
ਨਵੀਂ ਦਿੱਲੀ, 13 ਅਪ੍ਰੈਲ 2026: ਸੋਮਵਾਰ ਨੂੰ ਦਿੱਲੀ ਦੇ ਸਰਾਫਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ। ਜੇ ਤੁਸੀਂ ਗਹਿਣੇ ਖਰੀਦਣ ਜਾਂ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਗਲੋਬਲ ਸੰਕੇਤਾਂ ਕਾਰਨ ਆਈ ਇਹ ਕਮੀ ਤੁਹਾਡੇ ਬਜਟ ਲਈ ਕੁਝ ਰਾਹਤ ਲੈ ਕੇ ਆ ਸਕਦੀ ਹੈ।
ਆਲ ਇੰਡੀਆ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ, ਦਿੱਲੀ ਵਿੱਚ ਚਾਂਦੀ ਦੀ ਕੀਮਤ ₹1,800 (ਲਗਭਗ 1%) ਘੱਟ ਕੇ ₹2,45,200 ਪ੍ਰਤੀ ਕਿਲੋਗ੍ਰਾਮ ਰਹਿ ਗਈ, ਜਦਕਿ ਪਿਛਲੇ ਸ਼ੁੱਕਰਵਾਰ ਇਹ ₹2,47,000 ‘ਤੇ ਬੰਦ ਹੋਈ ਸੀ।ਚਾਂਦੀ ਦੇ ਨਾਲ-ਨਾਲ ਸੋਨੇ ਦੀਆਂ ਕੀਮਤਾਂ ਵਿੱਚ ਵੀ ਕਮੀ ਆਈ। 99.9 ਫੀਸਦੀ ਖ਼ਾਲਿਸ ਸੋਨਾ ₹300 ਸਸਤਾ ਹੋ ਕੇ ₹1,55,000 ਪ੍ਰਤੀ 10 ਗ੍ਰਾਮ ‘ਤੇ ਆ ਗਿਆ, ਜਦਕਿ ਸ਼ੁੱਕਰਵਾਰ ਨੂੰ ਇਸਦੀ ਕੀਮਤ ₹1,55,300 ਸੀ।
ਬਾਜ਼ਾਰ ਮਾਹਿਰਾਂ ਦੇ ਮੁਤਾਬਕ, ਵਿਸ਼ਵ ਪੱਧਰ ‘ਤੇ ਹੋ ਰਹੀਆਂ ਘਟਨਾਵਾਂ ਦਾ ਸਿੱਧਾ ਪ੍ਰਭਾਵ ਘਰੇਲੂ ਕੀਮਤਾਂ ‘ਤੇ ਪਿਆ ਹੈ। HDFC ਸਿਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਦੱਸਿਆ ਕਿ ਅਮਰੀਕਾ ਅਤੇ ਈਰਾਨ ਵਿਚਾਲੇ ਜੰਗਬੰਦੀ ਬਾਰੇ ਚਰਚਾਵਾਂ ਨੇ ਅਹਿਮ ਭੂਮਿਕਾ ਨਿਭਾਈ। ਇਸ ਕਾਰਨ ਅਮਰੀਕੀ ਡਾਲਰ ਅਤੇ ਟ੍ਰੇਜ਼ਰੀ ਯੀਲਡ ਮਜ਼ਬੂਤ ਹੋਏ, ਜਿਸ ਨਾਲ ਕੀਮਤੀ ਧਾਤਾਂ ‘ਤੇ ਦਬਾਅ ਬਣਿਆ।ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸਪਾਟ ਚਾਂਦੀ ਦੀ ਕੀਮਤ 2.09% ਘਟ ਕੇ $74.31 ਪ੍ਰਤੀ ਔਂਸ ਰਹਿ ਗਈ।ਐਲਕੇਪੀ ਸਿਕਿਓਰਿਟੀਜ਼ ਦੇ ਵਿਸ਼ਲੇਸ਼ਕ ਜਤਿਨ ਤ੍ਰਿਵੇਦੀ ਨੇ ਕਿਹਾ ਕਿ ਨਿਵੇਸ਼ਕਾਂ ਵੱਲੋਂ ਸੋਨੇ ਵਿੱਚ ਵੱਡੇ ਪੱਧਰ ‘ਤੇ ਮੁਨਾਫ਼ਾ ਵਸੂਲਿਆ ਗਿਆ। ਉਨ੍ਹਾਂ ਦੇ ਅਨੁਸਾਰ, ਅਮਰੀਕਾ ਵੱਲੋਂ ਹੋਰਮੁਜ਼ ਜਲਡਮਰੂ ਨੂੰ ਸੁਰੱਖਿਅਤ ਕਰਨ ਜਾਂ ਬੰਦ ਕਰਨ ਸੰਬੰਧੀ ਖ਼ਬਰਾਂ ਨੇ ਤੇਲ ਦੀ ਸਪਲਾਈ ਅਤੇ ਕੀਮਤਾਂ ਬਾਰੇ ਚਿੰਤਾਵਾਂ ਵਧਾ ਦਿੱਤੀਆਂ ਹਨ, ਜਿਸ ਨਾਲ ਬਾਜ਼ਾਰ ਵਿੱਚ ਅਨਿਸ਼ਚਿਤਤਾ ਬਣੀ ਹੋਈ ਹੈ।ਧਿਆਨਯੋਗ ਹੈ ਕਿ ਦਿੱਲੀ ਸਰਾਫਾ ਬਾਜ਼ਾਰ ਮੰਗਲਵਾਰ, 14 ਅਪ੍ਰੈਲ ਨੂੰ ਡਾ. ਭੀਮ ਰਾਓ ਅੰਬੇਡਕਰ ਦੀ ਜਯੰਤੀ ਮੌਕੇ ਬੰਦ ਰਹੇਗਾ, ਇਸ ਲਈ ਅਗਲੀ ਕੀਮਤਾਂ ਵਿੱਚ ਹੇਰਫੇਰ ਬੁੱਧਵਾਰ ਨੂੰ ਹੀ ਦੇਖਣ ਨੂੰ ਮਿਲੇਗੀ।ਇਸਦੇ ਨਾਲ ਹੀ, ਸਪਾਟ ਸੋਨੇ ਦੀ ਅੰਤਰਰਾਸ਼ਟਰੀ ਕੀਮਤ ਵੀ $25.92 ਘਟ ਕੇ $4,722.26 ਪ੍ਰਤੀ ਔਂਸ ‘ਤੇ ਆ ਗਈ।
