Friday, June 5Punjabi People

ਲੁਧਿਆਣਾ ਵਿੱਚ ਨੌਜਵਾਨ ਕੁੜੀਆਂ ਦੇ ਲਾਪਤਾ ਮਾਮਲੇ ‘ਤੇ ਮਹਿਲਾ ਕਮਿਸ਼ਨ ਵੱਲੋਂ ਨੋਟਿਸ, ਪੁਲਿਸ ਤੋਂ ਰਿਪੋਰਟ ਤਲਬ

ਚੰਡੀਗੜ੍ਹ, 5 ਜੂਨ 2026: ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਲੁਧਿਆਣਾ ਵਿੱਚ ਵੱਖ-ਵੱਖ ਇਲਾਕਿਆਂ ਤੋਂ ਨੌਜਵਾਨ ਕੁੜੀਆਂ ਦੇ ਲਾਪਤਾ ਹੋਣ ਸਬੰਧੀ ਸੋਸ਼ਲ ਮੀਡੀਆ ‘ਤੇ ਆ ਰਹੀਆਂ ਰਿਪੋਰਟਾਂ ਦਾ ਗੰਭੀਰ ਨੋਟਿਸ ਲਿਆ ਹੈ। ਇਸ ਮਾਮਲੇ ਨੂੰ ਤੁਰੰਤ ਤਰਜੀਹ ਦਿੰਦਿਆਂ ਉਨ੍ਹਾਂ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਤੋਂ ਵਿਸਥਾਰਪੂਰਵਕ ਰਿਪੋਰਟ ਮੰਗੀ ਅਤੇ ਸਬੰਧਤ ਪੁਲਿਸ ਅਧਿਕਾਰੀਆਂ ਨਾਲ ਉੱਚ ਪੱਧਰੀ ਵਿਚਾਰ-ਵਟਾਂਦਰਾ ਕੀਤਾ।

ਮਹਿਲਾ ਕਮਿਸ਼ਨ ਵੱਲੋਂ ਪ੍ਰਾਪਤ ਮੁੱਢਲੀ ਜਾਣਕਾਰੀ ਅਨੁਸਾਰ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ ਕੁੱਲ 10 ਐਫ਼.ਆਈ.ਆਰਜ਼ ਦਰਜ ਕੀਤੀਆਂ ਗਈਆਂ ਹਨ। ਇਹ ਮਾਮਲੇ ਵੱਖ-ਵੱਖ ਸਮੇਂ ਅਤੇ ਵੱਖ-ਵੱਖ ਥਾਵਾਂ ਤੋਂ ਲਾਪਤਾ ਹੋਈਆਂ ਕੁੜੀਆਂ ਨਾਲ ਸਬੰਧਿਤ ਹਨ।

ਪੁਲਿਸ ਵੱਲੋਂ ਕੀਤੀ ਜਾ ਰਹੀ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਹੁਣ ਤੱਕ ਕਿਸੇ ਵੀ ਮਾਮਲੇ ਵਿੱਚ ਕਿਸੇ ਸੰਗਠਿਤ ਅਗਵਾ ਗਿਰੋਹ ਜਾਂ ਵੱਡੀ ਅਪਰਾਧਿਕ ਸਾਜ਼ਿਸ਼ ਦੇ ਸਬੂਤ ਨਹੀਂ ਮਿਲੇ ਹਨ। ਕਈ ਕੇਸਾਂ ਵਿੱਚ ਇਹ ਸੰਕੇਤ ਮਿਲੇ ਹਨ ਕਿ ਕੁੜੀਆਂ ਆਪਣੇ ਨਿੱਜੀ ਜਾਂ ਪਰਿਵਾਰਕ ਕਾਰਨਾਂ ਕਰਕੇ ਆਪਣੀ ਮਰਜ਼ੀ ਨਾਲ ਘਰੋਂ ਗਈਆਂ ਸਨ। ਹਾਲਾਂਕਿ ਪੁਲਿਸ ਸਾਰੇ ਪਹਿਲੂਆਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਕਿਸੇ ਵੀ ਸੰਭਾਵਨਾ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ।

