
ਚੰਡੀਗੜ੍ਹ, 2 ਮਈ 2026: ਪੰਜਾਬ ਵਿੱਚ ਗੈਂਗਸਟਰ ਨੈੱਟਵਰਕ ਅਤੇ ਵਿਦੇਸ਼ਾਂ ਤੋਂ ਚਲ ਰਹੀਆਂ ਅਪਰਾਧਿਕ ਗਤੀਵਿਧੀਆਂ ‘ਤੇ ਨਕੇਲ ਕੱਸਣ ਲਈ ਪੰਜਾਬ ਪੁਲਿਸ ਨੇ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਲੈਣੀ ਸ਼ੁਰੂ ਕਰ ਦਿੱਤੀ ਹੈ। ‘ਗੈਂਗਸਟਰਾਂ ਤੇ ਵਾਰ’ ਮੁਹਿੰਮ ਤਹਿਤ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ (PAIS) ਪੁਲਿਸ ਲਈ ਇੱਕ ਆਧੁਨਿਕ ਅਤੇ ਪ੍ਰਭਾਵਸ਼ਾਲੀ ਹਥਿਆਰ ਵਜੋਂ ਸਾਹਮਣੇ ਆਇਆ ਹੈ, ਜੋ ਅਪਰਾਧੀਆਂ ਦੀ ਪਛਾਣ ਅਤੇ ਉਨ੍ਹਾਂ ਦੇ ਨੈੱਟਵਰਕ ਤੋੜਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।
PAIS ਅਧੀਨ ਤਿਆਰ ਕੀਤੀ ਗਈ AI-ਅਧਾਰਤ ਵੌਇਸ ਰਿਕਗਨੀਸ਼ਨ ਪ੍ਰਣਾਲੀ ਪੁਲਿਸ ਲਈ ਗੇਮ-ਚੇਂਜਰ ਸਾਬਤ ਹੋ ਰਹੀ ਹੈ। ਇਸ ਤਹਿਤ 84 ਹਜ਼ਾਰ ਤੋਂ ਵੱਧ ਸ਼ੱਕੀ ਅਤੇ ਅਪਰਾਧੀਆਂ ਦੀਆਂ ਆਵਾਜ਼ਾਂ ਦਾ “ਵੌਇਸ ਬੈਂਕ” ਤਿਆਰ ਕੀਤਾ ਗਿਆ ਹੈ, ਜਿਸ ਰਾਹੀਂ ਕਿਸੇ ਵੀ ਕਾਲ ਜਾਂ ਆਡੀਓ ਕਲਿੱਪ ਤੋਂ ਕੁਝ ਹੀ ਮਿੰਟਾਂ ਵਿੱਚ ਦੋਸ਼ੀਆਂ ਦੀ ਪਛਾਣ ਕੀਤੀ ਜਾ ਸਕਦੀ ਹੈ।
ਇਸ ਸਿਸਟਮ ਵਿੱਚ ਕਰੀਬ 3.90 ਲੱਖ ਅਪਰਾਧੀਆਂ ਦਾ ਵਿਸਤ੍ਰਿਤ ਡਾਟਾਬੇਸ ਵੀ ਸ਼ਾਮਲ ਹੈ, ਜਿਸ ਵਿੱਚ ਉਨ੍ਹਾਂ ਦੇ ਗੈਂਗ ਕਨੈਕਸ਼ਨ ਅਤੇ ਅਪਰਾਧਿਕ ਰਿਕਾਰਡ ਦਰਜ ਹਨ। “ਗੈਂਗ ਟ੍ਰੀ ਸਰਚ” ਫੀਚਰ ਜਾਂਚ ਏਜੰਸੀਆਂ ਨੂੰ ਸੰਗਠਿਤ ਅਪਰਾਧ ਦੇ ਪੂਰੇ ਢਾਂਚੇ ਨੂੰ ਸਮਝਣ ਅਤੇ ਸਥਾਨਕ ਅਪਰਾਧੀਆਂ ਨੂੰ ਵਿਦੇਸ਼ੀ ਮਾਸਟਰਮਾਈਂਡਾਂ ਨਾਲ ਜੋੜਨ ਵਿੱਚ ਮਦਦ ਕਰਦਾ ਹੈ।
ਪੁਲਿਸ ਦੇ ਅਨੁਸਾਰ ਪੰਜਾਬ ਨਾਲ ਜੁੜੇ ਕਰੀਬ 60 ਨਾਮੀ ਗੈਂਗਸਟਰ ਕੈਨੇਡਾ, ਅਮਰੀਕਾ ਅਤੇ ਇਟਲੀ ਵਰਗੇ ਦੇਸ਼ਾਂ ਵਿੱਚ ਬੈਠ ਕੇ ਅਪਰਾਧਿਕ ਗਤੀਵਿਧੀਆਂ ਚਲਾ ਰਹੇ ਹਨ। ਇਹ ਗੈਂਗਸਟਰ ਐਨਕ੍ਰਿਪਟਡ ਐਪਸ ਅਤੇ ਅੰਤਰਰਾਸ਼ਟਰੀ ਵਰਚੁਅਲ ਨੰਬਰਾਂ ਰਾਹੀਂ ਜਬਰੀ ਵਸੂਲੀ ਅਤੇ ਹੋਰ ਅਪਰਾਧ ਕਰਦੇ ਹਨ। ਅਜਿਹੇ ਮਾਮਲਿਆਂ ਵਿੱਚ PAIS ਪੁਲਿਸ ਲਈ ਇੱਕ ਮਜ਼ਬੂਤ ਤਕਨੀਕੀ ਸਹਾਇਕ ਬਣਿਆ ਹੈ।
ਐਡੀਜੀਪੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਪ੍ਰਮੋਦ ਬਾਨ ਨੇ ਦੱਸਿਆ ਕਿ ਪਹਿਲਾਂ ਵਿਦੇਸ਼ਾਂ ਵਿੱਚ ਬੈਠੇ ਅਪਰਾਧੀਆਂ ਤੱਕ ਪਹੁੰਚਣਾ ਮੁਸ਼ਕਲ ਹੁੰਦਾ ਸੀ, ਪਰ ਹੁਣ AI-ਅਧਾਰਤ ਵੌਇਸ ਮੈਚਿੰਗ ਤਕਨੀਕ ਰਾਹੀਂ ਕੁਝ ਮਿੰਟਾਂ ਵਿੱਚ ਕਾਲਰ ਦੀ ਪਛਾਣ ਕਰਨਾ ਸੰਭਵ ਹੋ ਗਿਆ ਹੈ, ਜਿਸ ਨਾਲ ਪੁਲਿਸ ਤੁਰੰਤ ਕਾਰਵਾਈ ਕਰ ਸਕਦੀ ਹੈ।
ਉਨ੍ਹਾਂ ਕਿਹਾ ਕਿ PAIS ਹੁਣ ਸਿਰਫ ਅਪਰਾਧ ਹੋਣ ਮਗਰੋਂ ਜਾਂਚ ਤੱਕ ਸੀਮਿਤ ਨਹੀਂ ਰਿਹਾ, ਸਗੋਂ ਕਈ ਮਾਮਲਿਆਂ ਵਿੱਚ ਅਪਰਾਧ ਵਾਪਰਨ ਤੋਂ ਪਹਿਲਾਂ ਹੀ ਉਸਨੂੰ ਰੋਕਣ ਵਿੱਚ ਵੀ ਕਾਮਯਾਬ ਹੋਇਆ ਹੈ। ਹਾਲੀਆ ਕੇਸਾਂ ਵਿੱਚ ਵਿਦੇਸ਼ੀ ਹੈਂਡਲਰਾਂ ਅਤੇ ਸਥਾਨਕ ਨੌਜਵਾਨਾਂ ਦਰਮਿਆਨ ਹੋਈ ਗੱਲਬਾਤ ਨੂੰ ਟਰੈਕ ਕਰਕੇ ਸੰਭਾਵਿਤ ਹਮਲਿਆਂ ਨੂੰ ਨਾਕਾਮ ਕੀਤਾ ਗਿਆ।
ਪ੍ਰਮੋਦ ਬਾਨ ਮੁਤਾਬਕ ‘ਗੈਂਗਸਟਰਾਂ ਤੇ ਵਾਰ’ ਰਣਨੀਤੀ ਤਹਿਤ ਹੁਣ ਪੁਲਿਸ ਪੂਰੇ ਅਪਰਾਧਿਕ ਨੈੱਟਵਰਕ ਨੂੰ ਇਕੱਠੇ ਟਰੈਕ ਕਰ ਰਹੀ ਹੈ, ਜਿਸ ਨਾਲ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਫੰਡਿੰਗ ਕੌਣ ਕਰ ਰਿਹਾ ਹੈ, ਯੋਜਨਾ ਕੌਣ ਬਣਾ ਰਿਹਾ ਹੈ ਅਤੇ ਅਪਰਾਧ ਨੂੰ ਅੰਜਾਮ ਕੌਣ ਦੇ ਰਿਹਾ ਹੈ। ਇਸ ਨਾਲ ਨਾ ਸਿਰਫ਼ ਦੋਸ਼ੀਆਂ ਦੀ ਗ੍ਰਿਫ਼ਤਾਰੀ ਸੰਭਵ ਹੋ ਰਹੀ ਹੈ, ਸਗੋਂ ਪੂਰੇ ਨੈੱਟਵਰਕ ਨੂੰ ਤੋੜਨ ਵਿੱਚ ਵੀ ਮਦਦ ਮਿਲ ਰਹੀ ਹੈ।
ਇਸ ਤੋਂ ਇਲਾਵਾ PAIS ਨਾਲ ਭਗੌੜਾ ਟਰੈਕਿੰਗ ਸੈੱਲ ਨੂੰ ਵੀ ਜੋੜਿਆ ਗਿਆ ਹੈ, ਜੋ ਵਿਦੇਸ਼ਾਂ ਵਿੱਚ ਲੁਕੇ ਅਪਰਾਧੀਆਂ ਦੀ ਪਛਾਣ ਅਤੇ ਹਵਾਲਗੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਇੰਟਰਪੋਲ ਸਮੇਤ ਅੰਤਰਰਾਸ਼ਟਰੀ ਏਜੰਸੀਆਂ ਨਾਲ ਸਾਂਝੇ ਤੌਰ ‘ਤੇ ਕੰਮ ਕਰ ਰਿਹਾ ਹੈ।
