Wednesday, July 29Punjabi People

ਪੰਜਾਬ ‘ਚ ਵੋਟਰ ਮੈਪਿੰਗ ਮੁਹਿੰਮ ਤੇਜ਼, ਮਾਨਸਾ-ਤਰਨਤਾਰਨ ਸਮੇਤ 4 ਜ਼ਿਲ੍ਹੇ ਅੱਗੇ; ਮੋਹਾਲੀ ਸਭ ਤੋਂ ਪਿੱਛੇ

ਚੰਡੀਗੜ੍ਹ, 22 ਮਈ 2026: ਪੰਜਾਬ ਵਿੱਚ ਚੋਣ ਕਮਿਸ਼ਨ ਵੱਲੋਂ ਆਉਣ ਵਾਲੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਤੋਂ ਪਹਿਲਾਂ ਕੀਤੀ ਜਾ ਰਹੀ ਪ੍ਰੀ-ਐਸਆਈਆਰ ਮੈਪਿੰਗ ਮੁਹਿੰਮ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਸੂਬੇ ਦੇ 2 ਕਰੋੜ 14 ਲੱਖ ਤੋਂ ਵੱਧ ਵੋਟਰਾਂ ਵਿੱਚੋਂ ਹੁਣ ਤੱਕ 84 ਫ਼ੀਸਦੀ ਤੋਂ ਜ਼ਿਆਦਾ ਵੋਟਰਾਂ ਦੀ ਮੈਪਿੰਗ ਅਤੇ ਪੁਰਾਣੀਆਂ ਵੋਟਰ ਸੂਚੀਆਂ ਨਾਲ ਮਿਲਾਨ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਇਸ ਵਿਸ਼ੇਸ਼ ਅਭਿਆਨ ਵਿੱਚ ਮਾਨਸਾ, ਤਰਨਤਾਰਨ, ਸ੍ਰੀ ਮੁਕਤਸਰ ਸਾਹਿਬ ਅਤੇ ਬਰਨਾਲਾ ਵਰਗੇ ਜ਼ਿਲ੍ਹੇ ਸਭ ਤੋਂ ਅੱਗੇ ਰਹੇ ਹਨ, ਜਿੱਥੇ 90 ਫ਼ੀਸਦੀ ਤੋਂ ਵੱਧ ਕੰਮ ਮੁਕੰਮਲ ਕਰ ਲਿਆ ਗਿਆ ਹੈ।

ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹਿਆਂ ਵਿੱਚ ਮਾਨਸਾ ਪਹਿਲੇ ਸਥਾਨ ‘ਤੇ ਹੈ, ਜਿੱਥੇ 93.72 ਫ਼ੀਸਦੀ ਮੈਪਿੰਗ ਪੂਰੀ ਹੋ ਚੁੱਕੀ ਹੈ। ਇਸ ਤੋਂ ਬਾਅਦ ਤਰਨਤਾਰਨ ਵਿੱਚ 93.01 ਫ਼ੀਸਦੀ, ਸ੍ਰੀ ਮੁਕਤਸਰ ਸਾਹਿਬ ਵਿੱਚ 92.38 ਅਤੇ ਬਰਨਾਲਾ ਵਿੱਚ 91.29 ਫ਼ੀਸਦੀ ਕੰਮ ਪੂਰਾ ਹੋ ਗਿਆ ਹੈ। ਇਸਦੇ ਉਲਟ ਮੋਹਾਲੀ (ਐਸ.ਏ.ਐਸ. ਨਗਰ) ਜ਼ਿਲ੍ਹਾ ਇਸ ਮੁਹਿੰਮ ਵਿੱਚ ਸਭ ਤੋਂ ਪਿੱਛੇ ਚੱਲ ਰਿਹਾ ਹੈ, ਜਿੱਥੇ ਹੁਣ ਤੱਕ ਸਿਰਫ਼ 65.88 ਫ਼ੀਸਦੀ ਮੈਪਿੰਗ ਹੀ ਹੋ ਸਕੀ ਹੈ। ਲੁਧਿਆਣਾ ਵੀ 73.64 ਫ਼ੀਸਦੀ ਨਾਲ ਹੇਠਲੇ ਜ਼ਿਲ੍ਹਿਆਂ ਵਿੱਚ ਸ਼ਾਮਲ ਹੈ।

