Saturday, May 23Punjabi People

ਨੀਤੀ ਆਯੋਗ ਦੀ ਸਿੱਖਿਆ ਰਿਪੋਰਟ ਵਿੱਚ ਪੰਜਾਬ ਨੰਬਰ-1, ਕਈ ਪੈਮਾਨਿਆਂ ‘ਤੇ ਕੇਰਲਾ ਨੂੰ ਪਿੱਛੇ ਛੱਡਿਆ

ਚੰਡੀਗੜ੍ਹ, 10 ਮਈ 2026: ਸਕੂਲੀ ਸਿੱਖਿਆ ਦੇ ਖੇਤਰ ਵਿੱਚ ਇਤਿਹਾਸਕ ਉਪਲਬਧੀ ਦਰਜ ਕਰਦਿਆਂ ਪੰਜਾਬ ਨੂੰ ਦੇਸ਼ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਸੂਬਾ ਘੋਸ਼ਿਤ ਕੀਤਾ ਗਿਆ ਹੈ। ਨੀਤੀ ਆਯੋਗ ਦੀ ਸਿੱਖਿਆ ਗੁਣਵੱਤਾ ਰਿਪੋਰਟ 2026 ਵਿੱਚ ਪੰਜਾਬ ਨੇ ਬੁਨਿਆਦੀ ਸਿੱਖਿਆ ਦੇ ਕਈ ਅਹਿਮ ਮਾਪਦੰਡਾਂ ਵਿੱਚ ਲੰਬੇ ਸਮੇਂ ਤੋਂ ਅੱਗੇ ਰਹਿੰਦੇ ਕੇਰਲਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਇਸ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਸਿਰਫ ਸਰਕਾਰ ਦੀ ਨਹੀਂ, ਸਗੋਂ ਮਾਪਿਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ, ਜਿਨ੍ਹਾਂ ਨੇ ਸਰਕਾਰੀ ਸਕੂਲਾਂ ‘ਤੇ ਭਰੋਸਾ ਬਣਾਈ ਰੱਖਿਆ। ਉਨ੍ਹਾਂ ਕਿਹਾ ਕਿ ਇਹ ਉਪਲਬਧੀ ਬਿਹਤਰ ਨੀਤੀਆਂ, ਮਜ਼ਬੂਤ ਇਰਾਦਿਆਂ ਅਤੇ ਪ੍ਰਭਾਵਸ਼ਾਲੀ ਅਮਲ ਦਾ ਨਤੀਜਾ ਹੈ।

ਰਿਪੋਰਟ ਅਨੁਸਾਰ, ਤੀਜੀ ਜਮਾਤ ਵਿੱਚ ਭਾਸ਼ਾ ਵਿਸ਼ੇ ਵਿੱਚ ਪੰਜਾਬ ਨੇ 82 ਫੀਸਦੀ ਅਤੇ ਗਣਿਤ ਵਿੱਚ 78 ਫੀਸਦੀ ਅੰਕ ਹਾਸਲ ਕੀਤੇ, ਜੋ ਕੇਰਲਾ ਦੇ 75 ਅਤੇ 70 ਫੀਸਦੀ ਤੋਂ ਵੱਧ ਹਨ। 9ਵੀਂ ਜਮਾਤ ਦੇ ਗਣਿਤ ਵਿੱਚ ਵੀ ਪੰਜਾਬ ਨੇ 52 ਫੀਸਦੀ ਮੁਹਾਰਤ ਦਰਜ ਕੀਤੀ, ਜਦਕਿ ਕੇਰਲਾ 45 ਫੀਸਦੀ ‘ਤੇ ਰਿਹਾ।

ਸਿੱਖਿਆ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ‘ਮਿਸ਼ਨ ਸਮਰੱਥ’ ਅਤੇ ‘ਸਕੂਲ ਆਫ ਐਮੀਨੈਂਸ’ ਵਰਗੇ ਪ੍ਰੋਗਰਾਮਾਂ ਨੇ ਕੋਵਿਡ ਤੋਂ ਬਾਅਦ ਸਿੱਖਿਆ ਖੇਤਰ ਵਿੱਚ ਵੱਡੇ ਬਦਲਾਅ ਲਿਆਂਦੇ ਹਨ। ਅੱਜ 99.9 ਫੀਸਦੀ ਸਰਕਾਰੀ ਸਕੂਲਾਂ ਵਿੱਚ ਬਿਜਲੀ, 99 ਫੀਸਦੀ ਵਿੱਚ ਕਾਰਜਸ਼ੀਲ ਕੰਪਿਊਟਰ ਅਤੇ 80 ਫੀਸਦੀ ਤੋਂ ਵੱਧ ਸਕੂਲਾਂ ਵਿੱਚ ਸਮਾਰਟ ਕਲਾਸਰੂਮ ਦੀ ਸਹੂਲਤ ਮੌਜੂਦ ਹੈ।

