
ਕੋਟਕਪੂਰਾ, 9 ਅਪ੍ਰੈਲ 2026: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਨਿਊ ਗਰੇਨ ਮਾਰਕੀਟ ਤੋਂ ਸਮਾਧ ਬਾਬਾ ਜੋਧ ਸਿੰਘ ਤੱਕ ਬਣੀ ਸੜਕ ਦਾ ਉਦਘਾਟਨ ਕੀਤਾ।
ਇਸ ਮੌਕੇ ਸੰਬੋਧਨ ਕਰਦੇ ਹੋਏ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਕਾਰਜਾਂ ਨੂੰ ਪਹਿਲ ਦੇ ਰਹੀ ਹੈ ਅਤੇ ਪਹਿਲੇ ਚਾਰ ਸਾਲਾਂ ਵਿੱਚ ਹੀ ਕਈ ਅਹਿਮ ਪ੍ਰਾਜੈਕਟ ਸਫਲਤਾਪੂਰਵਕ ਪੂਰੇ ਕੀਤੇ ਗਏ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਬਾਬਾ ਜੋਧ ਸਿੰਘ ਸੜਕ ਦੀ ਲੰਬਾਈ 2.07 ਕਿਲੋਮੀਟਰ ਹੈ ਅਤੇ ਇਹ 68.29 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਹੈ।
ਉਨ੍ਹਾਂ ਦੱਸਿਆ ਕਿ ਆੜ੍ਹਤੀ ਐਸੋਸੀਏਸ਼ਨ ਵੱਲੋਂ ਲਗਭਗ 35 ਸਾਲਾਂ ਤੋਂ ਇਸ ਸੜਕ ਦੀ ਮੰਗ ਕੀਤੀ ਜਾ ਰਹੀ ਸੀ, ਪਰ ਪਿਛਲੀਆਂ ਸਰਕਾਰਾਂ ਨੇ ਇਸ ਮਾਮਲੇ ਵੱਲ ਧਿਆਨ ਨਹੀਂ ਦਿੱਤਾ। ਹੁਣ ਮੌਜੂਦਾ ਪੰਜਾਬ ਸਰਕਾਰ ਵੱਲੋਂ ਇਹ ਮੰਗ ਪੂਰੀ ਕੀਤੀ ਗਈ ਹੈ, ਜਿਸ ਨਾਲ ਸਥਾਨਕ ਵਸਨੀਕਾਂ ਅਤੇ ਵਪਾਰੀਆਂ ਨੂੰ ਵੱਡੀ ਸਹੂਲਤ ਮਿਲੇਗੀ।
ਸਪੀਕਰ ਸ. ਸੰਧਵਾਂ ਨੇ ਅੱਗੇ ਕਿਹਾ ਕਿ ਸੜਕ ਦਾ ਮੁੱਖ ਕੰਮ ਕਰੀਬ ਪੂਰਾ ਹੋ ਚੁੱਕਾ ਹੈ ਅਤੇ ਜਲਦ ਹੀ ਇਸ ਦੇ ਦੋਵਾਂ ਪਾਸਿਆਂ ਇੰਟਰਲਾਕ ਟਾਇਲਾਂ ਲਗਾਈਆਂ ਜਾਣਗੀਆਂ, ਜਿਸ ਨਾਲ ਸੜਕ ਹੋਰ ਸੁੰਦਰ ਅਤੇ ਮਜ਼ਬੂਤ ਬਣੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਲਾਕੇ ਦੇ ਵਿਕਾਸ ਲਈ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਉਪਰਾਲੇ ਜਾਰੀ ਰਹਿਣਗੇ।
ਇਸ ਮੌਕੇ ਮਾਰਕੀਟ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਸ. ਗੁਰਮੀਤ ਸਿੰਘ ਆਰੇਵਾਲਾ, ਐਸ.ਡੀ.ਓ. ਨਰਿੰਦਰ ਸਿੰਘ, ਸ੍ਰੀ ਹਰੀ ਕ੍ਰਿਸ਼ਨ ਗੋਇਲ, ਸ੍ਰੀ ਮਹਿੰਦਰ ਕੁਮਾਰ ਐਰਨ, ਸ੍ਰੀ ਮਹੇਸ਼ ਕਟਾਰੀਆ ਅਤੇ ਸ. ਸੁਖਦੇਵ ਸਿੰਘ ਸੰਧੂ ਵੀ ਹਾਜ਼ਰ ਸਨ।
