
ਚੰਡੀਗੜ੍ਹ, 21 ਅਪ੍ਰੈਲ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਹਾਲੈਂਡ ਦੇ ਪ੍ਰਸਿੱਧ ਹਾਕੀ ਖਿਡਾਰੀ ਫਲੋਰਿਸ ਜਾਨ ਬੋਵਲੈਂਡਰ ਨਾਲ ਮੁਲਾਕਾਤ ਕਰਦੇ ਹੋਏ ਸੂਬੇ ਵਿੱਚ ਹਾਕੀ ਦੇ ਵਿਕਾਸ ਨੂੰ ਹੋਰ ਮਜ਼ਬੂਤ ਕਰਨ ਲਈ ਉਨ੍ਹਾਂ ਦੀ ਮਾਹਰਤਾ ਦੀ ਸਹਾਇਤਾ ਲੈਣ ਦੀ ਪੇਸ਼ਕਸ਼ ਕੀਤੀ। ਖ਼ਾਸ ਕਰਕੇ ਆਉਣ ਵਾਲੀ ਵੱਕਾਰੀ ਏਸ਼ੀਅਨ ਚੈਂਪੀਅਨਜ਼ ਟਰਾਫੀ ਨੂੰ ਧਿਆਨ ਵਿੱਚ ਰੱਖਦਿਆਂ ਇਸ ਮਾਮਲੇ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਵਿੱਚ ਖੇਡਾਂ ਦੇ ਮਾਹੌਲ ਅਤੇ ਹਾਕੀ ਦੀ ਪੁਰਾਤਨ ਸ਼ਾਨ ਨੂੰ ਮੁੜ ਸਥਾਪਿਤ ਕਰਨ ਲਈ ਸਰਕਾਰ ਦੀ ਵਚਨਬੱਧਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਬੋਵਲੈਂਡਰ ਦੇ ਵਿਲੱਖਣ ਹੁਨਰ ਅਤੇ ਹਾਕੀ ਖੇਡ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਕਰੀਅਰ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਸਰੋਤ ਹੈ।
ਮੁੱਖ ਮੰਤਰੀ ਨੇ ਬੋਵਲੈਂਡਰ ਨੂੰ ਪੰਜਾਬ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਸੂਬੇ ਦੇ ਖਿਡਾਰੀਆਂ ਦੀ ਕਾਬਲੀਅਤ ਨੂੰ ਹੋਰ ਨਿਖਾਰਨ ਲਈ ਉਨ੍ਹਾਂ ਵੱਲੋਂ ਸਿਖਲਾਈ ਦੇਣਾ ਬਹੁਤ ਲਾਭਕਾਰੀ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਖੇਡ ਪ੍ਰਤਿਭਾ ਨੂੰ ਉਭਾਰਨ ਅਤੇ ਹਾਕੀ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ, ਜੋ ਸੂਬੇ ਲਈ ਇੱਕ ਇਤਿਹਾਸਕ ਉਪਲਬਧੀ ਹੈ।
ਆਉਣ ਵਾਲੀਆਂ ਅੰਤਰਰਾਸ਼ਟਰੀ ਮੁਕਾਬਲਿਆਂ ਦੀ ਮਹੱਤਤਾ ਉਤੇ ਚਰਚਾ ਕਰਦਿਆਂ ਉਨ੍ਹਾਂ ਦੱਸਿਆ ਕਿ ਏਸ਼ੀਆਈ ਖੇਡਾਂ ਅਕਤੂਬਰ ਦੀ ਸ਼ੁਰੂਆਤ ਵਿੱਚ ਸਮਾਪਤ ਹੋਣਗੀਆਂ, ਜਿਸ ਤੋਂ ਬਾਅਦ ਚੋਟੀ ਦੀਆਂ ਟੀਮਾਂ ਚੈਂਪੀਅਨਜ਼ ਟਰਾਫੀ ਵਿੱਚ ਭਾਗ ਲੈਣਗੀਆਂ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਵੱਡੇ ਟੂਰਨਾਮੈਂਟਾਂ ਨਾਲ ਪੰਜਾਬ ਦੀ ਪਹਿਚਾਣ ਵਿਸ਼ਵ ਪੱਧਰ ‘ਤੇ ਹਾਕੀ ਹੱਬ ਵਜੋਂ ਹੋਰ ਮਜ਼ਬੂਤ ਹੋਵੇਗੀ।
