Wednesday, July 29Punjabi People

ਮਹਿੰਗਾਈ ਦੇ ਦੌਰ ਵਿੱਚ ਮਹਿਲਾਵਾਂ ਲਈ ਵੱਡੀ ਰਾਹਤ: 70 ਲੱਖ ਤੋਂ ਵੱਧ ਰਜਿਸਟ੍ਰੇਸ਼ਨ, 33 ਲੱਖ ਨੂੰ ਮਿਲੀ ਵਿੱਤੀ ਸਹਾਇਤਾ

ਚੰਡੀਗੜ੍ਹ, 20 ਜੁਲਾਈ 2026: ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਸੂਬੇ ਦੀਆਂ ਲੱਖਾਂ ਮਹਿਲਾਵਾਂ ਲਈ ਆਰਥਿਕ ਸਹਾਰਾ ਬਣ ਕੇ ਉਭਰੀ ਹੈ। ਵਧਦੀ ਮਹਿੰਗਾਈ, ਬੱਚਿਆਂ ਦੀ ਸਿੱਖਿਆ ਦੇ ਵਧ ਰਹੇ ਖ਼ਰਚੇ, ਸਿਹਤ ਸੇਵਾਵਾਂ ਦੀ ਲਾਗਤ ਅਤੇ ਘਰੇਲੂ ਬਜਟ ‘ਤੇ ਪੈ ਰਹੇ ਲਗਾਤਾਰ ਦਬਾਅ ਦੇ ਵਿਚਕਾਰ ਇਹ ਯੋਜਨਾ ਯੋਗ ਮਹਿਲਾਵਾਂ ਨੂੰ ਮਹੀਨਾਵਾਰ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।

ਸਰਕਾਰੀ ਜਾਣਕਾਰੀ ਅਨੁਸਾਰ, 25 ਜੂਨ 2026 ਤੱਕ ਰਜਿਸਟ੍ਰੇਸ਼ਨ ਕਰਵਾਉਣ ਵਾਲੀਆਂ 33 ਲੱਖ ਤੋਂ ਵੱਧ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਸਹਾਇਤਾ ਰਾਸ਼ੀ ਸਿੱਧੇ ਜਮ੍ਹਾਂ ਕਰਵਾ ਦਿੱਤੀ ਗਈ ਹੈ, ਜਦਕਿ ਬਾਕੀ ਯੋਗ ਲਾਭਪਾਤਰੀਆਂ ਨੂੰ ਇਹ ਰਕਮ 1 ਅਗਸਤ ਨੂੰ ਜਾਰੀ ਕੀਤੀ ਜਾਵੇਗੀ। ਹੁਣ ਤੱਕ 70 ਲੱਖ ਤੋਂ ਵੱਧ ਮਹਿਲਾਵਾਂ ਇਸ ਯੋਜਨਾ ਲਈ ਆਪਣਾ ਰਜਿਸਟ੍ਰੇਸ਼ਨ ਕਰਵਾ ਚੁੱਕੀਆਂ ਹਨ, ਜੋ ਇਸ ਯੋਜਨਾ ਪ੍ਰਤੀ ਵੱਡੇ ਭਰੋਸੇ ਅਤੇ ਰੁਝਾਨ ਨੂੰ ਦਰਸਾਉਂਦਾ ਹੈ।

ਸਭ ਤੋਂ ਵੱਧ ਲਾਭ ਮੱਧ ਉਮਰ ਦੀਆਂ ਮਹਿਲਾਵਾਂ ਨੂੰ

ਯੋਜਨਾ ਦੇ ਅੰਕੜਿਆਂ ਅਨੁਸਾਰ, ਇਸ ਦਾ ਸਭ ਤੋਂ ਵੱਧ ਲਾਭ ਉਨ੍ਹਾਂ ਮਹਿਲਾਵਾਂ ਤੱਕ ਪਹੁੰਚ ਰਿਹਾ ਹੈ, ਜਿਨ੍ਹਾਂ ‘ਤੇ ਪਰਿਵਾਰ ਦੀਆਂ ਆਰਥਿਕ ਜ਼ਿੰਮੇਵਾਰੀਆਂ ਸਭ ਤੋਂ ਵੱਧ ਹੁੰਦੀਆਂ ਹਨ। ਕੁੱਲ ਲਾਭਪਾਤਰੀਆਂ ਵਿੱਚੋਂ 36 ਤੋਂ 45 ਸਾਲ ਉਮਰ ਵਰਗ ਦੀਆਂ ਮਹਿਲਾਵਾਂ 25.2 ਫ਼ੀਸਦੀ, ਜਦਕਿ 46 ਤੋਂ 59 ਸਾਲ ਉਮਰ ਵਰਗ ਦੀਆਂ ਮਹਿਲਾਵਾਂ 25.4 ਫ਼ੀਸਦੀ ਹਨ। ਇਸ ਤਰ੍ਹਾਂ ਅੱਧ ਤੋਂ ਵੱਧ ਲਾਭਪਾਤਰੀਆਂ 36 ਤੋਂ 59 ਸਾਲ ਦੀ ਉਮਰ ਵਰਗ ਨਾਲ ਸਬੰਧਤ ਹਨ।

