Sunday, August 2Punjabi People

ਪੰਜਾਬ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਸੋਧ: 99.98 ਫੀਸਦੀ ਗਣਨਾ ਫਾਰਮਾਂ ਦਾ ਡਿਜੀਟਾਈਜ਼ੇਸ਼ਨ ਮੁਕੰਮਲ, 18 ਜ਼ਿਲ੍ਹਿਆਂ ਨੇ ਹਾਸਲ ਕੀਤਾ 100% ਟੀਚਾ

ਚੰਡੀਗੜ੍ਹ, 2 ਅਗਸਤ 2026: ਪੰਜਾਬ ਵਿੱਚ ਆਗਾਮੀ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਚੱਲ ਰਹੀ ਵਿਸ਼ੇਸ਼ ਤੀਬਰ ਸੋਧ (Special Intensive Revision) ਮੁਹਿੰਮ ਤਹਿਤ ਵੋਟਰ ਸੂਚੀ ਨੂੰ ਹੋਰ ਪਾਰਦਰਸ਼ੀ, ਸਹੀ ਅਤੇ ਗਲਤੀ-ਰਹਿਤ ਬਣਾਉਣ ਦੀ ਪ੍ਰਕਿਰਿਆ ਆਪਣੇ ਆਖਰੀ ਪੜਾਅ ਵਿੱਚ ਪਹੁੰਚ ਗਈ ਹੈ। ਰਾਜ ਭਰ ਵਿੱਚ ਵੋਟਰਾਂ ਤੋਂ ਪ੍ਰਾਪਤ ਗਣਨਾ ਫਾਰਮਾਂ (Enumeration Forms) ਦਾ ਡਿਜੀਟਾਈਜ਼ੇਸ਼ਨ ਲਗਭਗ ਪੂਰਾ ਕਰ ਲਿਆ ਗਿਆ ਹੈ।

ਸ਼ਨੀਵਾਰ ਤੱਕ ਦੇ ਅੰਕੜਿਆਂ ਅਨੁਸਾਰ, ਪੰਜਾਬ ਦੇ ਕੁੱਲ 2,14,61,043 ਵੋਟਰਾਂ ਵਿੱਚੋਂ 2,14,57,800 ਵੋਟਰਾਂ ਦੇ ਗਣਨਾ ਫਾਰਮ ਡਿਜੀਟਾਈਜ਼ ਕਰ ਦਿੱਤੇ ਗਏ ਹਨ, ਜੋ ਕਿ ਕੁੱਲ ਰਿਕਾਰਡ ਦਾ 99.98 ਫੀਸਦੀ ਬਣਦਾ ਹੈ। ਹੁਣ ਸਿਰਫ਼ 3,243 ਵੋਟਰਾਂ ਦੇ ਰਿਕਾਰਡ ਡਿਜੀਟਾਈਜ਼ ਕੀਤੇ ਜਾਣੇ ਬਾਕੀ ਹਨ, ਜਿਸ ਨਾਲ ਇਹ ਮੁਹਿੰਮ ਪੂਰੀ ਹੋਣ ਦੇ ਬਹੁਤ ਨੇੜੇ ਪਹੁੰਚ ਗਈ ਹੈ।

ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ 18 ਜ਼ਿਲ੍ਹਿਆਂ ਨੇ ਡਿਜੀਟਾਈਜ਼ੇਸ਼ਨ ਦਾ ਕੰਮ 100 ਫੀਸਦੀ ਮੁਕੰਮਲ ਕਰ ਲਿਆ ਹੈ। ਇਨ੍ਹਾਂ ਵਿੱਚ ਅੰਮ੍ਰਿਤਸਰ, ਬਰਨਾਲਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਮਾਨਸਾ, ਮੋਗਾ, ਪਟਿਆਲਾ, ਰੂਪਨਗਰ, ਐਸ.ਏ.ਐਸ. ਨਗਰ (ਮੁਹਾਲੀ), ਸੰਗਰੂਰ, ਸ਼ਹੀਦ ਭਗਤ ਸਿੰਘ ਨਗਰ, ਸ੍ਰੀ ਮੁਕਤਸਰ ਸਾਹਿਬ ਅਤੇ ਤਰਨਤਾਰਨ ਸ਼ਾਮਲ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਹੁਣ ਇੱਕ ਵੀ ਵੋਟਰ ਰਿਕਾਰਡ ਡਿਜੀਟਾਈਜ਼ੇਸ਼ਨ ਲਈ ਲੰਬਿਤ ਨਹੀਂ ਹੈ।

