
ਚੰਡੀਗੜ੍ਹ, 8 ਜੂਨ 2026: ਚੰਡੀਗੜ੍ਹ ਦੀ ਵਧੀਕ ਸੈਸ਼ਨ ਜੱਜ ਅਦਾਲਤ ਨੇ ਵਿਜੀਲੈਂਸ ਮੁਖੀ ਦੇ ਰੀਡਰ ਓ.ਪੀ. ਰਾਣਾ ਦੇ ਪੁਲੀਸ ਰਿਮਾਂਡ ਵਿੱਚ ਪੰਜ ਦਿਨਾਂ ਦਾ ਵਾਧਾ ਕਰਦਿਆਂ ਉਸ ਨੂੰ 12 ਜੂਨ ਤੱਕ ਸੀਬੀਆਈ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਬੁੜੈਲ ਜੇਲ੍ਹ ਵਿੱਚ ਬੰਦ ਰਾਘਵ ਗੋਇਲ ਅਤੇ ਅੰਕਿਤ ਵਧਵਾ ਨੂੰ ਵੀ ਪੰਜ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ ਹੈ। ਸੀਬੀਆਈ ਨੇ ਦੋਵਾਂ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ਰਾਹੀਂ ਜੇਲ੍ਹ ਤੋਂ ਹਾਸਲ ਕੀਤਾ ਹੈ।
ਸੀਬੀਆਈ ਹੁਣ ਪਹਿਲੀ ਵਾਰ ਰੀਡਰ ਰਾਣਾ, ਰਾਘਵ ਗੋਇਲ ਅਤੇ ਅੰਕਿਤ ਵਧਵਾ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰੇਗੀ। ਜਾਂਚ ਏਜੰਸੀ ਦਾ ਮੰਨਣਾ ਹੈ ਕਿ ਤਿੰਨੇ ਮੁਲਜ਼ਮ ਵਿਜੀਲੈਂਸ ਨਾਲ ਜੁੜੇ ਕਈ ਅਹਿਮ ਰਾਜ਼ਾਂ ਤੋਂ ਪਰਦਾ ਉਠਾ ਸਕਦੇ ਹਨ।
ਰੀਡਰ ਰਾਣਾ ਵੱਲੋਂ ਆਤਮ-ਸਮਰਪਣ ਕੀਤੇ ਜਾਣ ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਸੀਬੀਆਈ ਤਿੰਨਾਂ ਮੁਲਜ਼ਮਾਂ ਤੋਂ ਇਕੱਠੇ ਬੈਠਾ ਕੇ ਵਿੱਤੀ ਲੈਣ-ਦੇਣ ਅਤੇ ਆਪਸੀ ਮੀਟਿੰਗਾਂ ਬਾਰੇ ਪੁੱਛਗਿੱਛ ਕਰੇਗੀ। ਜਾਂਚ ਦੌਰਾਨ ਸੀਬੀਆਈ ਨੂੰ ਰਾਣਾ ਕੋਲੋਂ ਇੱਕ ਅਹਿਮ ਡਿਵਾਈਸ ਵੀ ਮਿਲੀ ਸੀ, ਜਿਸ ਤੋਂ ਕਈ ਨਵੇਂ ਸੁਰਾਗ ਹੱਥ ਲੱਗੇ ਹਨ। ਇਨ੍ਹਾਂ ਜਾਣਕਾਰੀਆਂ ਦੇ ਆਧਾਰ ’ਤੇ ਜਾਂਚ ਹੁਣ ਨਵੇਂ ਪੜਾਅ ਵਿੱਚ ਦਾਖਲ ਹੋ ਰਹੀ ਹੈ।
ਸੀਬੀਆਈ ਨੂੰ ਇੱਕ ਹੋਰ ਡਿਵਾਈਸ ਦੀ ਵਰਤੋਂ ਬਾਰੇ ਵੀ ਜਾਣਕਾਰੀ ਮਿਲੀ ਹੈ, ਜਿਸ ਦੀ ਬਰਾਮਦਗੀ ਹਾਲੇ ਬਾਕੀ ਹੈ। ਜਾਂਚ ਏਜੰਸੀ ਦਾ ਮੰਨਣਾ ਹੈ ਕਿ ਇਸ ਡਿਵਾਈਸ ਵਿੱਚ ਕਥਿਤ ਸੌਦੇਬਾਜ਼ੀ ਨਾਲ ਸਬੰਧਿਤ ਅਹਿਮ ਸਬੂਤ ਹੋ ਸਕਦੇ ਹਨ।