ਇਸ ਉਮਰ ਵਿੱਚ ਬੱਚਿਆਂ ਦੀ ਪੜ੍ਹਾਈ, ਕਾਲਜਾਂ ਵਿੱਚ ਦਾਖ਼ਲੇ, ਵਿਆਹ, ਸਿਹਤ ਸੇਵਾਵਾਂ, ਘਰ ਦੇ ਖ਼ਰਚੇ, ਕਰਜ਼ਿਆਂ ਦੀਆਂ ਕਿਸ਼ਤਾਂ ਅਤੇ ਬਜ਼ੁਰਗਾਂ ਦੀ ਦੇਖਭਾਲ ਵਰਗੀਆਂ ਜ਼ਿੰਮੇਵਾਰੀਆਂ ਕਾਰਨ ਪਰਿਵਾਰਾਂ ‘ਤੇ ਵੱਡਾ ਆਰਥਿਕ ਦਬਾਅ ਹੁੰਦਾ ਹੈ। ਅਜਿਹੇ ਵਿੱਚ ਇਹ ਮਹੀਨਾਵਾਰ ਸਹਾਇਤਾ ਪਰਿਵਾਰਕ ਬਜਟ ਨੂੰ ਸੰਤੁਲਿਤ ਕਰਨ ਵਿੱਚ ਮਦਦਗਾਰ ਸਾਬਤ ਹੋ ਰਹੀ ਹੈ।

ਸਿੱਖਿਆ ਅਤੇ ਸਿਹਤ ਲਈ ਬਣਿਆ ਵੱਡਾ ਸਹਾਰਾ

ਕਈ ਪਰਿਵਾਰਾਂ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਮਿਲੀ ਰਕਮ ਨਾਲ ਉਹ ਆਪਣੇ ਬੱਚਿਆਂ ਦੀ ਸਕੂਲ ਅਤੇ ਕਾਲਜ ਫ਼ੀਸ, ਇਲਾਜ ਦੇ ਖ਼ਰਚੇ ਅਤੇ ਰੋਜ਼ਾਨਾ ਦੀਆਂ ਘਰੇਲੂ ਲੋੜਾਂ ਨੂੰ ਪੂਰਾ ਕਰ ਸਕੇ ਹਨ।

ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਧਨੀ ਖਰਾਸਵਾਲੀ ਦੀ 48 ਸਾਲਾ ਸੁਨੀਤਾ ਰਾਣੀ ਨੇ ਦੱਸਿਆ ਕਿ ਉਸ ਦੀ ਧੀ ਬੀ.ਟੈਕ ਦੀ ਪੜ੍ਹਾਈ ਕਰ ਰਹੀ ਹੈ, ਜਦਕਿ ਪੁੱਤਰ 11ਵੀਂ ਜਮਾਤ ਵਿੱਚ ਹੈ। ਉਨ੍ਹਾਂ ਕਿਹਾ ਕਿ ਯੋਜਨਾ ਤਹਿਤ ਮਿਲੀ ਰਕਮ ਨਾਲ ਪੁੱਤਰ ਦੀ ਸਕੂਲ ਫ਼ੀਸ ਭਰੀ ਗਈ ਅਤੇ ਬਾਕੀ ਰਕਮ ਘਰੇਲੂ ਖ਼ਰਚਿਆਂ ਲਈ ਵਰਤੀ ਗਈ।