ਇਸ ਦੇ ਨਾਲ ਹੀ, 10ਵੀਂ ਤੋਂ ਬਾਅਦ 90 ਫੀਸਦੀ ਤੋਂ ਵੱਧ ਵਿਦਿਆਰਥੀ 11ਵੀਂ ਵਿੱਚ ਦਾਖਲਾ ਲੈ ਰਹੇ ਹਨ, ਜੋ ਡਰਾਪਆਉਟ ਦਰ ਵਿੱਚ ਕਮੀ ਦਰਸਾਉਂਦਾ ਹੈ। ਵਿਦਿਆਰਥੀ-ਅਧਿਆਪਕ ਅਨੁਪਾਤ ਵੀ 22:1 ਤੱਕ ਸੁਧਰਿਆ ਹੈ।ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਨੇ ਸਿੱਖਿਆ ਵਿੱਚ ਸ਼ਹਿਰੀ-ਪੇਂਡੂ ਪਾੜਾ ਘਟਾਉਣ, ਕੁੜੀਆਂ ਅਤੇ ਪੇਂਡੂ ਵਿਦਿਆਰਥੀਆਂ ਲਈ ਬਰਾਬਰ ਮੌਕੇ ਯਕੀਨੀ ਬਣਾਉਣ ਅਤੇ ਵਿਸ਼ਵ ਪੱਧਰੀ ਮਾਡਲ ਅਪਣਾਉਣ ਵਿੱਚ ਵੀ ਵੱਡੀ ਸਫਲਤਾ ਹਾਸਲ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਸਰਕਾਰੀ ਸਕੂਲਾਂ ਦੇ 786 ਵਿਦਿਆਰਥੀਆਂ ਨੇ JEE ਮੇਨ ਅਤੇ 1,284 ਵਿਦਿਆਰਥੀਆਂ ਨੇ NEET ਪ੍ਰੀਖਿਆ ਪਾਸ ਕੀਤੀ ਹੈ। ਇਸ ਤੋਂ ਇਲਾਵਾ, 13,000 ਅਧਿਆਪਕਾਂ ਅਤੇ ਸਟਾਫ ਦੀ ਭਰਤੀ ਕੀਤੀ ਗਈ ਹੈ, ਕਰੀਬ 3 ਲੱਖ ਵਿਦਿਆਰਥੀਆਂ ਲਈ English Edge ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਅਤੇ 118 ਸਕੂਲ ਆਫ ਐਮੀਨੈਂਸ ਖੋਲ੍ਹੇ ਜਾ ਰਹੇ ਹਨ।

ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਅਧਿਆਪਕਾਂ ਨੇ ਸਾਬਤ ਕਰ ਦਿੱਤਾ ਹੈ ਕਿ ਸਹੀ ਨੀਤੀ, ਮਜ਼ਬੂਤ ਇਰਾਦੇ ਅਤੇ ਪ੍ਰਭਾਵਸ਼ਾਲੀ ਅਮਲ ਨਾਲ ਸਰਕਾਰੀ ਸਕੂਲਾਂ ਵਿੱਚ ਵੀ ਵਿਸ਼ਵ ਪੱਧਰੀ ਸਿੱਖਿਆ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਹੁਣ ਨੀਤੀ ਆਯੋਗ ਨੇ ਵੀ ਪੰਜਾਬ ਦੇ ਸਿੱਖਿਆ ਸੁਧਾਰਾਂ ਨੂੰ ਮਾਨਤਾ ਦੇ ਦਿੱਤੀ ਹੈ ਅਤੇ ਸਰਕਾਰੀ ਸਕੂਲਾਂ ਦੇ ਬੱਚੇ ਸਿਰਫ ਸਿੱਖ ਨਹੀਂ ਰਹੇ, ਸਗੋਂ ਅਗਵਾਈ ਵੀ ਕਰ ਰਹੇ ਹਨ।

Leave a Reply

Your email address will not be published. Required fields are marked *