Saturday, May 23Punjabi People

ਪੰਜਾਬ ਦੇ ਸਿਹਤ ਮੰਤਰੀ ਨੇ ਤਿੱਖੀ ਗਰਮੀ ਨਾਲ ਨਜਿੱਠਣ ਲਈ ਸੂਬਾ ਪੱਧਰ ‘ਤੇ ਤਿਆਰੀਆਂ ਦਾ ਐਲਾਨ ਕੀਤਾ, ਸਮਰਪਿਤ ਹੀਟ ਸਟ੍ਰੋਕ ਯੂਨਿਟਾਂ ਨੂੰ ਚਾਲੂ ਕੀਤਾ ਗਿਆ

ਚੰਡੀਗੜ੍ਹ, 15 ਅਪ੍ਰੈਲ 2026: ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਨਾਲ ਸੂਬੇ ਵਿੱਚ ਤਿੱਖੀ ਗਰਮੀ ਵਧਣ ਦੇ ਅਨੁਮਾਨ ਨੂੰ ਦੇਖਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਹੀਟਵੇਵ ਦੇ ਪ੍ਰਭਾਵਾਂ ਨੂੰ ਰੋਕਣ ਅਤੇ ਘਟਾਉਣ ਲਈ ਪੂਰੀ ਤਿਆਰੀ ਕੀਤੀ ਗਈ ਹੈ। ਇਸ ਸਬੰਧੀ ਸਿਹਤ ਕਰਮਚਾਰੀਆਂ ਨੂੰ ਵੀ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੱਧ ਗਰਮੀ ਨਾਲ ਹੀਟ ਸਟ੍ਰੈਸ, ਹੀਟ ਇਗਜ਼ੌਸ਼ਨ ਅਤੇ ਹੀਟ ਸਟ੍ਰੋਕ ਦਾ ਖ਼ਤਰਾ ਵਧ ਜਾਂਦਾ ਹੈ ਅਤੇ ਦਿਲ ਤੇ ਸਾਹ ਨਾਲ ਜੁੜੀਆਂ ਬਿਮਾਰੀਆਂ ਵਿੱਚ ਵੀ ਵਾਧਾ ਹੋ ਸਕਦਾ ਹੈ।

ਮੰਤਰੀ ਨੇ ਕਿਹਾ ਕਿ ਸੂਬੇ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਸਾਰੇ ਸਿਵਲ ਸਰਜਨਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਜ਼ਿਲ੍ਹਾ ਹਸਪਤਾਲਾਂ, ਸਬ-ਡਵੀਜ਼ਨ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਸਮਰਪਿਤ ਹੀਟ ਸਟ੍ਰੋਕ ਮੈਨੇਜਮੈਂਟ ਯੂਨਿਟ ਤੁਰੰਤ ਚਾਲੂ ਕੀਤੇ ਜਾਣ। ਇਹ ਯੂਨਿਟ ਆਈਸ ਪੈਕ ਅਤੇ ਠੰਢੇ ਆਈਵੀ ਤਰਲ ਪਦਾਰਥਾਂ ਵਰਗੀਆਂ ਸਹੂਲਤਾਂ ਨਾਲ ਲੈਸ ਹਨ। ਨਾਲ ਹੀ ਹਰ ਸਿਹਤ ਕੇਂਦਰ ‘ਤੇ ਓਆਰਐਸ ਅਤੇ ਐਮਰਜੈਂਸੀ ਦਵਾਈਆਂ ਦਾ ਯੋਗ ਸਟਾਕ ਯਕੀਨੀ ਬਣਾਇਆ ਗਿਆ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਐਂਬੂਲੈਂਸ ਸੇਵਾਵਾਂ ਨੂੰ ਮਜ਼ਬੂਤ ਕੀਤਾ ਗਿਆ ਹੈ ਤਾਂ ਜੋ ਮਰੀਜ਼ਾਂ ਨੂੰ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਠੰਢਕ ਪ੍ਰਦਾਨ ਕੀਤੀ ਜਾ ਸਕੇ। ਸੂਬੇ ਵਿੱਚ ਹੀਟ ਨਾਲ ਜੁੜੀਆਂ ਬਿਮਾਰੀਆਂ ਦੀ ਅਸਲ ਸਮੇਂ ਵਿੱਚ ਨਿਗਰਾਨੀ ਲਈ ਆਈਐਚਆਈਪੀ ਪੋਰਟਲ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਟਾਸਕ ਫੋਰਸਾਂ ਵੱਲੋਂ ਹੀਟ ਐਕਸ਼ਨ ਪਲਾਨ ਨੂੰ ਲਾਗੂ ਕਰਨ ਲਈ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੈਡੀਕਲ ਟੀਮਾਂ ਪੂਰੀ ਤਰ੍ਹਾਂ ਤਿਆਰ ਹਨ, ਫਿਰ ਵੀ ਉਨ੍ਹਾਂ ਲੋਕਾਂ—ਖਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ—ਨੂੰ ਸਾਵਧਾਨ ਰਹਿਣ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।

