Saturday, September 12Punjabi People

ਪੰਜਾਬ ਸਰਕਾਰ ਨੇ 2 ਕਰੋੜ ਰੁਪਏ ਦੀ ਲਾਗਤ ਨਾਲ 3,524 ਲੋਕਾਂ ਦੀਆਂ ਅੱਖਾਂ ਦੇ ਮੁਫ਼ਤ ਆਪ੍ਰੇਸ਼ਨ ਕਰਵਾਏ

ਚੰਡੀਗੜ੍ਹ, 30 ਜੂਨ 2026: ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਯੋਜਨਾ ਸੂਬੇ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਇਸ ਯੋਜਨਾ ਤਹਿਤ ਅੱਖਾਂ ਦੀਆਂ ਗੰਭੀਰ ਬਿਮਾਰੀਆਂ ਨਾਲ ਪੀੜਤ ਹਜ਼ਾਰਾਂ ਮਰੀਜ਼ਾਂ ਨੂੰ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਆਧੁਨਿਕ ਅਤੇ ਗੁਣਵੱਤਾਪੂਰਨ ਨੇਤਰ ਇਲਾਜ ਦੀ ਸਹੂਲਤ ਪੂਰੀ ਤਰ੍ਹਾਂ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ। ਯੋਜਨਾ ਦਾ ਮੁੱਖ ਉਦੇਸ਼ ਹਰ ਵਰਗ ਦੇ ਲੋਕਾਂ ਤੱਕ ਸਮੇਂ ਸਿਰ ਇਲਾਜ ਪਹੁੰਚਾਉਣਾ ਅਤੇ ਇਲਾਜ ਦੇ ਖ਼ਰਚ ਕਾਰਨ ਕਿਸੇ ਵੀ ਮਰੀਜ਼ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ, ਇਹ ਯਕੀਨੀ ਬਣਾਉਣਾ ਹੈ।

ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਹੁਣ ਤੱਕ 3,524 ਮਰੀਜ਼ਾਂ ਦੀਆਂ ਅੱਖਾਂ ਦੀਆਂ ਸਰਜਰੀਆਂ ਕਰੀਬ 1.99 ਕਰੋੜ ਰੁਪਏ ਦੀ ਲਾਗਤ ਨਾਲ ਮੁਫ਼ਤ ਕੀਤੀਆਂ ਜਾ ਚੁੱਕੀਆਂ ਹਨ। ਇਸ ਨਾਲ ਨਾ ਸਿਰਫ਼ ਇਲਾਜ ਵਿੱਚ ਹੋਣ ਵਾਲੀ ਦੇਰੀ ਘਟੀ ਹੈ, ਸਗੋਂ ਮਰੀਜ਼ਾਂ ਨੂੰ ਮਾਹਿਰ ਨੇਤਰ ਚਿਕਿਤਸਕਾਂ ਦੀਆਂ ਸੇਵਾਵਾਂ ਵੀ ਆਸਾਨੀ ਨਾਲ ਮਿਲ ਰਹੀਆਂ ਹਨ। ਖ਼ਾਸ ਕਰਕੇ ਬਜ਼ੁਰਗ ਮਰੀਜ਼ਾਂ ਲਈ ਇਹ ਯੋਜਨਾ ਵੱਡੀ ਰਾਹਤ ਬਣ ਕੇ ਸਾਹਮਣੇ ਆਈ ਹੈ।

ਅੰਕੜਿਆਂ ਮੁਤਾਬਕ ਯੋਜਨਾ ਤਹਿਤ ਸਭ ਤੋਂ ਵੱਧ 3,070 ਸਮਾਲ ਇੰਸੀਜ਼ਨ ਕੈਟਰੈਕਟ ਸਰਜਰੀਆਂ (SICS) ਨਾਨ-ਫੋਲਡੇਬਲ ਇੰਟਰਾ-ਆਕੂਲਰ ਲੈਂਸ (IOL) ਨਾਲ ਕੀਤੀਆਂ ਗਈਆਂ, ਜਿਨ੍ਹਾਂ ‘ਤੇ 1.54 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਈ। ਇਹ ਕੁੱਲ ਸਰਜਰੀਆਂ ਦਾ 87 ਫੀਸਦੀ ਤੋਂ ਵੱਧ ਹਿੱਸਾ ਬਣਦੀਆਂ ਹਨ। ਮੋਤੀਆਬਿੰਦ ਬਜ਼ੁਰਗਾਂ ਵਿੱਚ ਨਜ਼ਰ ਘਟਣ ਅਤੇ ਅੰਨ੍ਹੇਪਣ ਦਾ ਇੱਕ ਮੁੱਖ ਕਾਰਨ ਮੰਨਿਆ ਜਾਂਦਾ ਹੈ, ਜਿਸ ਦੇ ਸਮੇਂ ਸਿਰ ਇਲਾਜ ਨਾਲ ਹਜ਼ਾਰਾਂ ਲੋਕਾਂ ਦੀ ਰੌਸ਼ਨੀ ਬਚਾਈ ਗਈ ਹੈ।