ਪੰਜਾਬ ਅਤੇ ਹਾਕੀ ਦੇ ਗੂੜ੍ਹੇ ਨਾਤੇ ਨੂੰ ਰੇਖਾਂਕਿਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਖਿਡਾਰੀਆਂ ਤੋਂ ਬਿਨਾਂ ਭਾਰਤੀ ਹਾਕੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੱਸਿਆ ਕਿ 50 ਤੋਂ ਵੱਧ ਪੰਜਾਬੀ ਖਿਡਾਰੀ ਉਲੰਪਿਕ ਤਮਗੇ ਜਿੱਤ ਚੁੱਕੇ ਹਨ ਅਤੇ 10 ਖਿਡਾਰੀਆਂ ਨੇ ਭਾਰਤ ਦੀ ਕਪਤਾਨੀ ਵੀ ਕੀਤੀ ਹੈ।
ਉਨ੍ਹਾਂ ਨੇ ਪੰਜਾਬ ਦੀ ਅਮੀਰ ਖੇਡ ਵਿਰਾਸਤ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸੰਸਾਰਪੁਰ, ਖੁਸਰੋਪੁਰ ਅਤੇ ਮਿੱਠਾਪੁਰ ਵਰਗੇ ਪਿੰਡਾਂ ਨੇ ਕਈ ਉਲੰਪੀਅਨ ਪੈਦਾ ਕੀਤੇ ਹਨ। ਟੋਕੀਓ 2020 ਉਲੰਪਿਕ ਵਿੱਚ 41 ਸਾਲ ਬਾਅਦ ਮਿਲੇ ਕਾਂਸੀ ਦੇ ਤਗਮੇ ਵਿੱਚ ਵੀ ਨੌਂ ਪੰਜਾਬੀ ਖਿਡਾਰੀਆਂ ਦਾ ਯੋਗਦਾਨ ਸੀ, ਜਦਕਿ ਪੈਰਿਸ 2024 ਵਿੱਚ ਵੀ ਭਾਰਤ ਨੇ ਕਾਂਸੀ ਦਾ ਤਗਮਾ ਜਿੱਤਿਆ, ਜਿਸ ਵਿੱਚ 10 ਪੰਜਾਬੀ ਖਿਡਾਰੀ ਸ਼ਾਮਲ ਸਨ ਅਤੇ ਹਰਮਨਪ੍ਰੀਤ ਸਿੰਘ ਨੇ ਕਪਤਾਨ ਵਜੋਂ ਟੀਮ ਦੀ ਅਗਵਾਈ ਕੀਤੀ।
ਆਪਣੇ ਐਕਸ ਪਲੇਟਫਾਰਮ ‘ਤੇ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨੀਦਰਲੈਂਡ ਵਿੱਚ ਬੋਵਲੈਂਡਰ ਨਾਲ ਮੁਲਾਕਾਤ ਕਰਨਾ ਖੁਸ਼ੀ ਦੀ ਗੱਲ ਹੈ। ਉਨ੍ਹਾਂ ਦੱਸਿਆ ਕਿ ਬੋਵਲੈਂਡਰ ਨੇ ਪੰਜਾਬ ਆਉਣ ਦਾ ਸੱਦਾ ਸਵੀਕਾਰ ਕਰ ਲਿਆ ਹੈ ਅਤੇ ਉਹ ਆਉਣ ਵਾਲੀ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਤੋਂ ਪਹਿਲਾਂ ਪੰਜਾਬ ਦੇ ਖਿਡਾਰੀਆਂ ਨਾਲ ਕੰਮ ਕਰਨ ਲਈ ਤਿਆਰ ਹਨ। ਉਨ੍ਹਾਂ ਦੋਹਰਾਇਆ ਕਿ ਪੰਜਾਬ ਹਾਕੀ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਲਈ ਪੂਰੀ ਤਰ੍ਹਾਂ ਦ੍ਰਿੜ਼ ਹੈ।
