Wednesday, October 28Punjabi People

ਪੰਜਾਬ ਵਿੱਚ ਸਵਾਈਨ ਫਲੂ ਦੇ ਮਾਮਲੇ ਵਧੇ, 1,926 ਸ਼ੱਕੀ ਕੇਸਾਂ ਵਿੱਚੋਂ 347 ਪਾਜ਼ੇਟਿਵ; ਦੋ ਮੌਤਾਂ

ਚੰਡੀਗੜ੍ਹ, 21 ਸਤੰਬਰ 2026: ਪੰਜਾਬ ਵਿੱਚ ਇਨਫਲੂਐਂਜ਼ਾ-ਏ (H1N1), ਜਿਸ ਨੂੰ ਆਮ ਤੌਰ ’ਤੇ ਸਵਾਈਨ ਫਲੂ ਕਿਹਾ ਜਾਂਦਾ ਹੈ, ਦੇ ਮਾਮਲੇ ਸਾਹਮਣੇ ਆ ਰਹੇ ਹਨ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਅੰਕੜਿਆਂ ਮੁਤਾਬਕ 1 ਜਨਵਰੀ ਤੋਂ ਹੁਣ ਤੱਕ ਸੂਬੇ ਵਿੱਚ ਕੈਟਾਗਰੀ-ਸੀ ਦੇ 1,926 ਸ਼ੱਕੀ ਮਾਮਲੇ ਰਿਪੋਰਟ ਹੋਏ ਹਨ। ਇਨ੍ਹਾਂ ਵਿੱਚੋਂ 347 ਮਰੀਜ਼ਾਂ ਵਿੱਚ ਇਨਫਲੂਐਂਜ਼ਾ ਦੀ ਪੁਸ਼ਟੀ ਹੋਈ ਹੈ। ਇਸ ਦੌਰਾਨ ਲੁਧਿਆਣਾ ਅਤੇ ਜਲੰਧਰ ਵਿੱਚ ਇੱਕ-ਇੱਕ ਮਰੀਜ਼ ਦੀ ਮੌਤ ਹੋਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ।

ਜ਼ਿਲ੍ਹਾਵਾਰ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਲੁਧਿਆਣਾ ਵਿੱਚ ਸਭ ਤੋਂ ਵੱਧ 746 ਕੈਟਾਗਰੀ-ਸੀ ਦੇ ਸ਼ੱਕੀ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 95 ਮਰੀਜ਼ ਪਾਜ਼ੇਟਿਵ ਪਾਏ ਗਏ। ਇਸ ਤੋਂ ਬਾਅਦ ਮੋਹਾਲੀ ਵਿੱਚ 135 ਅਤੇ ਜਲੰਧਰ ਵਿੱਚ 115 ਸ਼ੱਕੀ ਮਾਮਲੇ ਦਰਜ ਕੀਤੇ ਗਏ ਹਨ।

ਇਸੇ ਤਰ੍ਹਾਂ ਪਟਿਆਲਾ ਵਿੱਚ 110, ਬਠਿੰਡਾ ਵਿੱਚ 89 ਅਤੇ ਹੁਸ਼ਿਆਰਪੁਰ ਵਿੱਚ 80 ਕੈਟਾਗਰੀ-ਸੀ ਦੇ ਸ਼ੱਕੀ ਮਾਮਲੇ ਰਿਪੋਰਟ ਹੋਏ ਹਨ।

ਪਟਿਆਲਾ ਅਤੇ ਮੋਹਾਲੀ ਵਿੱਚ 49-49 ਪਾਜ਼ੇਟਿਵ ਮਾਮਲੇ

ਪੁਸ਼ਟ ਮਾਮਲਿਆਂ ਦੀ ਗੱਲ ਕਰੀਏ ਤਾਂ ਪਟਿਆਲਾ ਅਤੇ ਮੋਹਾਲੀ ਵਿੱਚ 49-49 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਜਲੰਧਰ ਵਿੱਚ 21, ਅੰਮ੍ਰਿਤਸਰ ਵਿੱਚ 15 ਅਤੇ ਮੋਗਾ ਵਿੱਚ 14 ਮਰੀਜ਼ਾਂ ਵਿੱਚ ਇਨਫਲੂਐਂਜ਼ਾ ਦੀ ਪੁਸ਼ਟੀ ਹੋਈ ਹੈ।

ਸਿਹਤ ਵਿਭਾਗ ਵੱਲੋਂ ਮਾਮਲਿਆਂ ਦੀ ਨਿਗਰਾਨੀ ਦੇ ਨਾਲ-ਨਾਲ ਸ਼ੱਕੀ ਅਤੇ ਗੰਭੀਰ ਮਰੀਜ਼ਾਂ ਦੀ ਜਾਂਚ ਤੇ ਇਲਾਜ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।

ਕੀ ਹੈ ਕੈਟਾਗਰੀ-ਸੀ ਇਨਫਲੂਐਂਜ਼ਾ?