ਸੁਨੀਤਾ ਰਾਣੀ ਨੇ ਕਿਹਾ ਕਿ ਘਰੇਲੂ ਮਹਿਲਾ ਹੋਣ ਕਰਕੇ ਉਨ੍ਹਾਂ ਦੀ ਕੋਈ ਨਿੱਜੀ ਆਮਦਨ ਨਹੀਂ ਹੈ, ਇਸ ਲਈ ਇਹ ਸਹਾਇਤਾ ਉਨ੍ਹਾਂ ਲਈ ਸਨਮਾਨ ਅਤੇ ਆਤਮ-ਵਿਸ਼ਵਾਸ ਦਾ ਸਰੋਤ ਬਣੀ ਹੈ। ਉਨ੍ਹਾਂ ਨੇ ਸਰਕਾਰ ਵੱਲੋਂ ਮੁਫ਼ਤ ਬਿਜਲੀ, ਸਿਹਤ ਬੀਮਾ ਅਤੇ ਹੁਣ ਮਹੀਨਾਵਾਰ ਵਿੱਤੀ ਸਹਾਇਤਾ ਵਰਗੀਆਂ ਯੋਜਨਾਵਾਂ ਦੀ ਵੀ ਸ਼ਲਾਘਾ ਕੀਤੀ।

ਵਿਧਵਾ ਮਹਿਲਾਵਾਂ ਲਈ ਵੀ ਬਣੀ ਸਹਾਰਾ

ਫਿਰੋਜ਼ਪੁਰ ਦੇ ਵਾਰਡ ਨੰਬਰ 17 ਦੀ 55 ਸਾਲਾ ਪੱਛੋ ਨੇ ਦੱਸਿਆ ਕਿ ਪਤੀ ਦੇ ਦੇਹਾਂਤ ਤੋਂ ਬਾਅਦ ਉਹ ਆਪਣੀ ਤਲਾਕਸ਼ੁਦਾ ਧੀ ਅਤੇ ਦੋਹਤੇ ਨਾਲ ਮੁਸ਼ਕਲ ਹਾਲਾਤਾਂ ਵਿੱਚ ਰਹਿ ਰਹੀ ਹੈ। ਉਨ੍ਹਾਂ ਨੇ ਯੋਜਨਾ ਤਹਿਤ ਮਿਲੀ ਰਕਮ ਦਾ ਕੁਝ ਹਿੱਸਾ ਆਪਣੇ ਇਲਾਜ ‘ਤੇ ਖ਼ਰਚ ਕੀਤਾ ਅਤੇ ਬਾਕੀ ਘਰੇਲੂ ਲੋੜਾਂ ਲਈ ਸੰਭਾਲ ਕੇ ਰੱਖਿਆ।

ਉਨ੍ਹਾਂ ਦੱਸਿਆ ਕਿ ਇਸ ਸਹਾਇਤਾ ਨਾਲ ਉਹ ਆਪਣੇ ਦੋਹਤੇ ਦੀ ਸਕੂਲ ਫ਼ੀਸ ਵੀ ਭਰ ਸਕੀ। ਪੱਛੋ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਆਪਣੇ ਇਲਾਕੇ ਦੀਆਂ ਕਈ ਹੋਰ ਮਹਿਲਾਵਾਂ ਨੂੰ ਵੀ ਇਸ ਯੋਜਨਾ ਲਈ ਅਰਜ਼ੀਆਂ ਭਰਨ ਵਿੱਚ ਮਦਦ ਕੀਤੀ, ਜਿਸ ਨਾਲ ਅਨੇਕਾਂ ਪਰਿਵਾਰਾਂ ਨੂੰ ਲਾਭ ਮਿਲਿਆ।

ਸਵੈ-ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਨੂੰ ਵੀ ਲਾਭ

ਸੈਲਫ਼ ਹੈਲਪ ਗਰੁੱਪ ਦੀ ਮੈਂਬਰ 46 ਸਾਲਾ ਕਰਮਜੀਤ ਕੌਰ ਨੇ ਦੱਸਿਆ ਕਿ ਇਸ ਮਹੀਨਾਵਾਰ ਸਹਾਇਤਾ ਨਾਲ ਉਨ੍ਹਾਂ ਨੇ ਆਪਣੀ ਐਨਕ ਬਣਵਾਈ, ਸਕੂਟੀ ਵਿੱਚ ਪੈਟਰੋਲ ਪਵਾਇਆ ਅਤੇ ਹੁਣ ਅਗਲੇ ਮਹੀਨਿਆਂ ਵਿੱਚ ਇਹ ਰਕਮ ਆਪਣੇ ਪੁੱਤਰ ਦੀ ਹਾਕੀ ਖੇਡ ਨਾਲ ਸਬੰਧਤ ਖ਼ਰਚਿਆਂ ਲਈ ਵਰਤਣ ਦੀ ਯੋਜਨਾ ਬਣਾਈ ਹੈ।

