Saturday, May 23Punjabi People

ਹਾਈਪਰਟੈਨਸ਼ਨ ਵਿਰੁੱਧ ਪੰਜਾਬ ਦਾ ਵੱਡਾ ਕਦਮ, ਰੋਕਥਾਮ, ਪਛਾਣ ਅਤੇ ਮੁਫ਼ਤ/ਨਕਦੀ ਰਹਿਤ ਇਲਾਜ ’ਤੇ ਜ਼ੋਰ

ਚੰਡੀਗੜ੍ਹ, 17 ਮਈ 2026: ਵਿਸ਼ਵ ਹਾਈਪਰਟੈਂਸ਼ਨ ਦਿਵਸ ਮੌਕੇ ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਉੱਚ ਰਕਤਚਾਪ ਅਤੇ ਇਸ ਨਾਲ ਜੁੜੀਆਂ ਬਿਮਾਰੀਆਂ ਨਾਲ ਪੀੜਤ ਲੋਕਾਂ ਲਈ ਵੱਡਾ ਸਹਾਰਾ ਬਣੀ ਹੋਈ ਹੈ। ਇਹ ਯੋਜਨਾ ਮਰੀਜ਼ਾਂ ਨੂੰ ਸਸਤੀ, ਕੈਸ਼ਲੈੱਸ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ।

ਹਾਈ ਬਲੱਡ ਪ੍ਰੈਸ਼ਰ, ਜਿਸਨੂੰ ਹਾਈਪਰਟੈਂਸ਼ਨ ਕਿਹਾ ਜਾਂਦਾ ਹੈ, ਨੂੰ ਡਾਕਟਰਾਂ ਵੱਲੋਂ ਅਕਸਰ ‘ਸਾਇਲੈਂਟ ਕਿਲਰ’ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਬਿਨਾਂ ਕਿਸੇ ਵੱਡੇ ਲੱਛਣਾਂ ਦੇ ਸਟ੍ਰੋਕ, ਹਾਰਟ ਫੇਲਿਅਰ ਅਤੇ ਕਿਡਨੀ ਰੋਗ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਹ ਬਿਮਾਰੀ ਹੁਣ ਹਰ ਉਮਰ ਵਰਗ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ।

ਵਧ ਰਹੇ ਹਾਈਪਰਟੈਂਸ਼ਨ ਮਾਮਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਰੋਕਥਾਮ, ਜਲਦੀ ਪਛਾਣ ਅਤੇ ਇਲਾਜ ‘ਤੇ ਖਾਸ ਜ਼ੋਰ ਦੇ ਰਹੀ ਹੈ। ਸੀ.ਐੱਮ. ਦੀ ਯੋਗਸ਼ਾਲਾ ਸਿਹਤਮੰਦ ਜੀਵਨਸ਼ੈਲੀ ਨੂੰ ਪ੍ਰੋਤਸਾਹਿਤ ਕਰ ਰਹੀ ਹੈ, ਜਦਕਿ ਆਮ ਆਦਮੀ ਕਲੀਨਿਕਾਂ ਰਾਹੀਂ ਵੱਡੇ ਪੱਧਰ ‘ਤੇ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਹੁਣ ਤੱਕ 1 ਕਰੋੜ ਤੋਂ ਵੱਧ ਲੋਕਾਂ ਦੀ ਜਾਂਚ ਹੋ ਚੁੱਕੀ ਹੈ ਅਤੇ 24 ਲੱਖ ਲੋਕ ਇਲਾਜ ਅਧੀਨ ਹਨ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੂਬੇ ਦੇ 990 ਆਮ ਆਦਮੀ ਕਲੀਨਿਕਾਂ ਸਮੇਤ ਸਾਰੇ ਸਿਹਤ ਕੇਂਦਰਾਂ ‘ਤੇ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਨਿਯਮਿਤ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਮੁਫ਼ਤ ਦਵਾਈਆਂ, ਮਹੀਨਾਵਾਰ ਫਾਲੋਅਪ ਅਤੇ ਸਮੇਂ ਸਿਰ ਰੈਫਰਲ ਰਾਹੀਂ ਲਗਾਤਾਰ ਇਲਾਜ ਯਕੀਨੀ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਸੀ.ਐੱਮ. ਦੀ ਯੋਗਸ਼ਾਲਾ ਹੇਠ 10,600 ਤੋਂ ਵੱਧ ਯੋਗ ਕਲਾਸਾਂ ਚੱਲ ਰਹੀਆਂ ਹਨ, ਜਿਨ੍ਹਾਂ ਨਾਲ ਕਰੀਬ 3 ਲੱਖ ਲੋਕ ਜੁੜੇ ਹੋਏ ਹਨ। ਇਸ ਪਹਿਲ ਰਾਹੀਂ ਯੋਗ, ਤਣਾਅ ਪ੍ਰਬੰਧਨ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਹਾਈਪਰਟੈਂਸ਼ਨ ਅਤੇ ਹੋਰ ਜੀਵਨਸ਼ੈਲੀ ਸੰਬੰਧੀ ਬਿਮਾਰੀਆਂ ਨੂੰ ਰੋਕਿਆ ਜਾ ਸਕੇ।