ਸਿਹਤ ਵਿਭਾਗ ਅਨੁਸਾਰ ਕੈਟਾਗਰੀ-ਸੀ ਦਾ ਸਬੰਧ ਗੰਭੀਰ ਜਾਂ ਜਟਿਲ ਇਨਫਲੂਐਂਜ਼ਾ ਨਾਲ ਹੈ। ਕੈਟਾਗਰੀ-ਸੀ ਵਿੱਚ ਸ਼ਾਮਲ ਹਰ ਮਰੀਜ਼ ਨੂੰ ਸਿੱਧੇ ਤੌਰ ’ਤੇ H1N1 ਪਾਜ਼ੇਟਿਵ ਨਹੀਂ ਮੰਨਿਆ ਜਾਂਦਾ, ਸਗੋਂ ਲੱਛਣਾਂ ਅਤੇ ਜਾਂਚ ਦੇ ਆਧਾਰ ’ਤੇ ਅੱਗੇ ਦੀ ਤਸ਼ਖੀਸ ਕੀਤੀ ਜਾਂਦੀ ਹੈ।

ਜੇਕਰ ਕਿਸੇ ਵਿਅਕਤੀ ਨੂੰ ਸਾਹ ਲੈਣ ਵਿੱਚ ਮੁਸ਼ਕਲ, ਛਾਤੀ ਵਿੱਚ ਦਰਦ, ਬਹੁਤ ਜ਼ਿਆਦਾ ਸੁਸਤੀ ਜਾਂ ਨੀਂਦ, ਬਲੱਡ ਪ੍ਰੈਸ਼ਰ ਘੱਟ ਹੋਣਾ, ਖੂਨ ਵਾਲਾ ਬਲਗਮ, ਨਹੁੰਆਂ ਜਾਂ ਚਮੜੀ ਦਾ ਨੀਲਾ ਪੈਣਾ ਜਾਂ ਫਲੂ ਦੇ ਗੰਭੀਰ ਲੱਛਣ ਦਿਖਾਈ ਦੇਣ ਤਾਂ ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਅਜਿਹੇ ਮਾਮਲਿਆਂ ਵਿੱਚ ਇਨਫਲੂਐਂਜ਼ਾ ਦੀ ਜਾਂਚ ਅਤੇ ਸਮੇਂ ਸਿਰ ਇਲਾਜ ਮਹੱਤਵਪੂਰਨ ਹੈ।

ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਵਧੇਰੇ ਸਾਵਧਾਨੀ ਦੀ ਸਲਾਹ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਜ਼ਿਆਦਾਤਰ ਇਨਫਲੂਐਂਜ਼ਾ ਮਾਮਲੇ ਹਲਕੇ ਹੁੰਦੇ ਹਨ ਅਤੇ ਹਰ ਮਰੀਜ਼ ਨੂੰ ਹਸਪਤਾਲ ਵਿੱਚ ਦਾਖ਼ਲ ਕਰਨ ਦੀ ਲੋੜ ਨਹੀਂ ਪੈਂਦੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਾਂਚ ਅਤੇ ਇਲਾਜ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।

ਉਨ੍ਹਾਂ ਨੇ ਗਰਭਵਤੀ ਔਰਤਾਂ, ਬਜ਼ੁਰਗਾਂ, ਘੱਟ ਪ੍ਰਤੀਰੋਧਕ ਸਮਰੱਥਾ ਵਾਲੇ ਲੋਕਾਂ ਅਤੇ ਪਹਿਲਾਂ ਤੋਂ ਕਿਸੇ ਬਿਮਾਰੀ ਤੋਂ ਪੀੜਤ ਵਿਅਕਤੀਆਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਅਜਿਹੇ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਬਚਣ ਅਤੇ ਫਲੂ ਵਰਗੇ ਲੱਛਣ ਸਾਹਮਣੇ ਆਉਣ ’ਤੇ ਡਾਕਟਰੀ ਸਲਾਹ ਲੈਣ ਲਈ ਕਿਹਾ ਗਿਆ ਹੈ।

ਸਿਹਤ ਮੰਤਰੀ ਮੁਤਾਬਕ ਵਾਤਾਵਰਣ ਵਿੱਚ ਨਮੀ ਵਧਣ ਨਾਲ ਇਸ ਮੌਸਮ ਦੌਰਾਨ ਵਾਇਰਲ ਇਨਫੈਕਸ਼ਨਾਂ ਦੇ ਫੈਲਣ ਦੀ ਸੰਭਾਵਨਾ ਵਧ ਸਕਦੀ ਹੈ। ਇਸ ਲਈ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਰਹਿਣ ਅਤੇ ਗੰਭੀਰ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।

Leave a Reply

Your email address will not be published. Required fields are marked *