ਸਾਬਕਾ ਕਬੱਡੀ ਖਿਡਾਰਨ ਕਰਮਜੀਤ ਕੌਰ ਨੇ ਕਿਹਾ ਕਿ ਸਰਕਾਰ ਵੱਲੋਂ ਮਹਿਲਾਵਾਂ ਦੇ ਸਸ਼ਕਤੀਕਰਨ ਦੇ ਨਾਲ-ਨਾਲ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੀ ਚੁੱਕੇ ਜਾ ਰਹੇ ਕਦਮ ਸ਼ਲਾਘਾਯੋਗ ਹਨ।

ਮਜ਼ਦੂਰ ਵਰਗ ਦੀਆਂ ਮਹਿਲਾਵਾਂ ਨੂੰ ਮਿਲੀ ਰਾਹਤ

ਫਾਜ਼ਿਲਕਾ ਦੀ 28 ਸਾਲਾ ਪ੍ਰੀਤੀ, ਜੋ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਹੈ, ਨੇ ਦੱਸਿਆ ਕਿ ਇਸ ਰਕਮ ਨਾਲ ਉਹ ਆਪਣੇ ਦੋਵੇਂ ਬੱਚਿਆਂ ਦੀ ਸਕੂਲ ਫ਼ੀਸ ਭਰਨ ਵਿੱਚ ਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਵਧਦੀ ਮਹਿੰਗਾਈ ਦੇ ਦੌਰ ਵਿੱਚ ਇਹ ਸਹਾਇਤਾ ਉਨ੍ਹਾਂ ਲਈ ਵੱਡੀ ਰਾਹਤ ਬਣੀ ਹੈ।

ਇਸੇ ਤਰ੍ਹਾਂ ਵਿਧਵਾ ਬਲਜੀਤ ਕੌਰ ਨੇ ਦੱਸਿਆ ਕਿ ਯੋਜਨਾ ਤੋਂ ਮਿਲੀ ਰਕਮ ਨਾਲ ਉਹ ਆਪਣੇ ਇਲਾਜ ਦੇ ਖ਼ਰਚੇ ਪੂਰੇ ਕਰ ਸਕੀ, ਜੋ ਪਹਿਲਾਂ ਉਨ੍ਹਾਂ ਲਈ ਕਾਫ਼ੀ ਮੁਸ਼ਕਲ ਸਨ।

ਪਰਿਵਾਰਾਂ ਨੂੰ ਆਰਥਿਕ ਮਜ਼ਬੂਤੀ ਦੇਣ ਵੱਲ ਅਹਿਮ ਕਦਮ

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਹਮਣੇ ਆ ਰਹੇ ਤਜ਼ਰਬੇ ਦਰਸਾਉਂਦੇ ਹਨ ਕਿ ‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਸਿਰਫ਼ ਇੱਕ ਵਿੱਤੀ ਸਹਾਇਤਾ ਯੋਜਨਾ ਹੀ ਨਹੀਂ, ਸਗੋਂ ਹਜ਼ਾਰਾਂ ਪਰਿਵਾਰਾਂ ਲਈ ਆਰਥਿਕ ਸਥਿਰਤਾ ਅਤੇ ਮਹਿਲਾਵਾਂ ਦੇ ਸਸ਼ਕਤੀਕਰਨ ਦਾ ਸਾਧਨ ਬਣ ਰਹੀ ਹੈ। ਮਹੀਨਾਵਾਰ ਸਹਾਇਤਾ ਰਾਹੀਂ ਮਹਿਲਾਵਾਂ ਆਪਣੇ ਪਰਿਵਾਰਾਂ ਦੀਆਂ ਲੋੜਾਂ ਪੂਰੀਆਂ ਕਰਨ, ਬੱਚਿਆਂ ਦੀ ਸਿੱਖਿਆ ਨੂੰ ਜਾਰੀ ਰੱਖਣ, ਸਿਹਤ ਸੰਭਾਲ ਦੇ ਖ਼ਰਚੇ ਚੁੱਕਣ ਅਤੇ ਵਧਦੀ ਮਹਿੰਗਾਈ ਦੇ ਦੌਰ ਵਿੱਚ ਘਰੇਲੂ ਬਜਟ ਨੂੰ ਸੰਭਾਲਣ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ।

Leave a Reply

Your email address will not be published. Required fields are marked *