Saturday, May 23Punjabi People

“ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ” ਦੇ ਤਹਿਤ “ਪੁਰਜਿਆਂ ਤੋਂ ਪਲੈਟਫਾਰਮਾਂ ਤੱਕ” ਵਿਸ਼ੇ ਅਧੀਨ ਸਾਈਕਲ ਅਤੇ ਈ-ਬਾਈਕ ਉਦਯੋਗ ‘ਤੇ ਚਰਚਾ, ਜਿਸਦਾ ਕੇਂਦਰ ਆਲਮੀ ਬਾਜ਼ਾਰਾਂ ਲਈ ਪੰਜਾਬ ਵਿੱਚ ਤਿਆਰ ਹੋ ਰਹੀਆਂ ਅਗਲੀ ਪੀੜ੍ਹੀ ਦੀਆਂ ਸਾਈਕਲਾਂ ‘ਤੇ

ਚੰਡੀਗੜ੍ਹ, 14 ਮਾਰਚ 2026: “ਪੁਰਜ਼ਿਆਂ ਤੋਂ ਪਲੇਟਫਾਰਮਾਂ ਤੱਕ – ਆਲਮੀ ਬਾਜ਼ਾਰਾਂ ਲਈ ਪੰਜਾਬ ਦੇ ਅਗਲੀ ਪੀੜ੍ਹੀ ਦੇ ਸਾਈਕਲ” ਵਿਸ਼ੇ ਹੇਠ ਆਯੋਜਿਤ “ਸਾਈਕਲ ਅਤੇ ਈ-ਬਾਈਕਸ” ਸੈਸ਼ਨ ਦੌਰਾਨ ਪੰਜਾਬ ਦੇ ਵਿਸ਼ਵ ਪੱਧਰੀ ਨਿਰਮਾਣ ਕੇਂਦਰ ਵਜੋਂ ਉਭਰਦੇ ਦਰਜੇ ਨੂੰ ਉਜਾਗਰ ਕੀਤਾ ਗਿਆ। ਉਦਯੋਗ ਦੇ ਪ੍ਰਮੁੱਖ ਨੁਮਾਇੰਦਿਆਂ ਨੇ ਇਸ ਮੌਕੇ ਕਿਹਾ ਕਿ ਨੀਤੀਕ ਸਥਿਰਤਾ, ਤਕਨੀਕੀ ਤਰੱਕੀ ਅਤੇ ਮਜ਼ਬੂਤ ਉਦਯੋਗਿਕ ਈਕੋਸਿਸਟਮ ਸਾਈਕਲ ਉਦਯੋਗ ਦੇ ਅਗਲੇ ਵਿਕਾਸ ਪੜਾਅ ਨੂੰ ਤੇਜ਼ੀ ਦੇਣਗੇ।

ਐਵੋਨ ਸਾਈਕਲਜ਼ ਦੇ ਚੇਅਰਮੈਨ ਅਤੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਓਂਕਾਰ ਸਿੰਘ ਪਾਹਵਾ ਨੇ ਕਿਹਾ ਕਿ ਪੰਜਾਬ ਵਿੱਚ ਸਪੱਸ਼ਟ ਸਮਾਂ-ਸੀਮਾਵਾਂ, ਡਿਜੀਟਲ ਪ੍ਰਵਾਨਗੀਆਂ ਅਤੇ ਸਰਲ ਪ੍ਰਕਿਰਿਆਵਾਂ ਰਾਹੀਂ ਕਾਰੋਬਾਰ ਲਈ ਸੁਖਾਵਾਂ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ। ਇਸ ਨਾਲ ਉਦਯੋਗਪਤੀ ਆਪਣੇ ਟੀਚਿਆਂ ਨੂੰ ਹਕੀਕਤ ਬਣਾਉਣ ਅਤੇ ਨਵੀਨਤਾ ‘ਤੇ ਧਿਆਨ ਕੇਂਦਰਿਤ ਕਰਨ ਯੋਗ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਘੱਟ ਪ੍ਰਕਿਰਿਆਵੀ ਬੋਝ, ਐਮ.ਐਸ.ਈ. ਲਈ ਵਧੇਰੇ ਸਵੈ-ਪ੍ਰਮਾਣੀਕਰਨ ਅਤੇ ਸਿੰਗਲ ਪੁਆਇੰਟ ਰਜਿਸਟ੍ਰੇਸ਼ਨ ਵਰਗੀਆਂ ਪਹਿਲਾਂ ਪ੍ਰੋਜੈਕਟਾਂ ਦੇ ਲਾਗੂ ਕਰਨ ਨੂੰ ਤੇਜ਼ ਕਰਨ ਦੇ ਨਾਲ ਨਿਵੇਸ਼ ਨੂੰ ਰੁਜ਼ਗਾਰ, ਨਿਰਯਾਤ ਅਤੇ ਉਦਯੋਗਿਕ ਉਤਪਾਦਨ ਵਿੱਚ ਤਬਦੀਲ ਕਰਨ ਵਿੱਚ ਮਦਦਗਾਰ ਸਾਬਤ ਹੋਣਗੀਆਂ।

