
ਫਿਰੋਜ਼ਪੁਰ, 9 ਅਪ੍ਰੈਲ 2026: ਇੱਥੋਂ ਦੀ ਸਦਰ ਪੁਲੀਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰ ਸ਼ਾਹਪਿੰਦਰ ਸਿੰਘ ਉਰਫ਼ ਸ਼ੌਨ ਭਿੰਡਰ ਨੂੰ ਗੈਰਕਾਨੂੰਨੀ ਤਰੀਕੇ ਨਾਲ ਪਾਸਪੋਰਟ ਕਲੀਅਰੈਂਸ ਮੁਹੱਈਆ ਕਰਵਾਉਣ ਦੇ ਦੋਸ਼ ਹੇਠ ਸੀਆਈਏ ਸਟਾਫ਼ ਦੇ ਇੰਚਾਰਜ ਪ੍ਰਭਜੀਤ ਸਿੰਘ ਸਮੇਤ ਪੰਜ ਪੁਲੀਸ ਕਰਮਚਾਰੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਹੋਰ ਨਾਮਜ਼ਦ ਅਧਿਕਾਰੀਆਂ ਵਿੱਚ ਏਐਸਆਈ ਲਖਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ, ਹੈੱਡ ਕਾਂਸਟੇਬਲ ਹਰਕਮਲ ਸਿੰਘ ਅਤੇ ਕਾਂਸਟੇਬਲ ਧਰਮਿੰਦਰ ਸਿੰਘ ਸ਼ਾਮਲ ਹਨ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਕਥਿਤ ਤੌਰ ‘ਤੇ ਜਾਲਸਾਜ਼ੀ ਕਰਦੇ ਹੋਏ ਏਐਸਆਈ ਬਲਬੀਰ ਸਿੰਘ ਦੇ ਨਕਲੀ ਦਸਤਖਤ ਨਾਲ ਐਨਓਸੀ ਤਿਆਰ ਕੀਤੀ, ਜਿਸ ਨਾਲ ਖੇਤਰੀ ਪਾਸਪੋਰਟ ਦਫ਼ਤਰ ਦੀ ਲਾਜ਼ਮੀ ਜਾਂਚ ਪ੍ਰਕਿਰਿਆ ਨੂੰ ਦਰਕਿਨਾਰ ਕਰ ਦਿੱਤਾ ਗਿਆ। ਇਹ ਘਟਨਾ ਲਗਭਗ ਇੱਕ ਸਾਲ ਪਹਿਲਾਂ ਦੀ ਦੱਸੀ ਜਾ ਰਹੀ ਹੈ।
ਇਸ ਮਾਮਲੇ ਵਿੱਚ ਪ੍ਰਭਜੀਤ ਸਿੰਘ ਨੂੰ 6 ਅਪ੍ਰੈਲ ਨੂੰ ਮੁਅੱਤਲ ਕੀਤਾ ਗਿਆ ਸੀ, ਜਦਕਿ ਹੋਰ ਚਾਰ ਕਰਮਚਾਰੀਆਂ ਨੂੰ 8 ਅਪ੍ਰੈਲ ਨੂੰ ਸਸਪੈਂਡ ਕੀਤਾ ਗਿਆ।
ਸ਼ੌਨ ਭਿੰਡਰ ਇੱਕ ਵੱਡਾ ਅੰਤਰਰਾਸ਼ਟਰੀ ਨਸ਼ਾ ਤਸਕਰ ਮੰਨਿਆ ਜਾਂਦਾ ਹੈ, ਜਿਸ ਨੂੰ ਪਿਛਲੇ ਸਾਲ ਸਦਰ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਰਿਪੋਰਟਾਂ ਅਨੁਸਾਰ ਉਹ ਕਰੋੜਾਂ ਡਾਲਰ ਦੇ ਨਸ਼ਾ ਤਸਕਰੀ ਨੈੱਟਵਰਕ ਦੇ ਸਬੰਧ ਵਿੱਚ ਅਮਰੀਕਾ ਦੀ ਐਫਬੀਆਈ ਨੂੰ ਵੀ ਲੋੜੀਂਦਾ ਸੀ ਅਤੇ ਕੋਲੰਬੀਆ ਤੋਂ ਅਮਰੀਕਾ, ਕੈਨੇਡਾ ਆਦਿ ਦੇਸ਼ਾਂ ਵਿੱਚ ਕੋਕੀਨ ਦੀ ਸਪਲਾਈ ਨਾਲ ਜੁੜਿਆ ਹੋਇਆ ਸੀ।
ਹਾਲਾਂਕਿ ਬਾਅਦ ਵਿੱਚ ਇੱਕ ਸਥਾਨਕ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ ਸੀ। ਉਸ ਦਾ ਪਾਸਪੋਰਟ, ਜੋ ਕੇਸ ਦੇ ਤੌਰ ‘ਤੇ ਪੁਲੀਸ ਕੋਲ ਜਮ੍ਹਾਂ ਸੀ, ਐਨਓਸੀ ਦੇ ਆਧਾਰ ‘ਤੇ ਵਾਪਸ ਕਰ ਦਿੱਤਾ ਗਿਆ ਸੀ—ਜੋ ਹੁਣ ਜਾਲਸਾਜ਼ੀ ਦੇ ਸ਼ੱਕ ਹੇਠ ਜਾਂਚ ਵਿੱਚ ਹੈ।
ਫਿਰੋਜ਼ਪੁਰ ਰੇਂਜ ਦੀ ਡੀਆਈਜੀ ਸਨੇਹ ਸ਼ਰਮਾ ਨੇ ਦੱਸਿਆ ਕਿ ਸਾਰੇ ਪੰਜੇ ਮੁਲਜ਼ਮ ਇਸ ਸਮੇਂ ਫਰਾਰ ਹਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਵੱਲੋਂ ਵੱਖ-ਵੱਖ ਥਾਵਾਂ ‘ਤੇ ਛਾਪੇ ਮਾਰੇ ਜਾ ਰਹੇ ਹਨ।
ਇਨ੍ਹਾਂ ਖ਼ਿਲਾਫ਼ ਭਾਰਤੀ ਨਿਆ ਸੰਹਿਤਾ (BNS) ਦੀਆਂ ਧਾਰਾਵਾਂ 256, 336(2), 336(3), 339, 340(2) ਅਤੇ 61(2) ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਜਾਰੀ ਹੈ।