ਚੋਣ ਵਿਭਾਗ ਨੇ ਇਸ ਮੰਦ ਗਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਰੇ ਇਲੈਕਟੋਰਲ ਰਜਿਸਟ੍ਰੇਸ਼ਨ ਅਫ਼ਸਰਾਂ (EROs) ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਬੂਥ ਲੈਵਲ ਅਫ਼ਸਰਾਂ (BLOs) ਨਾਲ ਨਜ਼ਦੀਕੀ ਤਾਲਮੇਲ ਬਣਾ ਕੇ ਪ੍ਰੀ-ਮੈਪਿੰਗ ਦਾ ਕੰਮ ਜਲਦ ਮੁਕੰਮਲ ਕਰਵਾਉਣ। ਇਹ ਸਾਰਾ ਅਭਿਆਨ ਇਸ ਲਈ ਚਲਾਇਆ ਜਾ ਰਿਹਾ ਹੈ ਤਾਂ ਜੋ 25 ਜੂਨ ਤੋਂ ਪੰਜਾਬ ਵਿੱਚ ਐਸਆਈਆਰ ਦੀ ਮੁੱਖ ਪ੍ਰਕਿਰਿਆ ਸੁਚਾਰੂ ਢੰਗ ਨਾਲ ਸ਼ੁਰੂ ਕੀਤੀ ਜਾ ਸਕੇ।

ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਆਖ਼ਰੀ ਵਾਰ ਸਾਲ 2002 ਤੋਂ 2004 ਦਰਮਿਆਨ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਹੋਈ ਸੀ, ਜਦਕਿ ਪੰਜਾਬ ਵਿੱਚ ਇਹ ਪ੍ਰਕਿਰਿਆ ਸਾਲ 2003 ਵਿੱਚ ਕਰਵਾਈ ਗਈ ਸੀ। ਮੌਜੂਦਾ ਪ੍ਰੀ-ਮੈਪਿੰਗ ਦੌਰਾਨ ਸਾਲ 2005 ਦੀ ਵੋਟਰ ਸੂਚੀ ਦਾ ਮਿਲਾਨ ਸਾਲ 2002 ਅਤੇ 2003 ਦੀਆਂ ਵੋਟਰ ਸੂਚੀਆਂ ਨਾਲ ਕੀਤਾ ਜਾ ਰਿਹਾ ਹੈ।

ਇਸ ਪ੍ਰਕਿਰਿਆ ਤਹਿਤ ਬੀਐਲਓ ਘਰ-ਘਰ ਜਾ ਕੇ ਵੋਟਰਾਂ ਦੇ ਨਾਮ ਪੁਰਾਣੀਆਂ ਵੋਟਰ ਸੂਚੀਆਂ ਨਾਲ ਮਿਲਾ ਰਹੇ ਹਨ। ਜੇਕਰ ਕਿਸੇ ਵੋਟਰ ਦਾ ਨਾਮ ਸਿੱਧੇ ਤੌਰ ‘ਤੇ ਪੁਰਾਣੀ ਸੂਚੀ ਵਿੱਚ ਨਹੀਂ ਮਿਲਦਾ ਤਾਂ ਉਸਦੇ ਪਿਤਾ, ਦਾਦਾ ਜਾਂ ਹੋਰ ਖੂਨੀ ਰਿਸ਼ਤੇਦਾਰਾਂ ਦੇ ਨਾਮਾਂ ਰਾਹੀਂ ਪਰਿਵਾਰਕ ਵੰਸ਼ਾਵਲੀ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਵੋਟਰਾਂ ਦੇ ਪਰਿਵਾਰ ਪਹਿਲਾਂ ਤੋਂ ਪੰਜਾਬ ਜਾਂ ਦੇਸ਼ ਦੇ ਵੋਟਰ ਰਹੇ ਹਨ।

ਇਸ ਤੋਂ ਇਲਾਵਾ ਪੰਜਾਬ ਵਿੱਚ ਆ ਕੇ ਵੱਸੇ ਪ੍ਰਵਾਸੀ ਪਰਿਵਾਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਨਾਮ ਪੰਜਾਬ ਦੀ 2003 ਵਾਲੀ ਸੂਚੀ ਵਿੱਚ ਨਹੀਂ ਮਿਲਦੇ ਤਾਂ ਦੂਜੇ ਰਾਜਾਂ ਦੀਆਂ 2002 ਅਤੇ 2004 ਦੀਆਂ ਵੋਟਰ ਸੂਚੀਆਂ ਵਿੱਚ ਉਨ੍ਹਾਂ ਦਾ ਰਿਕਾਰਡ ਖੋਜਿਆ ਜਾਵੇਗਾ, ਤਾਂ ਜੋ ਇਹ ਸਾਬਤ ਕੀਤਾ ਜਾ ਸਕੇ ਕਿ ਉਹ ਭਾਰਤ ਦੇ ਕਾਨੂੰਨੀ ਵੋਟਰ ਹਨ।