ਇਸ ਤੋਂ ਇਲਾਵਾ 333 ਮਰੀਜ਼ਾਂ ਦੇ ਪਟੇਰੀਜੀਅਮ ਵਿਦ ਕੰਜੰਕਟਾਈਵਲ ਆਟੋਗ੍ਰਾਫਟ ਆਪ੍ਰੇਸ਼ਨ ਵੀ ਮੁਫ਼ਤ ਕੀਤੇ ਗਏ, ਜਿਨ੍ਹਾਂ ‘ਤੇ ਲਗਭਗ 31.83 ਲੱਖ ਰੁਪਏ ਖ਼ਰਚ ਕੀਤੇ ਗਏ। ਯੋਜਨਾ ਤਹਿਤ ਐਂਟਰੋਪੀਅਨ ਅਤੇ ਐਕਟ੍ਰੋਪੀਅਨ ਕਰੈਕਸ਼ਨ, ਬੱਚਿਆਂ ਦੀ ਲੈਂਸ ਸਰਜਰੀ, ਗਲੂਕੋਮਾ ਦਾ ਇਲਾਜ, ਟੀਅਰ ਡਕਟ ਸਰਜਰੀ ਅਤੇ ਹੋਰ ਕਈ ਤਰ੍ਹਾਂ ਦੇ ਵਿਸ਼ੇਸ਼ ਨੇਤਰ ਆਪ੍ਰੇਸ਼ਨ ਵੀ ਮੁਫ਼ਤ ਕੀਤੇ ਜਾ ਰਹੇ ਹਨ।

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫ਼ਰੀਦਕੋਟ ਦੇ ਨੇਤਰ ਰੋਗ ਵਿਭਾਗ ਦੇ ਮੁਖੀ ਡਾ. ਮੁਨੀਸ਼ ਧਵਨ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਕਾਰਨ ਅੱਖਾਂ ਦੇ ਆਧੁਨਿਕ ਇਲਾਜ ਤੱਕ ਆਮ ਲੋਕਾਂ ਦੀ ਪਹੁੰਚ ਕਾਫ਼ੀ ਵਧੀ ਹੈ। ਉਨ੍ਹਾਂ ਦੱਸਿਆ ਕਿ ਮੋਤੀਆਬਿੰਦ ਦੀ ਫੈਕੋਇਮਲਸੀਫਿਕੇਸ਼ਨ ਸਰਜਰੀ ਫੋਲਡੇਬਲ ਇੰਟਰਾ-ਆਕੂਲਰ ਲੈਂਸ ਸਮੇਤ ਮੁਫ਼ਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਗਲੂਕੋਮਾ ਵਰਗੀਆਂ ਗੰਭੀਰ ਬਿਮਾਰੀਆਂ ਦਾ ਇਲਾਜ ਵੀ ਯੋਜਨਾ ਵਿੱਚ ਸ਼ਾਮਲ ਹੈ, ਜਿਸ ਨਾਲ ਮਰੀਜ਼ਾਂ ਨੂੰ ਬਿਨਾਂ ਕਿਸੇ ਆਰਥਿਕ ਬੋਝ ਦੇ ਬਿਹਤਰ ਇਲਾਜ ਮਿਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਆਰਥਿਕ ਤੰਗੀ ਕਾਰਨ ਕਈ ਬਜ਼ੁਰਗ ਪਹਿਲਾਂ ਆਪਣਾ ਇਲਾਜ ਟਾਲ ਦਿੰਦੇ ਸਨ, ਪਰ ਹੁਣ ਇਹ ਯੋਜਨਾ ਉਨ੍ਹਾਂ ਲਈ ਵੱਡੀ ਸਹੂਲਤ ਸਾਬਤ ਹੋ ਰਹੀ ਹੈ। ਸਮੇਂ ਸਿਰ ਸਰਜਰੀ ਹੋਣ ਨਾਲ ਮਰੀਜ਼ਾਂ ਦੀ ਨਜ਼ਰ ਵਿੱਚ ਸੁਧਾਰ ਆਇਆ ਹੈ, ਉਹ ਰੋਜ਼ਾਨਾ ਦੇ ਕੰਮ ਖੁਦ ਕਰਨ ਦੇ ਯੋਗ ਹੋਏ ਹਨ ਅਤੇ ਉਨ੍ਹਾਂ ਦੀ ਜੀਵਨ ਗੁਣਵੱਤਾ ਵਿੱਚ ਵੀ ਮਹੱਤਵਪੂਰਨ ਸੁਧਾਰ ਦਰਜ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਕੁਇੰਟ (ਭੇਂਗਾਪਣ) ਵਰਗੇ ਆਪ੍ਰੇਸ਼ਨ ਵੀ ਇਸ ਯੋਜਨਾ ਤਹਿਤ ਮੁਫ਼ਤ ਕੀਤੇ ਜਾ ਰਹੇ ਹਨ।

