
ਚੰਡੀਗੜ੍ਹ, 12 ਸਤੰਬਰ 2026: ਪੰਜਾਬ ਵਿੱਚ ਚੱਲ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਤਹਿਤ ਡਰਾਫਟ ਵੋਟਰ ਸੂਚੀ ਸਬੰਧੀ ਇਤਰਾਜ਼ ਦਰਜ ਕਰਵਾਉਣ ਅਤੇ ਨਵੇਂ ਵੋਟਰਾਂ ਦੇ ਨਾਂ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਲਈ ਅੱਜ, 12 ਸਤੰਬਰ, ਆਖਰੀ ਤਾਰੀਖ ਹੈ। ਚੋਣ ਕਮਿਸ਼ਨ ਨੇ ਪੰਜਾਬ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਡਰਾਫਟ ਵੋਟਰ ਸੂਚੀ ਵਿੱਚ ਆਪਣੇ ਜਾਂ ਕਿਸੇ ਹੋਰ ਵੇਰਵੇ ਸਬੰਧੀ ਕੋਈ ਇਤਰਾਜ਼ ਹੈ ਤਾਂ ਉਹ ਨਿਰਧਾਰਤ ਸਮੇਂ ਅੰਦਰ ਅੱਜ ਹੀ ਆਪਣੀ ਅਰਜ਼ੀ ਜਮ੍ਹਾਂ ਕਰਵਾਉਣ।
ਇਸ ਦੇ ਨਾਲ ਹੀ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਨੌਜਵਾਨਾਂ ਲਈ ਵੀ ਅੱਜ ਮਹੱਤਵਪੂਰਨ ਮੌਕਾ ਹੈ। ਜਿਨ੍ਹਾਂ ਨੌਜਵਾਨਾਂ ਦੀ ਉਮਰ 1 ਅਕਤੂਬਰ 2026 ਤੱਕ 18 ਸਾਲ ਪੂਰੀ ਹੋ ਰਹੀ ਹੈ, ਉਹ ਵੋਟਰ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਉਣ ਲਈ ਅੱਜ ਅਰਜ਼ੀ ਦੇ ਸਕਦੇ ਹਨ। ਨਿਰਧਾਰਤ ਸਮੇਂ ਅੰਦਰ ਕੀਤੀਆਂ ਅਰਜ਼ੀਆਂ ਦੀ ਜਾਂਚ ਤੋਂ ਬਾਅਦ ਯੋਗ ਵੋਟਰਾਂ ਦੇ ਨਾਂ ਅੰਤਿਮ ਵੋਟਰ ਸੂਚੀ ਵਿੱਚ ਸ਼ਾਮਲ ਕੀਤੇ ਜਾਣਗੇ।
ਗਲਤ ਜਾਣਕਾਰੀ ਜਾਂ ਨਕਲੀ ਦਸਤਾਵੇਜ਼ ਦੇਣ ਵਾਲਿਆਂ ਨੂੰ ਚੇਤਾਵਨੀ
