Saturday, May 23Punjabi People

ਪੰਜਾਬ ਸਰਕਾਰ ਨੇ ਪਿੱਛੜੀਆਂ ਸ੍ਰੇਣੀਆਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ 11 ਨਵੇਂ ਬੋਰਡ ਬਣਾਉਣ ਦਾ ਕੀਤਾ ਫੈਸਲਾ

ਚੰਡੀਗੜ੍ਹ, 20 ਮਾਰਚ 2026: ਪੰਜਾਬ ਸਰਕਾਰ ਪੱਛੜੀਆਂ ਸ੍ਰੇਣੀਆਂ ਦੀ ਸਮਾਜਿਕ ਅਤੇ ਆਰਥਿਕ ਉੱਨਤੀ ਲਈ ਪੂਰੀ ਤਰ੍ਹਾਂ ਸੰਕਲਪਬੱਧ ਹੈ। ਇਹ ਗੱਲ ਪੰਜਾਬ ਰਾਜ ਪੱਛੜੀਆਂ ਸ੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਮਲਕੀਤ ਸਿੰਘ ਥਿੰਦ ਨੇ ਪੰਜਾਬ ਭਵਨ ਵਿੱਚ ਨਵੇਂ ਬਣਾਏ ਗਏ 11 ਬੋਰਡਾਂ ਦੇ ਚੇਅਰਮੈਨਾਂ, ਵਾਈਸ ਚੇਅਰਮੈਨਾਂ ਅਤੇ ਮੈਂਬਰਾਂ ਨਾਲ ਹੋਈ ਮੀਟਿੰਗ ਦੌਰਾਨ ਕਹੀ। ਉਨ੍ਹਾਂ ਦੱਸਿਆ ਕਿ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਸਹਿਯੋਗ ਨਾਲ ਪਹਿਲਾਂ ਹੀ ਕਈ ਭਲਾਈ ਯੋਜਨਾਵਾਂ ਚਲ ਰਹੀਆਂ ਹਨ ਅਤੇ ਨਵੇਂ ਬੋਰਡਾਂ ਦੀ ਸਥਾਪਨਾ ਨਾਲ ਇਹ ਕੋਸ਼ਿਸ਼ਾਂ ਹੋਰ ਮਜ਼ਬੂਤ ਹੋਣਗੀਆਂ।

ਮੀਟਿੰਗ ਦੌਰਾਨ ਬੈਕਫਿੰਕੋ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਨੂੰ ਸਵੈ-ਰੋਜ਼ਗਾਰ ਲਈ ਘੱਟ ਵਿਆਜ ‘ਤੇ ਕਰਜ਼ੇ ਦਿੱਤੇ ਜਾਂਦੇ ਹਨ। ਇਸ ਯੋਜਨਾ ਤਹਿਤ ਕਰਿਆਨਾ ਦੁਕਾਨਾਂ, ਡੇਅਰੀ ਫਾਰਮਿੰਗ ਆਦਿ ਕਾਰੋਬਾਰਾਂ ਲਈ 18 ਤੋਂ 55 ਸਾਲ ਦੇ ਪੰਜਾਬ ਦੇ ਨਿਵਾਸੀ ਯੋਗ ਹਨ। ਇਸ ਤੋਂ ਇਲਾਵਾ, ਐਨਬੀਸੀਐਫਡੀਸੀ ਦੀ ਮਦਦ ਨਾਲ ਵਿਦਿਆਰਥੀਆਂ ਨੂੰ ਸਿੱਖਿਆ ਲਈ ਲੋਨ ਵੀ ਪ੍ਰਦਾਨ ਕੀਤੇ ਜਾਂਦੇ ਹਨ।

ਅਸ਼ੀਰਵਾਦ ਸਕੀਮ ਸਬੰਧੀ ਦੱਸਿਆ ਗਿਆ ਕਿ ਸਾਲ 2025-26 ਵਿੱਚ 89 ਕਰੋੜ ਰੁਪਏ ਜਾਰੀ ਕਰਕੇ 17,533 ਲਾਭਪਾਤਰੀਆਂ ਨੂੰ ਫ਼ਾਇਦਾ ਪਹੁੰਚਾਇਆ ਗਿਆ ਹੈ। ਇਸੇ ਤਰ੍ਹਾਂ, ਓਬੀਸੀ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ ਅਧੀਨ 12.59 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਅਤੇ ਐਨਐਸਪੀ ਪੋਰਟਲ ਰਾਹੀਂ 10,092 ਵਿਦਿਆਰਥੀਆਂ ਨੇ ਅਰਜ਼ੀਆਂ ਦਿੱਤੀਆਂ ਹਨ।

ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਓਬੀਸੀ ਵਿਦਿਆਰਥੀਆਂ ਲਈ ਹੋਸਟਲ ਬਣਾਉਣ ਲਈ ਪ੍ਰਸਤਾਵ ਕੇਂਦਰ ਸਰਕਾਰ ਕੋਲ ਭੇਜੇ ਗਏ ਹਨ ਅਤੇ ਜਲਦੀ ਹੀ ਇਸ ਲਈ ਫੰਡ ਮਿਲਣ ਦੀ ਉਮੀਦ ਹੈ। ਨਾਲ ਹੀ, ਸਰਕਾਰੀ ਨੌਕਰੀਆਂ ਅਤੇ ਦਾਖਲਿਆਂ ਵਿੱਚ ਪੱਛੜੀਆਂ ਸ੍ਰੇਣੀਆਂ ਲਈ ਰਾਖਵੇਂ ਹਿੱਸੇ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ।

ਸ੍ਰੀ ਥਿੰਦ ਨੇ ਬੋਰਡ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਜੇ ਕਿਸੇ ਵੀ ਯੋਗ ਵਿਅਕਤੀ ਨੂੰ ਪੱਛੜੀ ਸ੍ਰੇਣੀ ਦਾ ਸਰਟੀਫਿਕੇਟ ਬਣਾਉਣ ਵਿੱਚ ਕੋਈ ਦਿੱਕਤ ਆਵੇ, ਤਾਂ ਉਹ ਮਾਮਲਾ ਤੁਰੰਤ ਸੰਬੰਧਤ ਜ਼ਿਲ੍ਹਾ ਅਧਿਕਾਰੀ ਦੇ ਧਿਆਨ ਵਿੱਚ ਲਿਆਂਦਾ ਜਾਵੇ, ਤਾਂ ਜੋ ਲੋਕਾਂ ਨੂੰ ਕੋਈ ਵੀ ਪਰੇਸ਼ਾਨੀ ਨਾ ਆਵੇ।

ਇਸ ਮੌਕੇ ਸ੍ਰੀ ਸੁਖਵਿੰਦਰ ਸਿੰਘ (ਕੰਬੋਜ ਭਲਾਈ ਬੋਰਡ), ਸ੍ਰੀ ਬਾਰੀ ਸਲਮਾਨੀ ਉਰਫ਼ ਅਬਦੁੱਲ ਬਾਰੀ (ਪੰਜਾਬ ਰਾਜ ਮੁਸਲਿਮ ਭਲਾਈ ਬੋਰਡ), ਸ੍ਰੀ ਰਾਮ ਕੁਮਾਰ ਮੁਕਾਰੀ (ਸੈਣੀ ਭਲਾਈ ਬੋਰਡ), ਗੁਰਮੀਤ ਸਿੰਘ ਬਾਵਾ (ਵੈਰਾਗੀ ਭਲਾਈ ਬੋਰਡ), ਰਿਟਾਇਰਡ ਬ੍ਰਿਗੇਡੀਅਰ ਰਾਜਕੁਮਾਰ (ਗੁੱਜਰ ਭਲਾਈ ਬੋਰਡ), ਕੇਸ਼ਵ ਵਰਮਾ (ਸਵਰਨਕਾਰ ਭਲਾਈ ਬੋਰਡ), ਮੱਖਣ ਲਾਲ ਪਲਾਂ (ਸੈਣ ਸਮਾਜ ਭਲਾਈ ਬੋਰਡ), ਡੈਨੀਅਲ ਮਸੀਹ (ਮਸੀਹ ਭਲਾਈ ਬੋਰਡ), ਸ੍ਰੀ ਸਤਪਾਲ ਸਿੰਘ ਸੋਖੀ (ਰਾਮਗੜੀਆ ਭਲਾਈ ਬੋਰਡ) ਅਤੇ ਸ੍ਰੀ ਰਾਜੂ ਕਨੋਜੀਆ (ਕਨੌਜੀਆ ਭਲਾਈ ਬੋਰਡ) ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਸਮਾਜਿਕ ਨਿਆਂ ਵਿਭਾਗ ਦੇ ਨੋਡਲ ਅਫਸਰ ਸ੍ਰੀ ਸੁਖਸਾਗਰ ਸਿੰਘ ਅਤੇ ਬੈਕਫਿੰਕੋ ਦੇ ਅਧਿਕਾਰੀ ਸ੍ਰੀ ਸੁਖਵਿੰਦਰ ਸਿੰਘ ਵੀ ਮੌਜੂਦ ਸਨ।

Leave a Reply

Your email address will not be published. Required fields are marked *