
ਜਲੰਧਰ/ਚੰਡੀਗੜ੍ਹ, 18 ਅਗਸਤ 2026: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਨਾਲ ਜੁੜੀ ਜਾਂਚ ਦੇ ਸਿਲਸਿਲੇ ਵਿੱਚ 2007 ਬੈਚ ਦੀ ਪੰਜਾਬ ਕੈਡਰ ਦੀ ਆਈਏਐਸ ਅਧਿਕਾਰੀ ਕੰਵਲ ਪ੍ਰੀਤ ਬਰਾੜ ਤੋਂ ਪੁੱਛਗਿੱਛ ਕੀਤੀ। ਈਡੀ ਦੇ ਸੰਮਨਾਂ ’ਤੇ ਉਹ ਮੰਗਲਵਾਰ ਨੂੰ ਜਲੰਧਰ ਸਥਿਤ ਜਾਂਚ ਏਜੰਸੀ ਦੇ ਦਫ਼ਤਰ ਪਹੁੰਚੇ, ਜਿੱਥੇ ਉਨ੍ਹਾਂ ਤੋਂ ਸਾਢੇ ਅੱਠ ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ ਗਈ।
ਕੰਵਲ ਪ੍ਰੀਤ ਬਰਾੜ ਇਸ ਸਮੇਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿੱਚ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਹਾਲਾਂਕਿ, ਈਡੀ ਦੀ ਪੁੱਛਗਿੱਛ ਉਨ੍ਹਾਂ ਦੇ 2024 ਵਿੱਚ ਟਾਊਨ ਐਂਡ ਕੰਟਰੀ ਪਲਾਨਿੰਗ ਦੇ ਡਾਇਰੈਕਟਰ ਅਤੇ 2014 ਤੋਂ 2016 ਤੱਕ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (GLADA) ਦੇ ਮੁੱਖ ਪ੍ਰਸ਼ਾਸਕ ਵਜੋਂ ਰਹੇ ਕਾਰਜਕਾਲ ਨਾਲ ਸਬੰਧਤ ਦੱਸੀ ਜਾ ਰਹੀ ਹੈ।
ਸੂਤਰਾਂ ਅਨੁਸਾਰ, ਕੰਵਲ ਪ੍ਰੀਤ ਬਰਾੜ ਸਵੇਰੇ ਕਰੀਬ 10:25 ਵਜੇ ਈਡੀ ਦਫ਼ਤਰ ਪਹੁੰਚੇ ਅਤੇ ਸ਼ਾਮ 7:10 ਵਜੇ ਦੇ ਕਰੀਬ ਬਾਹਰ ਨਿਕਲੇ। ਉਨ੍ਹਾਂ ਨੂੰ ਆਪਣੀ ਨਿੱਜੀ ਜਾਇਦਾਦ, ਬੈਂਕ ਖਾਤਿਆਂ ਅਤੇ ਵਿੱਤੀ ਲੈਣ-ਦੇਣ ਨਾਲ ਸਬੰਧਤ ਦਸਤਾਵੇਜ਼ ਵੀ ਨਾਲ ਲਿਆਉਣ ਲਈ ਕਿਹਾ ਗਿਆ ਸੀ।
ਸਨਟੈਕ ਸਿਟੀ ਦੀਆਂ CLU ਮਨਜ਼ੂਰੀਆਂ ’ਤੇ ਸਵਾਲ
