Saturday, May 23Punjabi People

ਵਿਜੀਲੈਂਸ ਬਿਊਰੋ ਨੇ 15 ਹਜ਼ਾਰ ਰੁਪਏ ਰਿਸ਼ਵਤ ਲੈਂਦੀ ਬੀਡੀਪੀਓ ਨੂੰ ਰੰਗੇ ਹੱਥੀਂ ਫੜਿਆ

ਚੰਡੀਗੜ੍ਹ, 6 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਜਾਰੀ ਮੁਹਿੰਮ ਤਹਿਤ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਮਲੌਦ ਵਿੱਚ ਤਾਇਨਾਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (ਬੀਡੀਪੀਓ) ਸੁਖਜੀਤ ਕੌਰ ਨੂੰ 15,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਕਾਰਵਾਈ ਪਿੰਡ ਸੋਹੀਆਂ, ਜ਼ਿਲ੍ਹਾ ਲੁਧਿਆਣਾ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਪਿੰਡ ਸੋਹੀਆਂ ਵਿੱਚ ਗਲੀ ਵਿੱਚ ਇੰਟਰਲਾਕ ਟਾਈਲਾਂ ਲਗਾਉਣ ਅਤੇ ਡਰੇਨ ਬਣਾਉਣ ਦਾ ਕੰਮ ਮਤਾ ਪਾਸ ਕਰਵਾ ਕੇ ਪੂਰਾ ਕੀਤਾ ਗਿਆ ਸੀ। ਜਦੋਂ ਉਸ ਨੇ ਇਸ ਕੰਮ ਦਾ ਬਿੱਲ ਪਾਸ ਕਰਵਾਉਣ ਲਈ ਬਲਾਕ ਮਲੌਦ ਦੀ ਬੀਡੀਪੀਓ ਸੁਖਜੀਤ ਕੌਰ ਨਾਲ ਸੰਪਰਕ ਕੀਤਾ ਤਾਂ ਉਸ ਨੇ ਬਿੱਲ ਪਾਸ ਕਰਨ ਦੇ ਬਦਲੇ 15,000 ਰੁਪਏ ਰਿਸ਼ਵਤ ਦੀ ਮੰਗ ਕੀਤੀ।

ਸ਼ਿਕਾਇਤਕਰਤਾ ਮੁਤਾਬਕ, ਦਬਾਅ ਹੇਠ ਉਸਨੂੰ ਮੌਕੇ ’ਤੇ ਹੀ 5,000 ਰੁਪਏ ਰਿਸ਼ਵਤ ਵਜੋਂ ਦੇਣੇ ਪਏ, ਜਦਕਿ ਬਾਕੀ 10,000 ਰੁਪਏ ਜਲਦੀ ਅਦਾ ਕਰਨ ਲਈ ਵੀ ਕਿਹਾ ਗਿਆ।

ਬੁਲਾਰੇ ਨੇ ਅੱਗੇ ਦੱਸਿਆ ਕਿ ਕਾਰਜਕਾਰੀ ਇੰਜੀਨੀਅਰ ਲੁਧਿਆਣਾ ਵੱਲੋਂ ਬੀਡੀਪੀਓ ਮਲੌਦ ਨੂੰ ਪੱਤਰ ਜਾਰੀ ਕਰਕੇ ਪਿੰਡ ਸੋਹੀਆਂ ਵਿੱਚ ਖੇਡ ਮੈਦਾਨ ਦੇ ਉਦਘਾਟਨ ਤੋਂ ਪਹਿਲਾਂ ਦੋ ਦਿਨਾਂ ਅੰਦਰ ਗ੍ਰਾਮ ਪੰਚਾਇਤ ਨੂੰ ਆਪਣੇ ਪੱਧਰ ’ਤੇ ਜ਼ਮੀਨ ਪੱਧਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਤਹਿਤ ਗ੍ਰਾਮ ਪੰਚਾਇਤ ਸੋਹੀਆਂ ਨੇ ਆਪਣੇ ਖ਼ਰਚੇ ’ਤੇ ਖੇਡ ਮੈਦਾਨ ਦੀ ਜ਼ਮੀਨ ਪੱਧਰੀ ਕਰਵਾਈ ਸੀ।

ਜਦੋਂ ਸ਼ਿਕਾਇਤਕਰਤਾ ਨੇ ਖੇਡ ਮੈਦਾਨ ਨੂੰ ਪੱਧਰਾ ਕਰਨ ਅਤੇ ਜ਼ਮੀਨ ਵਿੱਚ ਘਾਹ ਜਾਂ ਬੂਟੇ ਲਗਾਉਣ ਸਬੰਧੀ ਬਿੱਲ ਪਾਸ ਕਰਵਾਉਣ ਲਈ ਬੀਡੀਪੀਓ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਇਸ ਕੰਮ ਲਈ ਵੀ 15,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਇਸ ਸਬੰਧੀ ਪੂਰੀ ਗੱਲਬਾਤ ਰਿਕਾਰਡ ਕਰ ਲਈ ਸੀ।

ਰਿਸ਼ਵਤ ਦੇਣ ਤੋਂ ਇਨਕਾਰ ਕਰਦਿਆਂ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਯੂਨਿਟ ਲੁਧਿਆਣਾ ਨਾਲ ਸੰਪਰਕ ਕੀਤਾ। ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਟੀਮ ਨੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਜਾਲ ਵਿਛਾ ਕੇ ਦੋਸ਼ੀ ਬੀਡੀਪੀਓ ਨੂੰ 15,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ।

ਇਸ ਮਾਮਲੇ ਸਬੰਧੀ ਦੋਸ਼ੀ ਅਧਿਕਾਰੀ ਖ਼ਿਲਾਫ਼ ਵਿਜੀਲੈਂਸ ਬਿਊਰੋ ਥਾਣਾ ਲੁਧਿਆਣਾ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

Leave a Reply

Your email address will not be published. Required fields are marked *