
ਤਰਨਤਾਰਨ, 1 ਅਕਤੂਬਰ 2026: ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਅੱਜ ਦੂਜੀ ਕਿਸ਼ਤ ਜਾਰੀ ਕਰ ਦਿੱਤੀ ਗਈ। ਤਰਨਤਾਰਨ ਦੇ ਗੋਇੰਦਵਾਲ ਸਾਹਿਬ ਦੀ ਦਾਣਾ ਮੰਡੀ ਵਿੱਚ ਕਰਵਾਏ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਯੋਗ ਮਹਿਲਾਵਾਂ ਲਈ ਅਕਤੂਬਰ ਤੋਂ ਦਸੰਬਰ ਤੱਕ ਤਿੰਨ ਮਹੀਨਿਆਂ ਦੀ ਵਿੱਤੀ ਸਹਾਇਤਾ ਦੀ ਰਕਮ ਜਾਰੀ ਕੀਤੀ।
ਇਸ ਤਹਿਤ ਜਨਰਲ ਸ਼੍ਰੇਣੀ ਦੀਆਂ ਯੋਗ ਮਹਿਲਾਵਾਂ ਦੇ ਖਾਤਿਆਂ ਵਿੱਚ 3,000 ਰੁਪਏ, ਜਦਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ 4,500 ਰੁਪਏ ਦੀ ਰਕਮ ਸਿੱਧੀ ਟਰਾਂਸਫਰ ਕੀਤੀ ਗਈ ਹੈ।
ਹਰ ਮਹੀਨੇ ਮਿਲਦੀ ਹੈ ਵਿੱਤੀ ਸਹਾਇਤਾ
ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਯੋਗ ਮਹਿਲਾਵਾਂ ਨੂੰ ਹਰ ਮਹੀਨੇ ਸਿੱਧੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਜਨਰਲ ਸ਼੍ਰੇਣੀ ਦੀਆਂ ਮਹਿਲਾਵਾਂ ਨੂੰ 1,000 ਰੁਪਏ ਪ੍ਰਤੀ ਮਹੀਨਾ, ਜਦਕਿ ਅਨੁਸੂਚਿਤ ਜਾਤੀ ਦੀਆਂ ਯੋਗ ਮਹਿਲਾਵਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ। ਇਹ ਰਕਮ ਡਾਇਰੈਕਟ ਬੈਨੇਫਿਟ ਟ੍ਰਾਂਸਫਰ (DBT) ਰਾਹੀਂ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਹੁੰਦੀ ਹੈ।
ਯੋਜਨਾ ਦੀ ਪਹਿਲੀ ਕਿਸ਼ਤ ਜੁਲਾਈ 2026 ਵਿੱਚ ਜਾਰੀ ਕੀਤੀ ਗਈ ਸੀ। ਉਸ ਵੇਲੇ ਵੀ ਤਿੰਨ ਮਹੀਨਿਆਂ ਦੀ ਰਕਮ ਇਕੱਠੀ ਦਿੱਤੀ ਗਈ ਸੀ, ਜਿਸ ਤਹਿਤ ਜਨਰਲ ਸ਼੍ਰੇਣੀ ਦੀਆਂ ਮਹਿਲਾਵਾਂ ਨੂੰ 3,000 ਰੁਪਏ ਅਤੇ ਅਨੁਸੂਚਿਤ ਜਾਤੀ ਦੀਆਂ ਮਹਿਲਾਵਾਂ ਨੂੰ 4,500 ਰੁਪਏ ਮਿਲੇ ਸਨ।
ਮੁੱਖ ਮੰਤਰੀ ਨੇ ਗਿਣਵਾਈਆਂ ਸਰਕਾਰ ਦੀਆਂ ਉਪਲਬਧੀਆਂ
ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਹੁਣ ਦੇਸ਼ ਲਈ ਮਿਸਾਲ ਬਣ ਰਿਹਾ ਹੈ। ਮਾਨ ਨੇ ਕਿਹਾ ਕਿ ਸਾਲ 2022 ਤੋਂ ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਸਿੱਖਿਆ ਪ੍ਰਣਾਲੀ ਵਿੱਚ ਸੁਧਾਰਾਂ ’ਤੇ ਕੰਮ ਸ਼ੁਰੂ ਕੀਤਾ ਗਿਆ, ਜਿਸ ਦੇ ਨਤੀਜੇ ਵਜੋਂ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਕੇਰਲਾ ਨੂੰ ਪਿੱਛੇ ਛੱਡ ਕੇ ਨੰਬਰ-1 ਸੂਬਾ ਬਣਿਆ ਹੈ।
