Wednesday, July 29Punjabi People

ਚੰਡੀਗੜ੍ਹ ਦੀ ਵਿਰਾਸਤ ਦੀ ਰੱਖਿਆ ਲਈ ਵੱਡੀ ਕਾਮਯਾਬੀ: ਸਪੇਨ ਵਿੱਚ ਹੋਣ ਵਾਲੀ ਵਿਰਾਸਤੀ ਫਰਨੀਚਰ ਦੀ ਨਿਲਾਮੀ ਰੁਕਵਾਈ

ਚੰਡੀਗੜ੍ਹ, 21 ਜੁਲਾਈ 2026: ਚੰਡੀਗੜ੍ਹ ਦੀ ਵਿਸ਼ਵ ਪ੍ਰਸਿੱਧ ਵਿਰਾਸਤ ਦੀ ਸੁਰੱਖਿਆ ਲਈ ਇੱਕ ਅਹਿਮ ਕਾਮਯਾਬੀ ਹਾਸਲ ਹੋਈ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਤੁਰੰਤ ਅਤੇ ਪ੍ਰਭਾਵਸ਼ਾਲੀ ਦਖਲ ਸਦਕਾ ਸਪੇਨ ਦੇ ਬਾਰਸਿਲੋਨਾ ਵਿੱਚ 22 ਜੁਲਾਈ 2026 ਨੂੰ ਹੋਣ ਵਾਲੀ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਨੂੰ ਸਫਲਤਾਪੂਰਵਕ ਰੋਕ ਦਿੱਤਾ ਗਿਆ ਹੈ। ਇਸ ਨੂੰ ਚੰਡੀਗੜ੍ਹ ਦੀ ਸੱਭਿਆਚਾਰਕ ਅਤੇ ਵਾਸਤੂਕਲਾ ਵਿਰਾਸਤ ਦੀ ਸੰਭਾਲ ਵੱਲ ਇੱਕ ਵੱਡੀ ਉਪਲਬਧੀ ਮੰਨਿਆ ਜਾ ਰਿਹਾ ਹੈ।

ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਨਿਰਦੇਸ਼ਾਂ ਅਤੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ ਦੀ ਰਹਿਨੁਮਾਈ ਹੇਠ ਸੱਭਿਆਚਾਰ ਸਕੱਤਰ ਡਾ. ਸਈਅਦ ਆਬਿਦ ਰਸ਼ੀਦ ਸ਼ਾਹ ਨੇ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਧਿਆਨ ਵਿੱਚ ਲਿਆਂਦਾ। ਉਨ੍ਹਾਂ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਕਿ ਇਸ ਕੀਮਤੀ ਵਿਰਾਸਤੀ ਸੰਪਤੀ ਦੀ ਨਿਲਾਮੀ ਨੂੰ ਰੋਕਣ ਅਤੇ ਇਸ ਦੀ ਸੁਰੱਖਿਆ ਲਈ ਤੁਰੰਤ ਕੂਟਨੀਤਿਕ ਦਖਲ ਦਿੱਤਾ ਜਾਵੇ।

ਚੰਡੀਗੜ੍ਹ ਪ੍ਰਸ਼ਾਸਨ ਦੀ ਅਪੀਲ ‘ਤੇ ਤੁਰੰਤ ਕਾਰਵਾਈ ਕਰਦਿਆਂ ਵਿਦੇਸ਼ ਮੰਤਰਾਲੇ ਨੇ ਸਪੇਨ ਵਿੱਚ ਸਥਿਤ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ। ਦੂਤਾਵਾਸ ਦੇ ਦਖਲ ਤੋਂ ਬਾਅਦ ਨਿਲਾਮੀ ਕਰਵਾਉਣ ਵਾਲੀ ਸੰਸਥਾ ਨੇ ਚੰਡੀਗੜ੍ਹ ਨਾਲ ਸਬੰਧਤ ਵਿਰਾਸਤੀ ਫਰਨੀਚਰ ਨੂੰ ਨਿਲਾਮੀ ਦੀ ਸੂਚੀ ਵਿੱਚੋਂ ਵਾਪਸ ਲੈ ਲਿਆ।

ਵਿਦੇਸ਼ ਮੰਤਰਾਲੇ ਨੇ ਅੱਜ ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਅਧਿਕਾਰਤ ਤੌਰ ‘ਤੇ ਜਾਣਕਾਰੀ ਦਿੱਤੀ ਕਿ ਸਪੇਨ ਵਿੱਚ ਭਾਰਤੀ ਦੂਤਾਵਾਸ ਦੀ ਦਖਲਅੰਦਾਜ਼ੀ ਸਦਕਾ ਇਹ ਵਿਰਾਸਤੀ ਸਮੱਗਰੀ ਹੁਣ ਨਿਲਾਮੀ ਦਾ ਹਿੱਸਾ ਨਹੀਂ ਰਹੇਗੀ।