ਚੋਣ ਕਮਿਸ਼ਨ ਨੇ SIR ਪ੍ਰਕਿਰਿਆ ਦੌਰਾਨ ਦਸਤਾਵੇਜ਼ ਅਤੇ ਜਾਣਕਾਰੀ ਜਮ੍ਹਾਂ ਕਰਵਾਉਣ ਵਾਲੇ ਲੋਕਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਜੇਕਰ ਕਿਸੇ ਵੋਟਰ ਨੂੰ ਨੋਟਿਸ ਜਾਰੀ ਕੀਤਾ ਜਾਂਦਾ ਹੈ ਅਤੇ ਉਹ ਇਸ ਦੇ ਜਵਾਬ ਵਿੱਚ ਜਾਂ ਦਸਤਾਵੇਜ਼ਾਂ ਦੀ ਤਸਦੀਕ ਦੌਰਾਨ ਝੂਠੀ, ਨਕਲੀ, ਜਾਲੀ ਜਾਂ ਮਨਘੜਤ ਜਾਣਕਾਰੀ ਪੇਸ਼ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।
ਜੇਕਰ ਵੋਟਰ ਬਣਨ ਜਾਂ ਵੋਟਰ ਸੂਚੀ ਵਿੱਚ ਕਿਸੇ ਤਰ੍ਹਾਂ ਦੀ ਸੋਧ ਕਰਵਾਉਣ ਲਈ ਕਿਸੇ ਵਿਅਕਤੀ ਵੱਲੋਂ BLO, ARO ਜਾਂ ERO ਨੂੰ ਜਾਣਬੁੱਝ ਕੇ ਗਲਤ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਸਬੰਧਿਤ ਕਾਨੂੰਨੀ ਧਾਰਾਵਾਂ ਤਹਿਤ FIR ਦਰਜ ਹੋ ਸਕਦੀ ਹੈ। ਗਲਤ ਜਾਣਕਾਰੀ ਦੇਣ ਦੇ ਮਾਮਲੇ ਵਿੱਚ ਇੱਕ ਸਾਲ ਤੱਕ ਦੀ ਕੈਦ, 10,000 ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਦੀ ਸਜ਼ਾ ਹੋ ਸਕਦੀ ਹੈ।
ਇਸੇ ਤਰ੍ਹਾਂ ਵੋਟਰ ਸੂਚੀ ਵਿੱਚ ਨਾਂ ਸ਼ਾਮਲ ਕਰਵਾਉਣ, ਨਾਂ ਹਟਵਾਉਣ ਜਾਂ ਵੇਰਵਿਆਂ ਵਿੱਚ ਸੋਧ ਲਈ ਝੂਠਾ ਹਲਫਨਾਮਾ ਜਾਂ ਐਲਾਨਨਾਮਾ ਦੇਣ ’ਤੇ ਵੀ ਕਾਨੂੰਨੀ ਸਜ਼ਾ ਦਾ ਪ੍ਰਬੰਧ ਹੈ।
ਜਮ੍ਹਾਂ ਕਰਵਾਏ ਦਸਤਾਵੇਜ਼ਾਂ ਦੀ ਹੋਵੇਗੀ ਕਰਾਸ-ਵੈਰੀਫਿਕੇਸ਼ਨ