ਉਨ੍ਹਾਂ ਦੱਸਿਆ ਕਿ ਪੰਜਾਬ ਕੋਲ ਸਾਈਕਲ ਨਿਰਮਾਣ ਦੀ ਮਜ਼ਬੂਤ ਵਿਰਾਸਤ ਹੈ। ਸੂਬੇ ਵਿੱਚ 4000 ਤੋਂ ਵੱਧ ਐਮ.ਐਸ.ਐਮ.ਈ ਯੂਨਿਟਾਂ ਅਤੇ 100 ਤੋਂ ਵੱਧ ਦਰਮਿਆਨੇ ਤੇ ਵੱਡੇ ਨਿਰਮਾਤਾ ਮਿਲ ਕੇ ਹਰ ਸਾਲ ਕਰੀਬ 2.2 ਮਿਲੀਅਨ ਸਾਈਕਲਾਂ ਤਿਆਰ ਕਰਦੇ ਹਨ, ਜਿਸ ਨਾਲ ਭਾਰਤ ਦੁਨੀਆ ਦੇ ਵੱਡੇ ਸਾਈਕਲ ਉਤਪਾਦਕ ਦੇਸ਼ਾਂ ਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੰਪੋਨੈਂਟ ਅਤੇ ਕੱਚੇ ਮਾਲ ਦੀ ਵੱਡੀ ਸਮਰੱਥਾ ਹੈ ਅਤੇ ਵਿਸ਼ਵ ਪੱਧਰੀ ਟਾਇਰ ਨਿਰਮਾਣ ਇਸ ਉਦਯੋਗ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦਾ ਹੈ।

ਸ੍ਰੀ ਪਾਹਵਾ ਨੇ ਕਿਹਾ ਕਿ ਉਦਯੋਗ ਹੁਣ ਪੁਰਜ਼ਾ-ਕੇਂਦਰਿਤ ਉਤਪਾਦਨ ਤੋਂ ਪਲੇਟਫਾਰਮ-ਅਧਾਰਿਤ ਨਿਰਮਾਣ ਵੱਲ ਬਦਲ ਰਿਹਾ ਹੈ। ਆਧੁਨਿਕ ਖਪਤਕਾਰ ਸੁਰੱਖਿਆ, ਟਿਕਾਊਪਣ, ਆਰਾਮ, ਕਾਰਗੁਜ਼ਾਰੀ ਅਤੇ ਇਲੈਕਟ੍ਰਿਕ ਸਹਾਇਕ ਗਤੀਸ਼ੀਲਤਾ ਵਰਗੇ ਗੁਣਾਂ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਮੁਤਾਬਕ ਈ-ਬਾਈਕ, ਈ-ਸਕੂਟਰ, ਫਿਟਨੈਸ ਉਪਕਰਣ ਅਤੇ ਪ੍ਰੀਮੀਅਮ ਨਿਰਯਾਤ-ਕੇਂਦਰਿਤ ਸਾਈਕਲਾਂ ਭਵਿੱਖ ਦੇ ਵਿਕਾਸ ਲਈ ਮਹੱਤਵਪੂਰਨ ਮੌਕੇ ਪੇਸ਼ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਬਾਜ਼ਾਰ ਉੱਚ ਗੁਣਵੱਤਾ, ਦਸਤਾਵੇਜ਼ੀ ਅਨੁਸ਼ਾਸਨ ਅਤੇ ਮਿਆਰੀਕਰਨ ਦੀ ਮੰਗ ਕਰਦੇ ਹਨ, ਜਿਸ ਕਰਕੇ ਪਲੇਟਫਾਰਮ ਅਧਾਰਤ ਸਮਰੱਥਾ ਨਿਰਮਾਣ ਲੰਬੇ ਸਮੇਂ ਦੀ ਨਿਰਯਾਤ ਮੁਕਾਬਲੇਬਾਜ਼ੀ ਲਈ ਜ਼ਰੂਰੀ ਹੈ।