ਅਧਿਕਾਰੀਆਂ ਅਨੁਸਾਰ ਕੁਝ ਲਾਪਤਾ ਕੁੜੀਆਂ ਨੂੰ ਪਹਿਲਾਂ ਹੀ ਸੁਰੱਖਿਅਤ ਢੰਗ ਨਾਲ ਲੱਭ ਕੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾ ਦਿੱਤਾ ਗਿਆ ਹੈ। ਖਾਸ ਤੌਰ ‘ਤੇ ਜਮਾਲਪੁਰ ਪੁਲਿਸ ਥਾਣੇ ਨਾਲ ਜੁੜੇ ਇੱਕ ਮਾਮਲੇ ਵਿੱਚ ਉੱਤਰ ਪ੍ਰਦੇਸ਼ ਦੀਆਂ ਤਿੰਨ ਕੁੜੀਆਂ ਨੂੰ ਵੀ ਬਰਾਮਦ ਕੀਤਾ ਗਿਆ ਹੈ। ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਉਹ ਕਿਸੇ ਜ਼ਬਰਦਸਤੀ ਨਹੀਂ, ਸਗੋਂ ਨਿੱਜੀ ਪਰਿਵਾਰਕ ਕਾਰਨਾਂ ਕਰਕੇ ਆਪਣੇ ਘਰੋਂ ਗਈਆਂ ਸਨ।

ਮੌਜੂਦਾ ਸਮੇਂ ਵਿੱਚ ਪੁਲਿਸ ਵੱਲੋਂ ਤਕਨੀਕੀ ਸਹਾਇਤਾ, ਫੀਲਡ ਜਾਂਚ ਅਤੇ ਅੰਤਰ-ਜ਼ਿਲ੍ਹਾ ਤਾਲਮੇਲ ਰਾਹੀਂ ਬਾਕੀ ਰਹਿ ਗਈਆਂ ਲਾਪਤਾ ਕੁੜੀਆਂ ਦੀ ਭਾਲ ਲਈ ਕਾਰਵਾਈ ਜਾਰੀ ਹੈ। ਸੁਰੱਖਿਆ ਏਜੰਸੀਆਂ 24 ਘੰਟੇ ਸਰਗਰਮ ਰਹਿ ਕੇ ਮਾਮਲੇ ਦੀ ਨਿਗਰਾਨੀ ਕਰ ਰਹੀਆਂ ਹਨ ਅਤੇ ਹਰ ਸੰਭਾਵਿਤ ਪੱਖ ਦੀ ਜਾਂਚ ਕੀਤੀ ਜਾ ਰਹੀ ਹੈ।

ਰਾਜ ਲਾਲੀ ਗਿੱਲ ਨੇ ਕਿਹਾ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਅਤੇ ਪੰਜਾਬ ਪੁਲਿਸ ਔਰਤਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਜਿਹੜੀਆਂ ਕੁੜੀਆਂ ਅਜੇ ਵੀ ਲਾਪਤਾ ਹਨ, ਉਨ੍ਹਾਂ ਨੂੰ ਜਲਦ ਤੋਂ ਜਲਦ ਲੱਭ ਕੇ ਸੁਰੱਖਿਅਤ ਤਰੀਕੇ ਨਾਲ ਪਰਿਵਾਰਾਂ ਨਾਲ ਮਿਲਾਇਆ ਜਾਵੇਗਾ।

ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨਾਲ ਜੁੜੀਆਂ ਅਣਪੁਸ਼ਟੀਤ ਖਬਰਾਂ ਜਾਂ ਅਫਵਾਹਾਂ ‘ਤੇ ਧਿਆਨ ਨਾ ਦੇਣ ਅਤੇ ਨਾ ਹੀ ਉਨ੍ਹਾਂ ਨੂੰ ਫੈਲਾਉਣ, ਕਿਉਂਕਿ ਇਸ ਨਾਲ ਸਮਾਜ ਵਿੱਚ ਬੇਵਜ੍ਹਾ ਡਰ ਅਤੇ ਗਲਤਫਹਮੀਆਂ ਪੈਦਾ ਹੋ ਸਕਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕਿਸੇ ਕੋਲ ਭਰੋਸੇਯੋਗ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪੁਲਿਸ ਜਾਂ ਮਹਿਲਾ ਕਮਿਸ਼ਨ ਨਾਲ ਸਾਂਝੀ ਕਰੇ, ਤਾਂ ਜੋ ਜਾਂਚ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ।

Leave a Reply

Your email address will not be published. Required fields are marked *