ਬਾਕੀ ਪੰਜ ਜ਼ਿਲ੍ਹਿਆਂ ਵਿੱਚ ਡਿਜੀਟਾਈਜ਼ੇਸ਼ਨ ਦਾ ਕੰਮ ਅੰਤਿਮ ਪੜਾਅ ਵਿੱਚ ਹੈ। ਲੁਧਿਆਣਾ ਵਿੱਚ ਸਭ ਤੋਂ ਵੱਧ 2,883 ਰਿਕਾਰਡ ਲੰਬਿਤ ਹਨ। ਜ਼ਿਲ੍ਹੇ ਦੇ 26,83,999 ਵੋਟਰਾਂ ਵਿੱਚੋਂ 26,81,116 ਦੇ ਰਿਕਾਰਡ ਡਿਜੀਟਾਈਜ਼ ਕੀਤੇ ਜਾ ਚੁੱਕੇ ਹਨ, ਜੋ ਕਿ 99.89 ਫੀਸਦੀ ਪ੍ਰਗਤੀ ਨੂੰ ਦਰਸਾਉਂਦਾ ਹੈ।

ਇਸੇ ਤਰ੍ਹਾਂ ਪਠਾਨਕੋਟ ਵਿੱਚ 350 ਵੋਟਰਾਂ ਦੇ ਰਿਕਾਰਡ, ਬਠਿੰਡਾ ਵਿੱਚ 7, ਮਲੇਰਕੋਟਲਾ ਵਿੱਚ 2 ਅਤੇ ਜਲੰਧਰ ਵਿੱਚ ਸਿਰਫ਼ 1 ਵੋਟਰ ਦਾ ਰਿਕਾਰਡ ਡਿਜੀਟਾਈਜ਼ ਕੀਤਾ ਜਾਣਾ ਬਾਕੀ ਹੈ। ਰਾਜ ਪੱਧਰ ‘ਤੇ ਦੇਖਿਆ ਜਾਵੇ ਤਾਂ ਸਿਰਫ਼ 0.02 ਫੀਸਦੀ ਰਿਕਾਰਡ ਹੀ ਅਜੇ ਲੰਬਿਤ ਹਨ।

ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਬਾਕੀ ਰਹਿੰਦਾ ਡਿਜੀਟਾਈਜ਼ੇਸ਼ਨ ਕੰਮ ਵੀ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ। ਇਸ ਤੋਂ ਬਾਅਦ ਚੋਣ ਕਮਿਸ਼ਨ ਦੇ ਨਿਰਧਾਰਿਤ ਕਾਰਜਕ੍ਰਮ ਅਨੁਸਾਰ ਵੋਟਰਾਂ ਦੇ ਵੇਰਵਿਆਂ ਦੀ ਤਸਦੀਕ, ਦਾਅਵੇ ਅਤੇ ਇਤਰਾਜ਼ਾਂ ਦੀ ਜਾਂਚ ਅਤੇ ਵੋਟਰ ਸੂਚੀ ਦੀ ਸੋਧ ਦੀ ਪ੍ਰਕਿਰਿਆ ਅੱਗੇ ਵਧਾਈ ਜਾਵੇਗੀ।

ਉਨ੍ਹਾਂ ਕਿਹਾ ਕਿ ਇਸ ਪੂਰੀ ਪ੍ਰਕਿਰਿਆ ਦਾ ਮੁੱਖ ਉਦੇਸ਼ ਰਾਜ ਦੀ ਵੋਟਰ ਸੂਚੀ ਨੂੰ ਪੂਰੀ ਤਰ੍ਹਾਂ ਸਹੀ, ਅੱਪਡੇਟ ਅਤੇ ਗਲਤੀ-ਮੁਕਤ ਬਣਾਉਣਾ ਹੈ, ਤਾਂ ਜੋ ਆਉਣ ਵਾਲੀਆਂ ਚੋਣਾਂ ਨਿਰਪੱਖ, ਪਾਰਦਰਸ਼ੀ ਅਤੇ ਭਰੋਸੇਯੋਗ ਢੰਗ ਨਾਲ ਕਰਵਾਈਆਂ ਜਾ ਸਕਣ ਅਤੇ ਹਰ ਯੋਗ ਵੋਟਰ ਨੂੰ ਆਪਣੇ ਮਤ ਅਧਿਕਾਰ ਦੀ ਵਰਤੋਂ ਕਰਨ ਦਾ ਮੌਕਾ ਮਿਲ ਸਕੇ।

Leave a Reply

Your email address will not be published. Required fields are marked *