ਪਿਛਲੀ ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਵਿਜੀਲੈਂਸ ਦੀਆਂ ਗੁਪਤ ਸ਼ਿਕਾਇਤਾਂ ਤੱਕ ਕਿਵੇਂ ਪਹੁੰਚ ਬਣਾਈ ਜਾਂਦੀ ਸੀ ਅਤੇ ਕਿਵੇਂ ਉਨ੍ਹਾਂ ਦਾ ਨਾਜਾਇਜ਼ ਲਾਭ ਚੁੱਕ ਕੇ ਲੋਕਾਂ ਤੋਂ ਪੈਸੇ ਵਸੂਲੇ ਜਾਂਦੇ ਸਨ। ਸੀਬੀਆਈ ਨੂੰ ਉਮੀਦ ਹੈ ਕਿ ਮੌਜੂਦਾ ਰਿਮਾਂਡ ਦੌਰਾਨ ਜਾਂਚ ਦੀਆਂ ਤਾਰਾਂ ਵਿਜੀਲੈਂਸ ਬਿਊਰੋ ਦੇ ਕੁਝ ਉੱਚ ਅਧਿਕਾਰੀਆਂ ਤੱਕ ਵੀ ਪਹੁੰਚ ਸਕਦੀਆਂ ਹਨ।
ਸੂਤਰਾਂ ਅਨੁਸਾਰ ਰਾਘਵ ਗੋਇਲ ਦੇ ਮੋਬਾਈਲ ਫੋਨ ਤੋਂ ਮਿਲੀ ਕੁਝ ਚੈਟ ਵੀ ਜਾਂਚ ਦੇ ਘੇਰੇ ਵਿੱਚ ਹੈ, ਜੋ ਕਥਿਤ ਤੌਰ ’ਤੇ ਉੱਚ ਅਧਿਕਾਰੀਆਂ ਨਾਲ ਸੰਪਰਕਾਂ ਵੱਲ ਇਸ਼ਾਰਾ ਕਰਦੀ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਕੁਝ ਵਿਜੀਲੈਂਸ ਅਧਿਕਾਰੀਆਂ ਲਈ ਮੁਸ਼ਕਲਾਂ ਵਧ ਸਕਦੀਆਂ ਹਨ।
ਅਦਾਲਤ ਨੇ ਮੁਲਜ਼ਮਾਂ ਦੀ ਮੈਡੀਕਲ ਜਾਂਚ ਕਰਵਾਉਣ ਦੇ ਹੁਕਮ ਵੀ ਦਿੱਤੇ ਹਨ। ਨਾਲ ਹੀ ਰੀਡਰ ਰਾਣਾ ਨੂੰ ਆਪਣੇ ਵਕੀਲ ਨਾਲ ਹਰ ਰੋਜ਼ ਅੱਧੇ ਘੰਟੇ ਲਈ ਮੁਲਾਕਾਤ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਦੂਜੇ ਪਾਸੇ ਮੁਲਜ਼ਮਾਂ ਦੇ ਵਕੀਲਾਂ ਨੇ ਸੀਬੀਆਈ ਵੱਲੋਂ ਹੋਰ ਰਿਮਾਂਡ ਦੀ ਮੰਗ ਲਈ ਦਿੱਤੇ ਗਏ ਆਧਾਰਾਂ ਨੂੰ ਅਸਪਸ਼ਟ ਅਤੇ ਮਨਘੜਤ ਕਰਾਰ ਦਿੱਤਾ।
ਜ਼ਿਕਰਯੋਗ ਹੈ ਕਿ ਸੀਬੀਆਈ ਨੇ 11 ਮਈ ਨੂੰ ਇੱਕ ਟੈਕਸ ਅਧਿਕਾਰੀ ਦੀ ਸ਼ਿਕਾਇਤ ’ਤੇ ਟਰੈਪ ਆਪਰੇਸ਼ਨ ਕੀਤਾ ਸੀ। ਇਸ ਕਾਰਵਾਈ ਦੌਰਾਨ ਅੰਕਿਤ ਵਧਵਾ ਨੂੰ ਟੈਕਸ ਅਧਿਕਾਰੀ ਤੋਂ 13 ਲੱਖ ਰੁਪਏ ਨਕਦ ਅਤੇ ਇੱਕ ਮੋਬਾਈਲ ਫੋਨ ਲੈਂਦੇ ਹੋਏ ਕਾਬੂ ਕੀਤਾ ਗਿਆ ਸੀ। ਉਸ ਵੇਲੇ ਮਲੋਟ ਦੇ ਵਿਕਾਸ ਗੋਇਲ ਅਤੇ ਰਾਘਵ ਗੋਇਲ ਮੌਕੇ ਤੋਂ ਫਰਾਰ ਹੋ ਗਏ ਸਨ, ਪਰ ਬਾਅਦ ਵਿੱਚ ਸੀਬੀਆਈ ਨੇ ਉਨ੍ਹਾਂ ਨੂੰ ਅੰਬਾਲਾ ਨੇੜੇ ਗ੍ਰਿਫ਼ਤਾਰ ਕਰ ਲਿਆ ਸੀ। ਇਸੇ ਮਾਮਲੇ ਵਿੱਚ ਫਰਾਰ ਹੋਏ ਰੀਡਰ ਓ.ਪੀ. ਰਾਣਾ ਨੇ ਬਾਅਦ ਵਿੱਚ ਸੀਬੀਆਈ ਅਦਾਲਤ ਵਿੱਚ ਆਤਮ-ਸਮਰਪਣ ਕਰ ਦਿੱਤਾ ਸੀ।