ਰਾਲਸਨ ਇੰਡੀਆ ਦੇ ਚੇਅਰਮੈਨ ਅਤੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਸੰਜੀਵ ਪਾਹਵਾ ਨੇ ਸਾਈਕਲ ਉਦਯੋਗ ਦੇ ਵਿਕਾਸ ਦੇ ਇਤਿਹਾਸਕ ਸਫਰ ‘ਤੇ ਰੌਸ਼ਨੀ ਪਾਈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਲੁਧਿਆਣਾ ਵਾਜਬ ਆਵਾਜਾਈ ਦੇ ਸਾਧਨ ਵਜੋਂ ਸਾਈਕਲ ਨਿਰਮਾਣ ਦਾ ਇੱਕ ਮਹੱਤਵਪੂਰਨ ਕੇਂਦਰ ਬਣ ਕੇ ਉਭਰਿਆ। ਭਾਵੇਂ ਉਸ ਸਮੇਂ ਕਈ ਨਿਯਮਕ ਚੁਣੌਤੀਆਂ ਮੌਜੂਦ ਸਨ, ਪਰ ਉਦਯੋਗਪਤੀਆਂ ਦੀ ਨਵੀਨਤਾ ਅਤੇ ਦ੍ਰਿੜਤਾ ਨੇ ਇਸ ਖੇਤਰ ਨੂੰ ਅੱਗੇ ਵਧਾਇਆ। ਉਨ੍ਹਾਂ ਕਿਹਾ ਕਿ 1970 ਅਤੇ 1980 ਦੇ ਦਹਾਕਿਆਂ ਦੌਰਾਨ ਸਵਦੇਸ਼ੀ ਤਕਨਾਲੋਜੀ ਅਤੇ ਸਹਾਇਕ ਉਦਯੋਗਿਕ ਢਾਂਚੇ ਨੇ ਟਾਇਰ ਅਤੇ ਟਿਊਬ ਨਿਰਮਾਣ ਉਦਯੋਗ ਨੂੰ ਮਜ਼ਬੂਤ ਕੀਤਾ, ਜੋ ਅੱਜ ਘਰੇਲੂ ਅਤੇ ਆਲਮੀ ਬਾਜ਼ਾਰਾਂ ਵਿੱਚ ਆਪਣੀ ਪਛਾਣ ਬਣਾਈ ਹੋਈ ਹੈ।