ਜਾਂਚ ਦੌਰਾਨ ਈਡੀ ਅਧਿਕਾਰੀਆਂ ਵੱਲੋਂ ਮੁਹਾਲੀ ਸਥਿਤ ਸਨਟੈਕ ਸਿਟੀ ਪ੍ਰਾਜੈਕਟ ਨਾਲ ਸਬੰਧਤ ਕਈ ਮਾਮਲਿਆਂ ਬਾਰੇ ਸਵਾਲ ਕੀਤੇ ਜਾਣ ਦੀ ਜਾਣਕਾਰੀ ਹੈ। ਖਾਸ ਤੌਰ ’ਤੇ ਰੀਅਲ ਅਸਟੇਟ (ਰੈਗੂਲੇਸ਼ਨ ਐਂਡ ਡਿਵੈਲਪਮੈਂਟ) ਐਕਟ (RERA) ਦੀ ਧਾਰਾ 14 ਦੀ ਪਾਲਣਾ ਤੋਂ ਬਿਨਾਂ ਸਨਟੈਕ ਸਿਟੀ ਦੇ ਕੁਝ ਹਿੱਸੇ ਦੇ ਰੱਦਕਰਨ ਅਤੇ ਐਲਟਸ ਵਿੱਚ ਲੇਆਊਟ ਪਲਾਨ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਸਬੰਧੀ ਪੁੱਛਗਿੱਛ ਕੀਤੀ ਗਈ।
ਇਸ ਤੋਂ ਇਲਾਵਾ ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼ ਲਿਮਟਿਡ (RPIL) ਨੂੰ ਪਹਿਲਾਂ ਕੀਤੇ ਗਏ 50 ਫੀਸਦੀ ਉਦਯੋਗਿਕ ਪਲਾਟ ਵਿਕਸਤ ਕਰਨ ਅਤੇ ਵੇਚਣ ਦੇ ਸਮਝੌਤੇ ਦੀ ਪਾਲਣਾ ਕੀਤੇ ਬਿਨਾਂ ਦਿੱਤੀ ਗਈ ਮਨਜ਼ੂਰੀ ਬਾਰੇ ਵੀ ਸਵਾਲ ਪੁੱਛੇ ਗਏ। ਰਿਪੋਰਟਾਂ ਅਨੁਸਾਰ, RPIL ਹੁਣ ਮੰਤਰੀ ਸੰਜੀਵ ਅਰੋੜਾ ਨਾਲ ਜੁੜੀ ਹੈਂਪਟਨ ਸਕਾਈ ਰੀਐਲਟੀ ਲਿਮਟਿਡ ਵਜੋਂ ਜਾਣੀ ਜਾਂਦੀ ਹੈ।
ਜਾਂਚ ਵਿੱਚ ਪੂਰਾ ਸਹਿਯੋਗ ਦੇਣ ਦਾ ਦਾਅਵਾ
ਈਡੀ ਨਾਲ ਜੁੜੇ ਸੂਤਰਾਂ ਨੇ ਦਾਅਵਾ ਕੀਤਾ ਕਿ ਕੰਵਲ ਪ੍ਰੀਤ ਬਰਾੜ ਨੇ ਪੁੱਛਗਿੱਛ ਦੌਰਾਨ ਜਾਂਚ ਏਜੰਸੀ ਨਾਲ ਪੂਰਾ ਸਹਿਯੋਗ ਕੀਤਾ। ਸੂਤਰਾਂ ਮੁਤਾਬਕ, ਜਾਂਚ ਦੌਰਾਨ ਹੁਣ ਤੱਕ ਸਾਹਮਣੇ ਆਈ ਜਾਣਕਾਰੀ ਦੇ ਆਧਾਰ ’ਤੇ ਇਸ ਮਾਮਲੇ ਨਾਲ ਜੁੜੇ ਹੋਰ ਅਧਿਕਾਰੀਆਂ ਨੂੰ ਵੀ ਆਉਣ ਵਾਲੇ ਦਿਨਾਂ ਵਿੱਚ ਸੰਮਨ ਜਾਰੀ ਕੀਤੇ ਜਾ ਸਕਦੇ ਹਨ।
ਪੁਲਿਸ ਸ਼ਿਕਾਇਤ ਤੋਂ ਸ਼ੁਰੂ ਹੋਈ ਸੀ ਜਾਂਚ
ਸਨਟੈਕ ਸਿਟੀ ਨਾਲ ਜੁੜਿਆ ਇਹ ਮਾਮਲਾ ਇੱਕ ਪੁਲਿਸ ਸ਼ਿਕਾਇਤ ਤੋਂ ਸ਼ੁਰੂ ਹੋਇਆ ਸੀ। ਸਾਲ 2020 ਵਿੱਚ ਮੁਹਾਲੀ ਦੇ ਪਲਹੇੜੀ ਪਿੰਡ ਦੇ ਜ਼ਮੀਨ ਮਾਲਕ ਕਰਮਜੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਉਂਦਿਆਂ ਦੋਸ਼ ਲਾਇਆ ਸੀ ਕਿ ਸਨਟੈਕ ਸਿਟੀ ਦੇ ਪ੍ਰਮੋਟਰਾਂ ਵੱਲੋਂ ਉਸ ਦੀ ਅਤੇ 14 ਹੋਰ ਕਿਸਾਨਾਂ ਦੀ ਜ਼ਮੀਨ ਸਬੰਧੀ ਕਥਿਤ ਤੌਰ ’ਤੇ ਜਾਅਲੀ ਸਹਿਮਤੀ ਪੱਤਰ ਤਿਆਰ ਕੀਤੇ ਗਏ ਸਨ।