ਪੰਜਾਬ ਦੇ ਕੁੱਲ 2,14,59,201 ਵੋਟਰਾਂ ਵਿੱਚੋਂ ਹੁਣ ਤੱਕ 1,80,32,126 ਵੋਟਰਾਂ ਦਾ ਮਿਲਾਨ ਕੀਤਾ ਜਾ ਚੁੱਕਾ ਹੈ, ਜਦਕਿ 34 ਲੱਖ ਤੋਂ ਵੱਧ ਵੋਟਰਾਂ ਦੀ ਜਾਂਚ ਹਜੇ ਬਾਕੀ ਹੈ।

ਇਸ ਦੌਰਾਨ ਚੋਣ ਵਿਭਾਗ ਨੇ ਇਹ ਵੀ ਮੰਨਿਆ ਹੈ ਕਿ ਕੁਝ ਹਲਕਿਆਂ ਵਿੱਚ ਕੰਮ ਦੀ ਗਤੀ ਬਹੁਤ ਹੌਲੀ ਰਹੀ। ਸੂਬੇ ਵਿੱਚ ਤੈਨਾਤ 24,453 ਬੀਐਲਓਜ਼ ਵਿੱਚੋਂ ਕਈ ਬੀਐਲਓ ਬਿਮਾਰੀ, ਵਿਆਹ ਜਾਂ ਹੋਰ ਨਿੱਜੀ ਕਾਰਨਾਂ ਕਰਕੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਨਹੀਂ ਕਰ ਸਕੇ। ਕੁਝ ਮਹਿਲਾ ਬੀਐਲਓਜ਼ ਦੇ ਗਰਭਵਤੀ ਹੋਣ ਕਾਰਨ ਵੀ ਮੁਸ਼ਕਲਾਂ ਆਈਆਂ। ਇਸ ਕਾਰਨ ਕਈ ਬੀਐਲਓਜ਼ ਨੂੰ ਬਦਲ ਦਿੱਤਾ ਗਿਆ ਹੈ ਅਤੇ ਹੁਣ ਈਆਰਓਜ਼ ਰੋਜ਼ਾਨਾ ਅਧਾਰ ‘ਤੇ ਉਨ੍ਹਾਂ ਦੇ ਕੰਮ ਦੀ ਸਮੀਖਿਆ ਕਰਨਗੇ।

ਚੋਣ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰ ਆਉਣ ਵਾਲੇ ਬੀਐਲਓਜ਼ ਦਾ ਪੂਰਾ ਸਹਿਯੋਗ ਕਰਨ ਅਤੇ ਲੋੜੀਂਦੀ ਜਾਣਕਾਰੀ ਸਹੀ ਤਰੀਕੇ ਨਾਲ ਮੁਹੱਈਆ ਕਰਵਾਉਣ। ਲੋਕ ਆਪਣੀ ਤਸੱਲੀ ਲਈ ਬੀਐਲਓ ਦਾ ਆਈਡੀ ਕਾਰਡ ਵੀ ਚੈੱਕ ਕਰ ਸਕਦੇ ਹਨ। ਵਿਭਾਗ ਵੱਲੋਂ ਸਾਰੇ ਬੀਐਲਓਜ਼ ਦੇ ਨਾਮ ਅਤੇ ਮੋਬਾਈਲ ਨੰਬਰ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕੀਤੇ ਗਏ ਹਨ।

ਖ਼ਾਸ ਕਰਕੇ ਸ਼ਹਿਰੀ ਖੇਤਰਾਂ ਅਤੇ ਉੱਚੀਆਂ ਰਿਹਾਇਸ਼ੀ ਇਮਾਰਤਾਂ ਵਿੱਚ ਮੈਪਿੰਗ ਦਾ ਕੰਮ ਤੇਜ਼ ਕਰਨ ਲਈ ਈਆਰਓਜ਼ ਨੂੰ ਖ਼ੁਦ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਨਾਲ ਸੰਪਰਕ ਕਰਕੇ ਸਹਿਯੋਗ ਲੈਣ ਲਈ ਕਿਹਾ ਗਿਆ ਹੈ, ਤਾਂ ਜੋ ਸੂਬੇ ਭਰ ਵਿੱਚ ਇਹ ਮਹੱਤਵਪੂਰਨ ਪ੍ਰਕਿਰਿਆ ਸਮੇਂ ਸਿਰ ਪੂਰੀ ਕੀਤੀ ਜਾ ਸਕੇ।

Leave a Reply

Your email address will not be published. Required fields are marked *