ਹੀਟਵੇਵ ਤੋਂ ਬਚਾਅ ਲਈ ਸਲਾਹਾਂ:

ਕੀ ਕਰੀਏ:

  • ਵੱਧ ਤੋਂ ਵੱਧ ਪਾਣੀ ਪੀਓ ਅਤੇ ਹਰ 20-30 ਮਿੰਟ ਬਾਅਦ ਤਰਲ ਪਦਾਰਥ ਲਓ। ਓਆਰਐਸ, ਲੱਸੀ ਅਤੇ ਨਿੰਬੂ ਪਾਣੀ ਲਾਭਕਾਰੀ ਹਨ।
  • ਹਲਕੇ ਰੰਗ ਦੇ ਢਿੱਲੇ ਸੂਤੀ ਕੱਪੜੇ ਪਾਓ ਅਤੇ ਸਿਰ ਨੂੰ ਢੱਕ ਕੇ ਰੱਖੋ।
  • ਬਾਹਰੀ ਕੰਮ ਸਵੇਰੇ ਜਾਂ ਸ਼ਾਮ ਦੇ ਠੰਢੇ ਸਮੇਂ ਵਿੱਚ ਕਰੋ।
  • ਤਰਬੂਜ਼, ਸੰਤਰਾ ਅਤੇ ਖੀਰਾ ਵਰਗੇ ਪਾਣੀ ਵਾਲੇ ਫਲ ਖਾਓ।
  • ਘਰ ਨੂੰ ਠੰਢਾ ਰੱਖਣ ਲਈ ਪੱਖਿਆਂ, ਪਰਦਿਆਂ ਅਤੇ ਹਵਾਦਾਰੀ ਦੀ ਵਰਤੋਂ ਕਰੋ।
  • ਮਜ਼ਦੂਰਾਂ ਲਈ ਛਾਂ ਅਤੇ ਸਾਫ਼ ਪੀਣ ਵਾਲਾ ਪਾਣੀ ਉਪਲਬਧ ਕਰਵਾਇਆ ਜਾਵੇ।

ਕੀ ਨਾ ਕਰੀਏ:

  • ਦੁਪਹਿਰ 12 ਤੋਂ 3 ਵਜੇ ਤੱਕ ਬਿਨਾਂ ਲੋੜ ਦੇ ਧੁੱਪ ਵਿੱਚ ਨਾ ਜਾਓ।
  • ਚਾਹ, ਕੌਫੀ, ਸ਼ਰਾਬ ਅਤੇ ਸੋਡੇ ਵਾਲੇ ਪੇਯ ਪਦਾਰਥ ਘੱਟ ਵਰਤੋਂ।
  • ਭਾਰੀ, ਤਲੇ ਹੋਏ ਜਾਂ ਮਸਾਲੇਦਾਰ ਖਾਣੇ ਤੋਂ ਪਰਹੇਜ਼ ਕਰੋ।
  • ਤੇਜ਼ ਗਰਮੀ ਦੌਰਾਨ ਭਾਰੀ ਸਰੀਰਕ ਮਿਹਨਤ ਨਾ ਕਰੋ।
  • ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਕਦੇ ਵੀ ਬੰਦ ਗੱਡੀਆਂ ਵਿੱਚ ਨਾ ਛੱਡੋ।

ਇਨ੍ਹਾਂ ਲੱਛਣਾਂ ‘ਤੇ ਤੁਰੰਤ ਧਿਆਨ ਦਿਓ:

  • ਸਰੀਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ
  • ਬੇਹੋਸ਼ੀ, ਘਬਰਾਹਟ ਜਾਂ ਦੌਰੇ
  • ਗਰਮ, ਲਾਲ ਅਤੇ ਸੁੱਕੀ ਚਮੜੀ
  • ਤੇਜ਼ ਸਿਰ ਦਰਦ, ਮਤਲੀ ਜਾਂ ਦਿਲ ਦੀ ਧੜਕਣ ਦਾ ਤੇਜ਼ ਹੋਣਾ

ਇਨ੍ਹਾਂ ਲੱਛਣਾਂ ਦੇ ਦਿਖਾਈ ਦੇਣ ‘ਤੇ ਤੁਰੰਤ ਡਾਕਟਰੀ ਸਹਾਇਤਾ ਲਈ 104, 108 ਜਾਂ 112 ‘ਤੇ ਸੰਪਰਕ ਕਰੋ।

Leave a Reply

Your email address will not be published. Required fields are marked *