ਇਹ ਵਿਰਾਸਤੀ ਫਰਨੀਚਰ ਚੰਡੀਗੜ੍ਹ ਦੀ ਸੰਸਥਾਗਤ ਵਿਰਾਸਤ ਅਤੇ ਸ਼ਹਿਰ ਦੀ ਵਿਲੱਖਣ ਆਧੁਨਿਕ ਵਾਸਤੂਕਲਾ ਦੀ ਪਛਾਣ ਦਾ ਅਟੁੱਟ ਹਿੱਸਾ ਮੰਨਿਆ ਜਾਂਦਾ ਹੈ। ਵਿਸ਼ਵ ਪ੍ਰਸਿੱਧ ਵਾਸਤੂਕਾਰਾਂ ਦੀ ਸੋਚ ਅਤੇ ਡਿਜ਼ਾਈਨ ਦਰਸ਼ਨ ਨਾਲ ਜੁੜਿਆ ਇਹ ਫਰਨੀਚਰ ਸਿਰਫ਼ ਇੱਕ ਇਤਿਹਾਸਕ ਵਸਤੂ ਨਹੀਂ, ਸਗੋਂ ਚੰਡੀਗੜ੍ਹ ਦੀ ਵਿਸ਼ਵ ਪੱਧਰੀ ਪਛਾਣ ਅਤੇ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੈ।

ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਗੱਲ ‘ਤੇ ਗੰਭੀਰ ਇਤਰਾਜ਼ ਜਤਾਇਆ ਸੀ ਕਿ ਇਸ ਵਿਰਾਸਤੀ ਫਰਨੀਚਰ ਨੂੰ ਸਪੇਨ ਵਿੱਚ ਨਿਲਾਮੀ ਲਈ ਕਿਵੇਂ ਪਹੁੰਚਾਇਆ ਗਿਆ। ਪ੍ਰਸ਼ਾਸਨ ਨੇ ਇਸ ਦੀ ਮਾਲਕੀ, ਮੂਲ ਸਰੋਤ ਅਤੇ ਇਸ ਨੂੰ ਦੇਸ਼ ਤੋਂ ਬਾਹਰ ਲਿਜਾਣ ਅਤੇ ਨਿਰਯਾਤ ਕਰਨ ਦੀ ਕਾਨੂੰਨੀ ਪ੍ਰਕਿਰਿਆ ਬਾਰੇ ਵੀ ਸਵਾਲ ਉਠਾਏ ਸਨ ਅਤੇ ਪੂਰੀ ਜਾਂਚ ਦੀ ਮੰਗ ਕੀਤੀ ਸੀ।

ਪ੍ਰਸ਼ਾਸਨ ਨੇ ਕਿਹਾ ਕਿ ਚੰਡੀਗੜ੍ਹ ਦੀ ਵਿਰਾਸਤ ਨਾਲ ਜੁੜੀਆਂ ਅਜਿਹੀਆਂ ਕੀਮਤੀ ਵਸਤਾਂ ਦੀ ਸੰਭਾਲ ਅਤੇ ਸੁਰੱਖਿਆ ਲਈ ਭਵਿੱਖ ਵਿੱਚ ਵੀ ਹਰ ਸੰਭਵ ਕਦਮ ਚੁੱਕੇ ਜਾਣਗੇ। ਇਸ ਘਟਨਾ ਨੇ ਇੱਕ ਵਾਰ ਫਿਰ ਇਹ ਸਾਬਤ ਕੀਤਾ ਹੈ ਕਿ ਭਾਰਤ ਦੀ ਸੱਭਿਆਚਾਰਕ ਅਤੇ ਇਤਿਹਾਸਕ ਧਰੋਹਰ ਦੀ ਰੱਖਿਆ ਲਈ ਕੇਂਦਰ ਸਰਕਾਰ, ਵਿਦੇਸ਼ ਮੰਤਰਾਲਾ, ਭਾਰਤੀ ਦੂਤਾਵਾਸ ਅਤੇ ਚੰਡੀਗੜ੍ਹ ਪ੍ਰਸ਼ਾਸਨ ਮਿਲ ਕੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਹੇ ਹਨ।

Leave a Reply

Your email address will not be published. Required fields are marked *