ਚੋਣ ਅਧਿਕਾਰੀਆਂ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਵੋਟਰਾਂ ਵੱਲੋਂ ਜਮ੍ਹਾਂ ਕਰਵਾਏ ਜਾਣ ਵਾਲੇ ਦਸਤਾਵੇਜ਼ਾਂ ਦੀ ਲੋੜ ਪੈਣ ’ਤੇ ਸਬੰਧਿਤ ਸਰਕਾਰੀ ਵਿਭਾਗਾਂ ਰਾਹੀਂ ਕਰਾਸ-ਵੈਰੀਫਿਕੇਸ਼ਨ ਕਰਵਾਈ ਜਾਵੇਗੀ। ਜੇਕਰ ਜਾਂਚ ਦੌਰਾਨ ਕੋਈ ਦਸਤਾਵੇਜ਼ ਨਕਲੀ, ਜਾਲੀ ਜਾਂ ਮਨਘੜਤ ਪਾਇਆ ਜਾਂਦਾ ਹੈ ਤਾਂ ਸਬੰਧਿਤ ਵਿਅਕਤੀ ਖ਼ਿਲਾਫ਼ ਫੌਜਦਾਰੀ ਮਾਮਲਾ ਦਰਜ ਕੀਤਾ ਜਾ ਸਕਦਾ ਹੈ।
ਇਸ ਲਈ ਚੋਣ ਕਮਿਸ਼ਨ ਨੇ ਵੋਟਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਿਰਫ਼ ਸਹੀ ਅਤੇ ਅਸਲੀ ਦਸਤਾਵੇਜ਼ ਹੀ ਜਮ੍ਹਾਂ ਕਰਵਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਗਲਤ ਜਾਣਕਾਰੀ ਦੇਣ ਤੋਂ ਬਚਣ।
ਵੋਟ ਮੈਪਿੰਗ ਲਈ ਜਨਮ ਸਾਲ ਦੇ ਆਧਾਰ ’ਤੇ ਦਸਤਾਵੇਜ਼
SIR ਪ੍ਰਕਿਰਿਆ ਦੌਰਾਨ ਵੋਟਰਾਂ ਦੀ ਮੈਪਿੰਗ ਅਤੇ ਤਸਦੀਕ ਲਈ ਜਨਮ ਸਾਲ ਦੇ ਆਧਾਰ ’ਤੇ ਵੱਖ-ਵੱਖ ਦਸਤਾਵੇਜ਼ਾਂ ਦੀ ਲੋੜ ਹੋ ਸਕਦੀ ਹੈ। ਜੇਕਰ ਕਿਸੇ ਵਿਅਕਤੀ ਦਾ ਨਾਂ 2003 ਦੀ ਵੋਟਰ ਸੂਚੀ ਵਿੱਚ ਮੌਜੂਦ ਹੈ, ਪਰ ਕਿਸੇ ਕਾਰਨ ਉਸਦੀ ਵੋਟ ਮੈਪ ਨਹੀਂ ਹੋਈ, ਤਾਂ ਇਸ ਦੇ ਪਿੱਛੇ ਨਾਂ, ਪਤਾ ਜਾਂ ਹੋਰ ਵੇਰਵਿਆਂ ਵਿੱਚ ਅੰਤਰ ਜਾਂ ਗਲਤੀ ਹੋ ਸਕਦੀ ਹੈ।
ਅਜਿਹੇ ਵੋਟਰਾਂ ਨੂੰ ਵੀ ਵਿਭਾਗ ਵੱਲੋਂ ਨੋਟਿਸ ਭੇਜੇ ਜਾ ਰਹੇ ਹਨ। ਉਨ੍ਹਾਂ ਨੂੰ ਆਪਣੇ ਜਨਮ ਸਾਲ ਦੇ ਆਧਾਰ ’ਤੇ ਲੋੜੀਂਦੇ ਦਸਤਾਵੇਜ਼ ਪੇਸ਼ ਕਰਕੇ ਆਪਣੀ ਜਾਣਕਾਰੀ ਦੀ ਤਸਦੀਕ ਕਰਵਾਉਣੀ ਹੋਵੇਗੀ।
ਕਿਸ ਉਮਰ ਵਰਗ ਲਈ ਕਿੰਨੇ ਦਸਤਾਵੇਜ਼ ਲੋੜੀਂਦੇ ਹਨ?