ਤਤਕਾਲੀ ਮੁਹਾਲੀ ਐਸਪੀ ਹਰਮਨਦੀਪ ਹੰਸ ਵੱਲੋਂ ਕੀਤੀ ਜਾਂਚ ਤੋਂ ਬਾਅਦ ਨਵੰਬਰ 2022 ਵਿੱਚ ਮੁਲਾਂਪੁਰ ਥਾਣੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਸੀ। ਬਾਅਦ ਵਿੱਚ ਇਹੀ ਮਾਮਲਾ ਈਡੀ ਦੀ ਮਨੀ ਲਾਂਡਰਿੰਗ ਜਾਂਚ ਦਾ ਆਧਾਰ ਬਣਿਆ।
ਮਈ ਵਿੱਚ 12 ਟਿਕਾਣਿਆਂ ’ਤੇ ਈਡੀ ਦੇ ਛਾਪੇ
ਇਸ ਮਾਮਲੇ ਵਿੱਚ ਈਡੀ ਵੱਲੋਂ 7 ਮਈ ਨੂੰ ਮੁਹਾਲੀ ਅਤੇ ਚੰਡੀਗੜ੍ਹ ਵਿੱਚ 12 ਟਿਕਾਣਿਆਂ ’ਤੇ ਛਾਪੇਮਾਰੀ ਵੀ ਕੀਤੀ ਗਈ ਸੀ। ਜਾਂਚ ਏਜੰਸੀ ਨੇ ਇਸ ਦੌਰਾਨ ਸਨਟੈਕ ਸਿਟੀ ਦੇ ਪ੍ਰਮੋਟਰ ਅਜੈ ਸਹਿਗਲ ਸਮੇਤ ਕਈ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਸੀ। ਕਾਰੋਬਾਰੀ ਨਿਤਿਨ ਗੋਇਲ ਦੇ ਘਰ ਵੀ ਤਲਾਸ਼ੀ ਲਈ ਗਈ ਸੀ।
ਰਿਪੋਰਟਾਂ ਮੁਤਾਬਕ, ਛਾਪੇਮਾਰੀ ਦੌਰਾਨ ਇੱਕ ਇਮਾਰਤ ਦੀ 9ਵੀਂ ਮੰਜ਼ਿਲ ਤੋਂ ਕਥਿਤ ਤੌਰ ’ਤੇ 21 ਲੱਖ ਰੁਪਏ ਦੀ ਨਕਦੀ ਹੇਠਾਂ ਸੁੱਟੇ ਜਾਣ ਦੀ ਘਟਨਾ ਵੀ ਸਾਹਮਣੇ ਆਈ ਸੀ। ਇਸ ਕਾਰਵਾਈ ਅਤੇ ਪੁੱਛਗਿੱਛ ਤੋਂ ਬਾਅਦ ਈਡੀ ਨੇ ਸਨਟੈਕ ਸਿਟੀ ਦੇ ਪ੍ਰਮੋਟਰ ਅਜੈ ਸਹਿਗਲ ਨੂੰ ਗ੍ਰਿਫ਼ਤਾਰ ਕੀਤਾ ਸੀ।
ਸਨਟੈਕ ਸਿਟੀ ਪ੍ਰਾਜੈਕਟ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਦੀ ਜਾਂਚ ਜਾਰੀ ਹੈ ਅਤੇ ਹੁਣ ਇੱਕ ਸੀਨੀਅਰ ਆਈਏਐਸ ਅਧਿਕਾਰੀ ਤੋਂ ਪੁੱਛਗਿੱਛ ਹੋਣ ਤੋਂ ਬਾਅਦ ਮਾਮਲੇ ਵਿੱਚ ਅੱਗੇ ਹੋਰ ਅਧਿਕਾਰੀਆਂ ਅਤੇ ਸਬੰਧਤ ਵਿਅਕਤੀਆਂ ਦੀ ਭੂਮਿਕਾ ਵੀ ਜਾਂਚ ਦੇ ਘੇਰੇ ਵਿੱਚ ਆ ਸਕਦੀ ਹੈ।
