
ਚੰਡੀਗੜ੍ਹ, 9 ਅਪ੍ਰੈਲ 2026: ਜਿੱਥੇ ਕਿਸਾਨ ਵਿਸਾਖੀ ਦੇ ਮੌਕੇ ‘ਤੇ ਖੁਸ਼ੀਆਂ ਮਨਾਉਣ ਦੀ ਆਸ ਕਰ ਰਹੇ ਸਨ, ਉੱਥੇ ਇਸ ਵਾਰ ਮੀਂਹ ਅਤੇ ਗੜੇਮਾਰੀ ਨੇ ਉਨ੍ਹਾਂ ਦੀਆਂ ਉਮੀਦਾਂ ਨੂੰ ਝਟਕਾ ਦਿੱਤਾ ਹੈ। ਭਾਰੀ ਨੁਕਸਾਨ ਕਾਰਨ ਕਿਸਾਨ ਚਿੰਤਿਤ ਹਨ ਅਤੇ ਸੂਬੇ ਭਰ ਵਿੱਚ ਨਿਰਾਸ਼ਾ ਦਾ ਮਾਹੌਲ ਬਣ ਗਿਆ ਹੈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਸ ਤਬਾਹੀ ਨਾਲ ਹਰ ਕਿਸਾਨ ਪਰਿਵਾਰ ਦੁੱਖੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਨੇ ਹਮੇਸ਼ਾ ਦੇਸ਼ ਦੀ ਸੇਵਾ ਕੀਤੀ ਹੈ—ਚਾਹੇ ਉਹ ਆਜ਼ਾਦੀ ਦੀ ਲੜਾਈ ਹੋਵੇ, ਰਾਸ਼ਟਰੀ ਸੁਰੱਖਿਆ ਜਾਂ ਅਨਾਜ ਉਤਪਾਦਨ। ਇਸ ਲਈ ਸੰਕਟ ਦੇ ਸਮੇਂ ਕੇਂਦਰ ਵੱਲੋਂ ਮਦਦ ਕਰਨਾ ਫਰਜ਼ ਬਣਦਾ ਹੈ ਅਤੇ ਸੂਬੇ ਲਈ ਵਿਸ਼ੇਸ਼ ਪੈਕੇਜ ਜਾਰੀ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਪਿਛਲੇ ਹੜ੍ਹਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਵੇਲੇ ਪੂਰੀ ਰਾਹਤ ਨਹੀਂ ਮਿਲੀ ਸੀ, ਇਸ ਵਾਰ ਕਿਸਾਨਾਂ ਨੂੰ ਢੰਗ ਦੀ ਸਹਾਇਤਾ ਦੀ ਲੋੜ ਹੈ ਕਿਉਂਕਿ ਮੌਸਮ ਲਗਾਤਾਰ ਨੁਕਸਾਨ ਕਰ ਰਿਹਾ ਹੈ।
ਮੰਤਰੀ ਨੇ ਕਿਹਾ ਕਿ ਬਦਲਦੇ ਮੌਸਮ ਨੇ ਖੇਤੀਬਾੜੀ ਦੇ ਪੁਰਾਣੇ ਤਰੀਕਿਆਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਪਹਿਲਾਂ ਖੇਤੀ ਮੌਸਮ ਅਨੁਸਾਰ ਹੁੰਦੀ ਸੀ, ਪਰ ਹੁਣ ਮੌਸਮ ਅਣਿਸ਼ਚਿਤ ਹੋ ਗਿਆ ਹੈ, ਜੋ ਸਿਰਫ਼ ਪੰਜਾਬ ਹੀ ਨਹੀਂ ਸਗੋਂ ਦੁਨੀਆ ਭਰ ਦੀ ਸਮੱਸਿਆ ਬਣ ਚੁੱਕੀ ਹੈ। 13 ਤਰੀਖ ਨੂੰ ਹੋਣ ਵਾਲੇ ਵਿਸ਼ੇਸ਼ ਸੈਸ਼ਨ ਬਾਰੇ ਉਨ੍ਹਾਂ ਦੱਸਿਆ ਕਿ ਬੇਅਦਬੀ ਦੇ ਮਾਮਲਿਆਂ ਵਿੱਚ ਸਖ਼ਤ ਕਾਨੂੰਨ ਬਣਾਉਣ ਦੀ ਲੰਬੇ ਸਮੇਂ ਤੋਂ ਮੰਗ ਹੈ ਅਤੇ ਸਰਕਾਰ ਇਸ ‘ਤੇ ਕੰਮ ਕਰ ਰਹੀ ਹੈ, ਲੋਕਾਂ ਦੀਆਂ ਭਾਵਨਾਵਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ।
ਕੋਟਕਪੂਰਾ ਅਤੇ ਬਹਿਬਲ ਕਲਾਂ ਮਾਮਲਿਆਂ ਬਾਰੇ ਉਨ੍ਹਾਂ ਕਿਹਾ ਕਿ ਨਿਆਂ ਵਿੱਚ ਹੋ ਰਹੀ ਦੇਰੀ ਚਿੰਤਾਜਨਕ ਹੈ, ਪਰ ਉਨ੍ਹਾਂ ਨੂੰ ਉਮੀਦ ਹੈ ਕਿ ਇਨਸਾਫ਼ ਜ਼ਰੂਰ ਮਿਲੇਗਾ। ਨਵਜੋਤ ਕੌਰ ਸਿੱਧੂ ਦੀ ਨਵੀਂ ਪਾਰਟੀ ਬਾਰੇ ਉਨ੍ਹਾਂ ਕਿਹਾ ਕਿ ਨਵੀਆਂ ਪਾਰਟੀਆਂ ਦਾ ਬਣਨਾ ਲੋਕਤੰਤਰ ਦਾ ਹਿੱਸਾ ਹੈ ਅਤੇ ਆਖਰੀ ਫੈਸਲਾ ਲੋਕਾਂ ਦੇ ਹੱਥ ਵਿੱਚ ਹੀ ਹੁੰਦਾ ਹੈ। 2027 ਦੀਆਂ ਚੋਣਾਂ ਵਿੱਚ ਵੀ ਜਨਤਾ ਹੀ ਫੈਸਲਾ ਕਰੇਗੀ। ਜੇਕਰ ਉਹ ਮੁੱਖ ਮੰਤਰੀ ਬਣਦੀ ਹੈ, ਤਾਂ ਉਹਨਾਂ ਨੂੰ ਪਹਿਲਾਂ ਹੀ ਵਧਾਈ ਦਿੱਤੀ।