1 ਜੁਲਾਈ 1987 ਤੋਂ ਪਹਿਲਾਂ ਜਨਮ ਲੈਣ ਵਾਲੇ ਵੋਟਰ:
ਜੇਕਰ ERO ਵੱਲੋਂ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਜਾਂਦਾ ਹੈ ਤਾਂ ਇਸ ਸ਼੍ਰੇਣੀ ਦੇ ਵੋਟਰ ਨੂੰ ਆਪਣੀ ਜਨਮ ਤਾਰੀਖ ਜਾਂ ਜਨਮ ਸਥਾਨ ਸਾਬਤ ਕਰਨ ਲਈ ਨਾਂ ਸਮੇਤ ਇੱਕ ਸਰਕਾਰੀ ਦਸਤਾਵੇਜ਼ ਪੇਸ਼ ਕਰਨਾ ਹੋਵੇਗਾ। ਇਸ ਲਈ ਜਨਮ ਸਰਟੀਫਿਕੇਟ, ਭਾਰਤੀ ਪਾਸਪੋਰਟ ਜਾਂ ਮਾਨਤਾ ਪ੍ਰਾਪਤ ਬੋਰਡ ਵੱਲੋਂ ਜਾਰੀ ਮੈਟ੍ਰਿਕ/ਸਿੱਖਿਆ ਸਰਟੀਫਿਕੇਟ ਵਰਗੇ ਦਸਤਾਵੇਜ਼ ਵਰਤੇ ਜਾ ਸਕਦੇ ਹਨ।
1 ਜੁਲਾਈ 1987 ਤੋਂ 2 ਦਸੰਬਰ 2004 ਵਿਚਕਾਰ ਜਨਮ ਲੈਣ ਵਾਲੇ ਵੋਟਰ:
ਇਸ ਸ਼੍ਰੇਣੀ ਦੇ ਵੋਟਰਾਂ ਨੂੰ ਤਸਦੀਕ ਲਈ ਦੋ ਦਸਤਾਵੇਜ਼ ਪੇਸ਼ ਕਰਨੇ ਹੋਣਗੇ। ਇਨ੍ਹਾਂ ਵਿੱਚੋਂ ਇੱਕ ਦਸਤਾਵੇਜ਼ ਵੋਟਰ ਦਾ ਆਪਣਾ ਹੋਣਾ ਚਾਹੀਦਾ ਹੈ, ਜਦਕਿ ਦੂਜਾ ਉਸਦੀ ਮਾਂ ਜਾਂ ਪਿਤਾ ਵਿੱਚੋਂ ਕਿਸੇ ਇੱਕ ਨਾਲ ਸਬੰਧਤ ਹੋਣਾ ਜ਼ਰੂਰੀ ਹੈ।
2 ਦਸੰਬਰ 2004 ਤੋਂ ਬਾਅਦ ਜਨਮ ਲੈਣ ਵਾਲੇ ਵੋਟਰ:
ਇਸ ਸ਼੍ਰੇਣੀ ਦੇ ਨੌਜਵਾਨ ਵੋਟਰਾਂ ਨੂੰ ਆਪਣੀ ਪਾਤਰਤਾ ਅਤੇ ਪਰਿਵਾਰਕ ਵੇਰਵਿਆਂ ਦੀ ਤਸਦੀਕ ਲਈ ਕੁੱਲ ਤਿੰਨ ਦਸਤਾਵੇਜ਼ ਪੇਸ਼ ਕਰਨੇ ਹੋਣਗੇ। ਇਨ੍ਹਾਂ ਵਿੱਚ ਇੱਕ ਦਸਤਾਵੇਜ਼ ਵੋਟਰ ਦਾ ਆਪਣਾ, ਇੱਕ ਪਿਤਾ ਨਾਲ ਸਬੰਧਤ ਅਤੇ ਇੱਕ ਮਾਤਾ ਨਾਲ ਸਬੰਧਤ ਹੋਣਾ ਚਾਹੀਦਾ ਹੈ।
2003 ਦੀ ਵੋਟਰ ਲਿਸਟ ਵਿੱਚ ਨਾਂ ਹੈ ਤਾਂ ਮਿਲ ਸਕਦੀ ਹੈ ਰਾਹਤ
ਵੋਟਰਾਂ ਲਈ ਸਭ ਤੋਂ ਅਹਿਮ ਗੱਲ ਇਹ ਹੈ ਕਿ ਜੇਕਰ ਤੁਹਾਡਾ ਜਾਂ ਤੁਹਾਡੇ ਮਾਤਾ-ਪਿਤਾ ਵਿੱਚੋਂ ਕਿਸੇ ਦਾ ਨਾਂ 1 ਜਨਵਰੀ 2003 ਦੀ ਵੋਟਰ ਸੂਚੀ ਵਿੱਚ ਦਰਜ ਹੈ, ਤਾਂ ਇਹ SIR ਦੌਰਾਨ ਮੈਪਿੰਗ ਅਤੇ ਤਸਦੀਕ ਲਈ ਮਹੱਤਵਪੂਰਨ ਸਬੂਤ ਮੰਨਿਆ ਜਾਂਦਾ ਹੈ।