ਉਨ੍ਹਾਂ ਕਿਹਾ ਕਿ ਬਦਲਦੇ ਗਤੀਸ਼ੀਲਤਾ ਪੈਟਰਨ, ਆਰਥਿਕ ਤਰੱਕੀ ਅਤੇ ਮੋਟਰਸਾਈਕਲਾਂ ਵੱਲ ਵਧ ਰਹੀ ਰੁਚੀ ਕਾਰਨ ਸਾਈਕਲਾਂ ਦੀ ਮੁੱਖ ਆਵਾਜਾਈ ਸਾਧਨ ਵਜੋਂ ਮਹੱਤਤਾ ਘੱਟੀ ਹੈ। ਇਸ ਲਈ ਉਦਯੋਗ ਨੂੰ ਸਾਈਕਲਾਂ ਨੂੰ ਖੇਡ, ਮਨੋਰੰਜਨ, ਸਿਹਤ ਅਤੇ ਟਿਕਾਊ ਸ਼ਹਿਰੀ ਗਤੀਸ਼ੀਲਤਾ ਦੇ ਸਾਧਨ ਵਜੋਂ ਦੁਬਾਰਾ ਸਥਾਪਿਤ ਕਰਕੇ ਆਪਣੇ ਆਪ ਨੂੰ ਨਵੀਂ ਦਿਸ਼ਾ ਦੇਣੀ ਪਵੇਗੀ। ਉਨ੍ਹਾਂ ਉੱਚ ਗੁਣਵੱਤਾ, ਖੋਜ ਤੇ ਵਿਕਾਸ, ਨਵੀਂ ਸਮੱਗਰੀ ਅਤੇ ਮਜ਼ਬੂਤ ਸਪਲਾਈ ਚੇਨ ਵਿੱਚ ਨਿਵੇਸ਼ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਅਤੇ ਰਾਜ ਦੀ ਪ੍ਰਗਤੀਸ਼ੀਲ ਉਦਯੋਗਿਕ ਨੀਤੀ ਦੀ ਸ਼ਲਾਘਾ ਕੀਤੀ।

ਹਾਰਟੈਕਸ ਰਬੜ ਦੇ ਡਾਇਰੈਕਟਰ ਸ੍ਰੀ ਵਰੁਣ ਸੁਰੇਕਾ ਨੇ ਕਿਹਾ ਕਿ ਪੰਜਾਬ ਮਜ਼ਬੂਤ ਨਿਰਮਾਣ ਢਾਂਚੇ, ਸਹਾਇਕ ਉਦਯੋਗਿਕ ਮਾਹੌਲ ਅਤੇ ਸਹਿਯੋਗੀ ਵਪਾਰਕ ਸੱਭਿਆਚਾਰ ਕਾਰਨ ਨਵੇਂ ਨਿਵੇਸ਼ਾਂ ਲਈ ਇੱਕ ਆਕਰਸ਼ਕ ਮੰਜ਼ਿਲ ਹੈ। ਉਨ੍ਹਾਂ ਕਿਹਾ ਕਿ ਗਲੋਬਲ ਸਪਲਾਈ ਚੇਨ ਦੇ ਮੁੜ ਗਠਨ ਨਾਲ ਭਾਰਤ ਲਈ ਨਵੇਂ ਮੌਕੇ ਪੈਦਾ ਹੋ ਰਹੇ ਹਨ, ਖਾਸ ਕਰਕੇ ਜਦੋਂ ਯੂਰਪ ਅਤੇ ਉੱਤਰੀ ਅਮਰੀਕਾ ਦੇ ਬਾਜ਼ਾਰ ਰਵਾਇਤੀ ਸੋਰਸਿੰਗ ਸਥਾਨਾਂ ਦੇ ਭਰੋਸੇਯੋਗ ਵਿਕਲਪ ਲੱਭ ਰਹੇ ਹਨ।