ਉਨ੍ਹਾਂ ਦਾਅਵਾ ਕੀਤਾ ਕਿ 2021 ਵਿੱਚ ਪੰਜਾਬ ਤੋਂ ਸਿਰਫ਼ 80 ਵਿਦਿਆਰਥੀ NEET ਵਿੱਚ ਸਫਲ ਹੋਏ ਸਨ, ਜਦਕਿ ਇਸ ਸਾਲ ਇਹ ਗਿਣਤੀ ਵੱਧ ਕੇ 882 ਹੋ ਗਈ ਹੈ।
ਮੁੱਖ ਮੰਤਰੀ ਨੇ ਸਰਕਾਰ ਦੀਆਂ ਹੋਰ ਉਪਲਬਧੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ 2022 ਵਿੱਚ ਸਰਕਾਰ ਬਣਨ ਤੋਂ ਬਾਅਦ ਲੋਕਾਂ ਨੂੰ 600 ਯੂਨਿਟ ਤੱਕ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜਿੱਥੇ ਪਿਛਲੀਆਂ ਸਰਕਾਰਾਂ ’ਤੇ ਸੂਬੇ ਦੀ ਜਾਇਦਾਦ ਵੇਚਣ ਦੇ ਇਲਜ਼ਾਮ ਲੱਗਦੇ ਰਹੇ ਹਨ, ਉੱਥੇ ਉਨ੍ਹਾਂ ਦੀ ਸਰਕਾਰ ਨੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਜਾਇਦਾਦ ਖਰੀਦਣ ਦੇ ਕਦਮ ਵੀ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਪ੍ਰਾਈਵੇਟ ਥਰਮਲ ਪਲਾਂਟ ਖਰੀਦਣ ਦਾ ਵੀ ਜ਼ਿਕਰ ਕੀਤਾ।
ਕਾਂਗਰਸ ਅਤੇ ਵਿਰੋਧੀਆਂ ’ਤੇ ਨਿਸ਼ਾਨਾ
ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਸਤੀਫ਼ੇ ਤੋਂ ਬਾਅਦ ਪਾਰਟੀ ਵਿੱਚ ਨਵੇਂ ਪ੍ਰਧਾਨ ਨੂੰ ਲੈ ਕੇ ਵੀ ਖਿੱਚੋਤਾਣ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਦਿਆਂ ’ਤੇ ਇਕਜੁੱਟ ਹੋਣ ਦੀ ਬਜਾਏ ਕਾਂਗਰਸ ਆਗੂਆਂ ਵਿਚਕਾਰ ਆਪਸੀ ਖਿੱਚੋਤਾਣ ਦੀ ਸਿਆਸਤ ਚੱਲਦੀ ਰਹਿੰਦੀ ਹੈ।
ਪੰਜਾਬ ਦੀ ਸਿਆਸਤ ਬਾਰੇ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਸੂਬੇ ਵਿੱਚ ਬਾਦਲ, ਮਜੀਠੀਆ ਅਤੇ ਕੈਪਟਨ ਪਰਿਵਾਰਾਂ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਸਿਆਸੀ ਦਬਦਬੇ ਦਾ ਅੰਤ ਹੋਇਆ ਹੈ ਅਤੇ ਹੁਣ ਆਮ ਲੋਕਾਂ ਦੀ ਸਰਕਾਰ ਹੈ।
ਬਾਦਲ ਪਰਿਵਾਰ ਦੀ ਮੌਜੂਦਾ ਸਿਆਸੀ ਸਥਿਤੀ ’ਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 25 ਸਾਲ ਰਾਜ ਕਰਨ ਦਾ ਦਾਅਵਾ ਕਰਨ ਵਾਲੇ ਬਾਦਲ ਪਰਿਵਾਰ ਕੋਲ ਅੱਜ ਪੰਜ ਬੰਦੇ ਵੀ ਨਹੀਂ ਹਨ।