ਡਾ. ਮੁਨੀਸ਼ ਧਵਨ ਨੇ ਲੋਕਾਂ ਨੂੰ ਅੱਖਾਂ ਦੀ ਸਿਹਤ ਪ੍ਰਤੀ ਜਾਗਰੂਕ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਬੱਚਿਆਂ ਦੀ ਨਿਯਮਿਤ ਨਜ਼ਰ ਜਾਂਚ, 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਸਮੇਂ-ਸਮੇਂ ‘ਤੇ ਅੱਖਾਂ ਦੀ ਜਾਂਚ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਅੱਖਾਂ ਦੀ ਨਿਯਮਿਤ ਜਾਂਚ ਬਹੁਤ ਜ਼ਰੂਰੀ ਹੈ, ਕਿਉਂਕਿ ਡਾਇਬਟੀਜ਼ ਅੱਖਾਂ ਦੀ ਰੌਸ਼ਨੀ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ।

ਇਸ ਮੌਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਯੋਜਨਾ ਤਹਿਤ ਸੂਚੀਬੱਧ ਨਿੱਜੀ ਹਸਪਤਾਲਾਂ ਨੂੰ ਵੀ ਸ਼ਾਮਲ ਕਰਨ ਨਾਲ ਸੂਬੇ ਦੇ ਹਰ ਖੇਤਰ ਵਿੱਚ ਆਧੁਨਿਕ ਨੇਤਰ ਇਲਾਜ ਦੀ ਪਹੁੰਚ ਹੋਰ ਵਧੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਹਰ ਯੋਗ ਮਰੀਜ਼ ਤੱਕ ਸਮੇਂ ਸਿਰ ਮੁਫ਼ਤ ਇਲਾਜ ਪਹੁੰਚਾਉਣਾ ਹੈ, ਤਾਂ ਜੋ ਨਜ਼ਰ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਅਤੇ ਅੰਨ੍ਹੇਪਣ ਨੂੰ ਰੋਕਿਆ ਜਾ ਸਕੇ।

ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਅੱਖਾਂ ਵਿੱਚ ਧੁੰਦਲਾ ਦਿਖਾਈ ਦੇਣਾ, ਲਗਾਤਾਰ ਜਲਣ, ਬਹੁਤ ਜ਼ਿਆਦਾ ਪਾਣੀ ਆਉਣਾ ਜਾਂ ਪਲਕਾਂ ਨਾਲ ਸਬੰਧਿਤ ਕੋਈ ਵੀ ਅਸਧਾਰਨ ਲੱਛਣ ਨਜ਼ਰ ਆਉਣ ਤਾਂ ਇਨ੍ਹਾਂ ਨੂੰ ਅਣਡਿੱਠਾ ਨਾ ਛੱਡਿਆ ਜਾਵੇ। ਸਮੇਂ ਸਿਰ ਡਾਕਟਰੀ ਸਲਾਹ ਅਤੇ ਇਲਾਜ ਨਾਲ ਨਾ ਸਿਰਫ਼ ਨਜ਼ਰ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ, ਸਗੋਂ ਜੀਵਨ ਦੀ ਗੁਣਵੱਤਾ ਵਿੱਚ ਵੀ ਵੱਡਾ ਸੁਧਾਰ ਲਿਆਂਦਾ ਜਾ ਸਕਦਾ ਹੈ।

ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਸਿਹਤ ਯੋਜਨਾ ਰਾਹੀਂ ਸੂਬੇ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਲੋਕਾਂ ਨੂੰ ਆਧੁਨਿਕ ਅਤੇ ਮੁਫ਼ਤ ਇਲਾਜ ਦੀਆਂ ਸਹੂਲਤਾਂ ਦਾ ਦਾਇਰਾ ਹੋਰ ਵਧਾਇਆ ਜਾਵੇਗਾ।

Leave a Reply

Your email address will not be published. Required fields are marked *