ਅਜਿਹੇ ਵੋਟਰਾਂ ਨੂੰ ਆਪਣੇ ਮਾਤਾ-ਪਿਤਾ ਨਾਲ ਸਬੰਧਤ ਵਾਧੂ ਦਸਤਾਵੇਜ਼ ਜਮ੍ਹਾਂ ਕਰਵਾਉਣ ਤੋਂ ਰਾਹਤ ਮਿਲ ਸਕਦੀ ਹੈ। ਇਸ ਲਈ ਪੰਜਾਬ ਦੇ ਵੋਟਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਭ ਤੋਂ ਪਹਿਲਾਂ CEO Punjab ਦੀ ਵੈੱਬਸਾਈਟ ’ਤੇ “Search in Last SIR 2003” ਵਿਕਲਪ ਰਾਹੀਂ ਆਪਣਾ ਜਾਂ ਆਪਣੇ ਪਰਿਵਾਰਕ ਮੈਂਬਰਾਂ ਦਾ ਨਾਂ ਪੁਰਾਣੀ ਵੋਟਰ ਸੂਚੀ ਵਿੱਚ ਜ਼ਰੂਰ ਚੈੱਕ ਕਰਨ।
ਜੇਕਰ 2003 ਦੇ ਰਿਕਾਰਡ ਵਿੱਚ ਨਾਂ ਮਿਲ ਜਾਂਦਾ ਹੈ ਤਾਂ ਅੱਗੇ ਦੀ ਮੈਪਿੰਗ ਪ੍ਰਕਿਰਿਆ ਵਿੱਚ ਇਹ ਰਿਕਾਰਡ ਕਾਫ਼ੀ ਮਹੱਤਵਪੂਰਨ ਹੋ ਸਕਦਾ ਹੈ।
ਅੱਜ ਹੀ ਕਰੋ ਆਪਣਾ ਕੰਮ
ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਸਮਾਂ-ਸੀਮਾ ਅਨੁਸਾਰ 12 ਸਤੰਬਰ ਅਰਜ਼ੀਆਂ ਅਤੇ ਇਤਰਾਜ਼ ਜਮ੍ਹਾਂ ਕਰਵਾਉਣ ਦਾ ਆਖਰੀ ਦਿਨ ਹੈ। ਇਸ ਲਈ ਜਿਨ੍ਹਾਂ ਵੋਟਰਾਂ ਨੂੰ ਡਰਾਫਟ ਵੋਟਰ ਸੂਚੀ ਸਬੰਧੀ ਕੋਈ ਇਤਰਾਜ਼ ਹੈ ਜਾਂ ਜਿਨ੍ਹਾਂ ਯੋਗ ਨੌਜਵਾਨਾਂ ਨੇ ਅਜੇ ਤੱਕ ਵੋਟਰ ਵਜੋਂ ਰਜਿਸਟ੍ਰੇਸ਼ਨ ਨਹੀਂ ਕਰਵਾਈ, ਉਹ ਦੇਰੀ ਨਾ ਕਰਨ।
ਵੋਟਰਾਂ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਰਜ਼ੀ ਨਾਲ ਦਿੱਤੀ ਜਾਣਕਾਰੀ ਅਤੇ ਦਸਤਾਵੇਜ਼ ਪੂਰੀ ਤਰ੍ਹਾਂ ਸਹੀ ਅਤੇ ਅਸਲੀ ਹੋਣ, ਕਿਉਂਕਿ SIR ਦੌਰਾਨ ਦਸਤਾਵੇਜ਼ਾਂ ਦੀ ਤਸਦੀਕ ਕੀਤੀ ਜਾ ਸਕਦੀ ਹੈ ਅਤੇ ਗਲਤ ਜਾਂ ਜਾਲੀ ਜਾਣਕਾਰੀ ਮਿਲਣ ’ਤੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
