੂੰ “ਕਮਜ਼ੋਰ” ਕਰਾਰ ਦਿੰਦਿਆਂ ਕਿਹਾ ਕਿ ਇਹ ਲੋਕ ਦੇਸ਼ ਨੂੰ ਇਕਜੁੱਟ ਕਰਨ ਦੀ ਬਜਾਏ ਵੰਡਣ ਦਾ ਕੰਮ ਕਰ ਰਹੇ ਹਨ।
ਅਮਰੀਕੀ ਰਾਸ਼ਟਰਪਤੀ ਨੇ 2015 ਦੇ ਪ੍ਰਮਾਣੂ ਸਮਝੌਤੇ ਨੂੰ “ਇੱਕ ਵੱਡੀ ਆਫ਼ਤ” ਦੱਸਦਿਆਂ ਕਿਹਾ ਕਿ ਉਸ ਸਮਝੌਤੇ ਨੇ ਈਰਾਨ ਲਈ ਪ੍ਰਮਾਣੂ ਹਥਿਆਰਾਂ ਵੱਲ ਰਸਤਾ ਖੋਲ੍ਹ ਦਿੱਤਾ ਸੀ। ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਕਦੇ ਵੀ ਅਜਿਹਾ ਸਮਝੌਤਾ ਨਹੀਂ ਕਰੇਗੀ ਜੋ ਅਮਰੀਕਾ ਜਾਂ ਉਸਦੇ ਸਾਥੀਆਂ ਦੀ ਸੁਰੱਖਿਆ ਲਈ ਖ਼ਤਰਾ ਬਣੇ।
ਦੂਜੇ ਪਾਸੇ ਅਮਰੀਕਾ ਅਤੇ ਈਰਾਨ ਵਿਚਕਾਰ ਚੱਲ ਰਹੀਆਂ ਗੱਲਬਾਤਾਂ ਦੇ ਬਾਵਜੂਦ ਹਾਲੇ ਤੱਕ ਕੋਈ ਅੰਤਿਮ ਸਹਿਮਤੀ ਨਹੀਂ ਬਣ ਸਕੀ। ਇਸ ਤੋਂ ਪਹਿਲਾਂ ਕਈ ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਦੋਵੇਂ ਦੇਸ਼ ਐਤਵਾਰ ਤੱਕ ਜੰਗਬੰਦੀ ਵਧਾਉਣ ਅਤੇ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ ਸਬੰਧੀ ਕਿਸੇ ਸਮਝੌਤੇ ‘ਤੇ ਪਹੁੰਚ ਸਕਦੇ ਹਨ, ਪਰ ਅਜਿਹਾ ਨਹੀਂ ਹੋ ਸਕਿਆ।
ਈਰਾਨ ਵੱਲੋਂ ਵੀ ਓਮਾਨ ਦੇ ਜ਼ਰੀਏ ਅਮਰੀਕਾ ਤੱਕ ਆਪਣਾ ਸੁਨੇਹਾ ਪਹੁੰਚਾਇਆ ਗਿਆ ਹੈ। ਈਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ਮ ਗ਼ਰੀਬਾਬਾਦੀ ਨੇ ਕਿਹਾ ਕਿ ਉਨ੍ਹਾਂ ਨੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਦਾ ਸੰਦੇਸ਼ ਓਮਾਨ ਦੇ ਵਿਦੇਸ਼ ਮੰਤਰੀ ਤੱਕ ਪਹੁੰਚਾਇਆ ਹੈ।
ਇਸ ਦੌਰਾਨ ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਗਾਕਿਆਨ ਨੇ ਕਿਹਾ ਕਿ ਦੇਸ਼ ਵਿੱਚ ਕੋਈ ਵੀ ਵੱਡਾ ਫੈਸਲਾ ਸੁਪਰੀਮ ਲੀਡਰ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਲਿਆ ਜਾਵੇਗਾ। ਉਨ੍ਹਾਂ ਦੇ ਇਸ ਬਿਆਨ ਤੋਂ ਸਾਫ਼ ਹੈ ਕਿ ਈਰਾਨ ਦੀ ਅੰਤਿਮ ਨੀਤੀ ਵਿੱਚ ਸੁਪਰੀਮ ਲੀਡਰ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਰਹੇਗੀ।
ਉੱਧਰ, ਪ੍ਰਸਤਾਵਿਤ ਅਮਰੀਕਾ-ਈਰਾਨ ਸਮਝੌਤੇ ਨੂੰ ਲੈ ਕੇ ਇਜ਼ਰਾਈਲ ਵਿੱਚ ਵੀ ਚਿੰਤਾਵਾਂ ਵਧ ਰਹੀਆਂ ਹਨ। ਇੱਕ ਇਜ਼ਰਾਈਲੀ ਅਧਿਕਾਰੀ ਨੇ ਕਿਹਾ ਕਿ ਜੇਕਰ ਸਮਝੌਤਾ ਹੁੰਦਾ ਹੈ ਤਾਂ ਇਹ ਈਰਾਨ ਨੂੰ ਇਹ ਸੰਦੇਸ਼ ਦੇ ਸਕਦਾ ਹੈ ਕਿ ਉਹ ਹੋਰਮੁਜ਼ ਜਲਡਮਰੂ ਨੂੰ ਭਵਿੱਖ ਵਿੱਚ ਦਬਾਅ ਦੇ ਹਥਿਆਰ ਵਜੋਂ ਵਰਤ ਸਕਦਾ ਹੈ। ਇਸ ਮਾਮਲੇ ਨੇ ਮੱਧ ਪੂਰਬ ਦੀ ਰਾਜਨੀਤੀ ਅਤੇ ਸੁਰੱਖਿਆ ਸਥਿਤੀ ਨੂੰ ਹੋਰ ਸੰਵੇਦਨਸ਼ੀਲ ਬਣਾ ਦਿੱਤਾ ਹੈ।