ਉਨ੍ਹਾਂ ਜ਼ੋਰ ਦਿੱਤਾ ਕਿ ਏਕੀਕ੍ਰਿਤ ਗਤੀਸ਼ੀਲਤਾ ਪ੍ਰਣਾਲੀਆਂ, ਉੱਚ ਸਟੀਕੀ ਇੰਜੀਨੀਅਰਿੰਗ, ਇਲੈਕਟ੍ਰਾਨਿਕ ਏਕੀਕਰਨ ਅਤੇ ਮਿਆਰ-ਅਧਾਰਤ ਨਿਰਮਾਣ ਭਵਿੱਖ ਵਿੱਚ ਸਾਈਕਲ ਉਦਯੋਗ ਦੀ ਦਿਸ਼ਾ ਤੈਅ ਕਰਨਗੇ। ਮਸ਼ੀਨ ਸਮਰੱਥਾ, ਪ੍ਰਕਿਰਿਆਵਾਂ ਵਿੱਚ ਅਨੁਸ਼ਾਸਨ ਅਤੇ ਕੁਸ਼ਲ ਮਨੁੱਖੀ ਸੰਸਾਧਨਾਂ ਦੀ ਮਹੱਤਤਾ ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਰੇਖਾਂਕਿਤ ਕੀਤੀ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਦੀ ਭਾਈਵਾਲੀ, ਨਵੀਨਤਾ ਅਤੇ ਇਕਸਾਰ ਗੁਣਵੱਤਾ ਆਲਮੀ ਭਰੋਸਾ ਜਿੱਤਣ ਅਤੇ ਨਿਰਯਾਤ ਨੂੰ ਮਜ਼ਬੂਤ ਕਰਨ ਲਈ ਲਾਜ਼ਮੀ ਹਨ।

ਸੈਸ਼ਨ ਦੇ ਅੰਤ ਵਿੱਚ ਫੂਡ ਪ੍ਰੋਸੈਸਿੰਗ ਵਿਭਾਗ ਦੀ ਪ੍ਰਮੁੱਖ ਸਕੱਤਰ ਸ਼੍ਰੀਮਤੀ ਰਾਖੀ ਗੁਪਤਾ ਭੰਡਾਰੀ ਨੇ ਵਿਚਾਰਚਰਚਾ ਵਿੱਚ ਸ਼ਾਮਲ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਉਦਯੋਗਿਕ ਆਗੂਆਂ ਵੱਲੋਂ ਦਿੱਤੇ ਸੁਝਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਤਰੀ ਵਿਕਾਸ ਲਈ ਨੀਤੀ ਸਹਾਇਤਾ, ਹੁਨਰ ਵਿਕਾਸ, ਸੁਰੱਖਿਆ ਮਿਆਰਾਂ ਅਤੇ ਉੱਚ ਮੁੱਲ ਵਾਲੇ ਉਤਪਾਦਾਂ ਦੀ ਵਿਕਾਸੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਖਪਤਕਾਰਾਂ ਦੀਆਂ ਬਦਲਦੀਆਂ ਪਸੰਦਾਂ ਡਿਜ਼ਾਈਨ ਨਵੀਨਤਾ, ਤਕਨਾਲੋਜੀ ਦੇ ਅਪਣਾਉਣ ਅਤੇ ਵੱਖ-ਵੱਖ ਉਪਯੋਗਤਾਵਾਂ—ਜਿਵੇਂ ਸੈਰ-ਸਪਾਟਾ ਗਤੀਸ਼ੀਲਤਾ ਅਤੇ ਮਨੋਰੰਜਨਕ ਸਾਈਕਲਿੰਗ—ਦੀ ਮੰਗ ਕਰ ਰਹੀਆਂ ਹਨ।

ਉਨ੍ਹਾਂ ਉਦਯੋਗਿਕ ਭਾਗੀਦਾਰਾਂ ਨੂੰ ਮਜ਼ਬੂਤ ਪਲੇਟਫਾਰਮ-ਅਧਾਰਤ ਈਕੋਸਿਸਟਮ ਤਿਆਰ ਕਰਨ ਦੀ ਅਪੀਲ ਕੀਤੀ, ਜੋ ਲੋਕਾਂ, ਉਤਪਾਦ ਸਮਰੱਥਾਵਾਂ ਅਤੇ ਪ੍ਰਕਿਰਿਆਵਾਂ ਨੂੰ ਇਕੱਠੇ ਜੋੜ ਕੇ ਪੰਜਾਬ ਨੂੰ ਅਗਲੀ ਪੀੜ੍ਹੀ ਦੇ ਸਾਈਕਲ ਨਿਰਮਾਣ ਵਿੱਚ ਇੱਕ ਆਲਮੀ ਆਗੂ ਵਜੋਂ ਸਥਾਪਿਤ ਕਰ ਸਕੇ।

Leave a Reply

Your email address will not be published. Required fields are marked *