Tuesday, October 20Punjabi People

ਚੰਡੀਗੜ੍ਹ ਦੇ ਛੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਤੇ ਸੁਰੱਖਿਆ ਏਜੰਸੀਆਂ ਅਲਰਟ

ਚੰਡੀਗੜ੍ਹ, 5 ਅਕਤੂਬਰ 2026: ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ਵਿੱਚ ਸਥਿਤ ਛੇ ਸਕੂਲਾਂ ਨੂੰ ਸੋਮਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚ ਗਿਆ। ਧਮਕੀ ਮਿਲਦੇ ਹੀ ਪੁਲਿਸ ਕੰਟਰੋਲ ਰੂਮ ਵੱਲੋਂ ਸਬੰਧਤ ਸੁਰੱਖਿਆ ਏਜੰਸੀਆਂ ਨੂੰ ਸੂਚਿਤ ਕਰਦਿਆਂ ਸਕੂਲਾਂ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਧਮਕੀ ਵਾਲੇ ਸੁਨੇਹਿਆਂ ਵਿੱਚ ਏਅਰ ਫੋਰਸ ਸਕੂਲ ਸੈਕਟਰ-31, ਸੇਂਟ ਸੋਲਜਰ ਇੰਟਰਨੈਸ਼ਨਲ ਸਕੂਲ ਸੈਕਟਰ-28, ਡੀਏਵੀ ਮਾਡਲ ਸਕੂਲ ਸੈਕਟਰ-15, ਸੇਂਟ ਸਟੀਫਨ ਸਕੂਲ ਸੈਕਟਰ-45 ਅਤੇ ਅਜੀਤ ਸਕੂਲ ਸੈਕਟਰ-41 ਤੇ ਸੈਕਟਰ-45 ਦਾ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਸਥਿਤ ਅੰਕੁਰ ਸਕੂਲ ਨੂੰ ਲੈ ਕੇ ਵੀ ਧਮਕੀ ਸੁਨੇਹਾ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਪੁਲਿਸ ਟੀਮਾਂ ਨੇ ਸਕੂਲਾਂ ਵਿੱਚ ਸੰਭਾਲਿਆ ਮੋਰਚਾ

ਧਮਕੀ ਦੀ ਸੂਚਨਾ ਮਿਲਦੇ ਹੀ ਪੁਲਿਸ ਦੀਆਂ ਟੀਮਾਂ ਸਬੰਧਤ ਸਕੂਲਾਂ ਵਿੱਚ ਪਹੁੰਚ ਗਈਆਂ। ਸੁਰੱਖਿਆ ਕਰਮਚਾਰੀਆਂ ਵੱਲੋਂ ਸਕੂਲਾਂ ਦੇ ਕੈਂਪਸ, ਇਮਾਰਤਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਕਿਸੇ ਵੀ ਸੰਭਾਵਿਤ ਖ਼ਤਰੇ ਨੂੰ ਦੇਖਦੇ ਹੋਏ ਬੰਬ ਨਿਰੋਧਕ ਦਸਤੇ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਵੀ ਅਲਰਟ ’ਤੇ ਰੱਖਿਆ ਗਿਆ ਹੈ।

ਧਮਕੀ ਅਸਲੀ ਜਾਂ ਫਰਜ਼ੀ, ਜਾਂਚ ਜਾਰੀ

ਫਿਲਹਾਲ ਕਿਸੇ ਵੀ ਸਕੂਲ ਦੇ ਅੰਦਰੋਂ ਸ਼ੱਕੀ ਵਸਤੂ ਜਾਂ ਵਿਸਫੋਟਕ ਸਮੱਗਰੀ ਮਿਲਣ ਦੀ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਵੱਲੋਂ ਧਮਕੀ ਭੇਜਣ ਦੇ ਸਰੋਤ ਅਤੇ ਇਸ ਨਾਲ ਜੁੜੇ ਤਕਨੀਕੀ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਂਚ ਏਜੰਸੀਆਂ ਇਹ ਪਤਾ ਲਗਾਉਣ ਵਿੱਚ ਜੁਟੀਆਂ ਹਨ ਕਿ ਧਮਕੀ ਵਾਲੇ ਸੁਨੇਹੇ ਕਿੱਥੋਂ ਭੇਜੇ ਗਏ ਅਤੇ ਇਨ੍ਹਾਂ ਪਿੱਛੇ ਕਿਸ ਦਾ ਹੱਥ ਹੈ। ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿਸੇ ਅਸਲ ਖ਼ਤਰੇ ਨਾਲ ਸਬੰਧਤ ਹਨ ਜਾਂ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਭੇਜੇ ਗਏ ਫਰਜ਼ੀ ਸੁਨੇਹੇ ਹਨ।

ਪੁਲਿਸ ਵੱਲੋਂ ਲੋਕਾਂ ਨੂੰ ਘਬਰਾਉਣ ਦੀ ਬਜਾਏ ਸਾਵਧਾਨ ਰਹਿਣ ਅਤੇ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਜਾ ਰਹੀ ਹੈ। ਸੁਰੱਖਿਆ ਜਾਂਚ ਪੂਰੀ ਹੋਣ ਅਤੇ ਧਮਕੀ ਦੇ ਸਰੋਤ ਦਾ ਪਤਾ ਲੱਗਣ ਤੋਂ ਬਾਅਦ ਹੀ ਪੂਰੀ ਸਥਿਤੀ ਸਪੱਸ਼ਟ ਹੋਵੇਗੀ।

Leave a Reply

Your email address will not be published. Required fields are marked *