ਮੁੱਖ ਮੰਤਰੀ ਸਿਹਤ ਯੋਜਨਾ ਹੇਠ ਅਨਕੰਟਰੋਲਡ ਬਲੱਡ ਪ੍ਰੈਸ਼ਰ ਕਾਰਨ ਹੋਣ ਵਾਲੇ ਸਟ੍ਰੋਕ, ਦਿਲ ਦੀਆਂ ਐਮਰਜੈਂਸੀ ਅਤੇ ਗੁਰਦੇ ਦੀਆਂ ਬਿਮਾਰੀਆਂ ਦਾ ਇਲਾਜ ਵੀ ਕਵਰ ਕੀਤਾ ਜਾ ਰਿਹਾ ਹੈ, ਜਿਸ ਨਾਲ ਹਜ਼ਾਰਾਂ ਪਰਿਵਾਰਾਂ ਨੂੰ ਆਰਥਿਕ ਅਤੇ ਮਾਨਸਿਕ ਰਾਹਤ ਮਿਲ ਰਹੀ ਹੈ।

ਰਾਜ ਸਿਹਤ ਏਜੰਸੀ ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਹਾਈਪਰਟੈਂਸ਼ਨ ਦੇ ਸਭ ਤੋਂ ਵੱਧ ਮਾਮਲੇ 40 ਤੋਂ 80 ਸਾਲ ਉਮਰ ਵਰਗ ਵਿੱਚ ਸਾਹਮਣੇ ਆ ਰਹੇ ਹਨ। ਗੁਰਦਾਸਪੁਰ ਵਿੱਚ 94 ਸਾਲ ਅਤੇ ਐੱਸ.ਏ.ਐੱਸ. ਨਗਰ ਵਿੱਚ 98 ਸਾਲ ਤੱਕ ਦੇ ਮਰੀਜ਼ ਦਰਜ ਕੀਤੇ ਗਏ ਹਨ। ਪਟਿਆਲਾ, ਐੱਸ.ਏ.ਐੱਸ. ਨਗਰ, ਹੁਸ਼ਿਆਰਪੁਰ, ਜਲੰਧਰ ਅਤੇ ਫਰੀਦਕੋਟ ਵਿੱਚ ਵੀ ਵੱਡੀ ਗਿਣਤੀ ਵਿੱਚ ਕੇਸ ਸਾਹਮਣੇ ਆਏ ਹਨ।

ਡਾ. ਸੌਰਭ ਸ਼ਰਮਾ, ਐਸੋਸੀਏਟ ਪ੍ਰੋਫੈਸਰ ਅਤੇ ਮੁਖੀ, ਕਾਰਡੀਓਲੋਜੀ ਵਿਭਾਗ, ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਨੇ ਕਿਹਾ ਕਿ ਹਾਈਪਰਟੈਂਸ਼ਨ ਹੁਣ ਸਿਰਫ਼ ਬਜ਼ੁਰਗਾਂ ਦੀ ਬਿਮਾਰੀ ਨਹੀਂ ਰਹੀ। ਆਧੁਨਿਕ ਜੀਵਨਸ਼ੈਲੀ, ਤਣਾਅ, ਗਲਤ ਖੁਰਾਕ, ਕਸਰਤ ਦੀ ਕਮੀ ਅਤੇ ਅਨਿਯਮਿਤ ਰੁਟੀਨ ਕਾਰਨ ਨੌਜਵਾਨ ਵੀ ਇਸ ਦੀ ਲਪੇਟ ਵਿੱਚ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਉੱਚ ਰਕਤਚਾਪ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਬਹੁਤ ਜ਼ਰੂਰੀ ਹੈ, ਕਿਉਂਕਿ ਦੇਰੀ ਕਈ ਵਾਰ ਜਾਨਲੇਵਾ ਸਾਬਤ ਹੋ ਸਕਦੀ ਹੈ। ਮੁੱਖ ਮੰਤਰੀ ਸਿਹਤ ਯੋਜਨਾ ਮਰੀਜ਼ਾਂ ਨੂੰ ਮਹਿੰਗੇ ਇਲਾਜ ਦੇ ਡਰ ਤੋਂ ਬਚਾ ਕੇ ਸਮੇਂ ਸਿਰ ਇਲਾਜ ਲਈ ਉਤਸ਼ਾਹਿਤ ਕਰ ਰਹੀ ਹੈ।

ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਸ ਯੋਜਨਾ ਦੀ ਸਭ ਤੋਂ ਵੱਡੀ ਖਾਸੀਅਤ ਸਿਰਫ਼ ਇਲਾਜ ਨਹੀਂ, ਸਗੋਂ ਮਰੀਜ਼ਾਂ ਤੱਕ ਸਮੇਂ ਸਿਰ ਇਲਾਜ ਪਹੁੰਚਾਉਣਾ ਹੈ। ਪਹਿਲਾਂ ਕਈ ਪਰਿਵਾਰ ਆਰਥਿਕ ਕਾਰਨਾਂ ਕਰਕੇ ਇਲਾਜ ਵਿੱਚ ਦੇਰੀ ਕਰਦੇ ਸਨ, ਪਰ ਹੁਣ ਕੈਸ਼ਲੈੱਸ ਸੁਵਿਧਾ ਨਾਲ ਮਰੀਜ਼ ਬਿਨਾਂ ਦੇਰੀ ਇਲਾਜ ਕਰਵਾ ਰਹੇ ਹਨ। ਮੱਧ ਵਰਗ, ਪੈਨਸ਼ਨਰਾਂ ਅਤੇ ਸਰਕਾਰੀ ਕਰਮਚਾਰੀਆਂ ਲਈ ਇਹ ਯੋਜਨਾ ਮੈਡੀਕਲ ਖਰਚਿਆਂ ਤੋਂ ਵੱਡੀ ਸੁਰੱਖਿਆ ਸਾਬਤ ਹੋ ਰਹੀ ਹੈ।

Leave a Reply

Your email address will not be published. Required fields are marked *