
ਚੰਡੀਗੜ੍ਹ, 25 ਜੂਨ 2026: ਪੰਜਾਬ ‘ਚ ਅੱਜ ਤੋਂ ਸ਼ੁਰੂ ਹੋਈ SIR ਮੁਹਿੰਮ, 25 ਹਜ਼ਾਰ BLO ਕਰਨਗੇ ਘਰ-ਘਰ ਜਾ ਕੇ ਵੋਟਰਾਂ ਦੀ ਤਸਦੀਕ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਵੋਟਰ ਸੂਚੀ ਨੂੰ ਅਪਡੇਟ ਕਰਨ ਲਈ ਸਪੈਸ਼ਲ ਇੰਟੈਂਸਿਵ ਰਿਵਿਜ਼ਨ (SIR) ਮੁਹਿੰਮ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਅਭਿਆਨ ਤਹਿਤ ਸੂਬੇ ਭਰ ਵਿੱਚ ਵੋਟਰਾਂ ਦੇ ਰਿਕਾਰਡਾਂ ਦੀ ਜਾਂਚ ਅਤੇ ਲੋੜੀਂਦੇ ਅਪਡੇਟ ਕੀਤੇ ਜਾਣਗੇ। ਮੁੱਖ ਚੋਣ ਅਧਿਕਾਰੀ ਦਫ਼ਤਰ ਅਨੁਸਾਰ ਕਰੀਬ 25 ਹਜ਼ਾਰ ਬੂਥ ਲੈਵਲ ਅਫਸਰ (BLO) ਘਰ-ਘਰ ਜਾ ਕੇ ਵੋਟਰਾਂ ਦੇ ਵੇਰਵਿਆਂ ਦੀ ਪੁਸ਼ਟੀ ਕਰਨਗੇ। ਇਹ ਮੁਹਿੰਮ 24 ਜੁਲਾਈ ਤੱਕ ਚੱਲੇਗੀ।
ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਨੇ ਪੰਜਾਬ ਭਵਨ ਵਿੱਚ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਦੌਰਾਨ ਕਿਹਾ ਕਿ ਇਹ ਪੂਰੀ ਪ੍ਰਕਿਰਿਆ ਭਾਰਤ ਦੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਕਰਵਾਈ ਜਾਵੇਗੀ।
2.14 ਕਰੋੜ ਤੋਂ ਵੱਧ ਵੋਟਰਾਂ ਦੇ ਰਿਕਾਰਡ ਹੋਣਗੇ ਅਪਡੇਟ
SIR ਮੁਹਿੰਮ ਦੌਰਾਨ BLO ਵੋਟਰਾਂ ਨੂੰ ਫਾਰਮ ਮੁਹੱਈਆ ਕਰਵਾਉਣਗੇ, ਉਨ੍ਹਾਂ ਦੀ ਜਾਣਕਾਰੀ ਦੀ ਜਾਂਚ ਕਰਨਗੇ ਅਤੇ ਲੋੜੀਂਦੇ ਸੋਧਾਂ ਲਈ ਵੇਰਵੇ ਇਕੱਠੇ ਕਰਨਗੇ। ਇਸ ਪ੍ਰਕਿਰਿਆ ਅਧੀਨ ਪੰਜਾਬ ਦੇ 2.14 ਕਰੋੜ ਤੋਂ ਵੱਧ ਵੋਟਰਾਂ ਦੇ ਰਿਕਾਰਡਾਂ ਦੀ ਤਸਦੀਕ ਅਤੇ ਅਪਡੇਟਿੰਗ ਕੀਤੀ ਜਾਵੇਗੀ।
3 ਅਗਸਤ ਨੂੰ ਜਾਰੀ ਹੋਵੇਗੀ ਡਰਾਫਟ ਵੋਟਰ ਸੂਚੀ
ਤਸਦੀਕ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ 3 ਅਗਸਤ 2026 ਨੂੰ ਡਰਾਫਟ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ। ਇਸ ਤੋਂ ਬਾਅਦ 2 ਸਤੰਬਰ ਤੱਕ ਨਾਗਰਿਕ ਨਾਮ ਜੋੜਨ, ਹਟਾਉਣ ਜਾਂ ਸੋਧ ਕਰਨ ਸਬੰਧੀ ਦਾਅਵੇ ਅਤੇ ਇਤਰਾਜ਼ ਦਰਜ ਕਰ ਸਕਣਗੇ। ਇਨ੍ਹਾਂ ਅਰਜ਼ੀਆਂ ਦਾ ਨਿਪਟਾਰਾ 28 ਸਤੰਬਰ ਤੱਕ ਕੀਤਾ ਜਾਵੇਗਾ ਅਤੇ ਅੰਤਿਮ ਵੋਟਰ ਸੂਚੀ 1 ਅਕਤੂਬਰ 2026 ਨੂੰ ਜਾਰੀ ਹੋਵੇਗੀ।
86 ਫੀਸਦੀ ਤੋਂ ਵੱਧ ਵੋਟਰਾਂ ਦੀ ਮੈਪਿੰਗ ਮੁਕੰਮਲ
ਚੋਣ ਅਧਿਕਾਰੀਆਂ ਮੁਤਾਬਕ ਸੂਬੇ ਵਿੱਚ ਹੁਣ ਤੱਕ 86.02 ਫੀਸਦੀ ਵੋਟਰਾਂ ਦੀ ਮੈਪਿੰਗ ਪੂਰੀ ਹੋ ਚੁੱਕੀ ਹੈ। ਜਿਨ੍ਹਾਂ ਵੋਟਰਾਂ ਦੀ ਮੈਪਿੰਗ ਅਜੇ ਬਾਕੀ ਹੈ, ਉਨ੍ਹਾਂ ਦੀ ਸੂਚੀ ਰਾਜਨੀਤਿਕ ਪਾਰਟੀਆਂ ਨਾਲ ਸਾਂਝੀ ਕੀਤੀ ਗਈ ਹੈ। ਚੋਣ ਕਮਿਸ਼ਨ ਨੇ ਸਾਰੀਆਂ ਪਾਰਟੀਆਂ ਨੂੰ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਹੈ।
ਵੋਟਰ ਸੂਚੀ ਵਿੱਚੋਂ ਨਾਮ ਕਿਵੇਂ ਹਟ ਸਕਦਾ ਹੈ?
ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਵੋਟਰ ਸੂਚੀ ਵਿੱਚ ਦਰਜ ਹਰ ਵੋਟਰ ਲਈ SIR ਫਾਰਮ ਭਰਨਾ ਜ਼ਰੂਰੀ ਹੈ। ਜੇਕਰ ਕੋਈ ਵੋਟਰ ਘਰ ਵਿੱਚ ਮੌਜੂਦ ਨਹੀਂ ਹੈ ਤਾਂ ਉਸ ਦੀ ਥਾਂ ਪਰਿਵਾਰ ਦਾ ਕੋਈ ਮੈਂਬਰ ਫਾਰਮ ਭਰ ਕੇ ਜਮ੍ਹਾਂ ਕਰਵਾ ਸਕਦਾ ਹੈ।
ਜਿਹੜੇ ਵੋਟਰ ਲੋੜੀਂਦੇ ਦਸਤਾਵੇਜ਼ਾਂ ਸਮੇਤ ਫਾਰਮ ਜਮ੍ਹਾਂ ਕਰਵਾ ਦੇਣਗੇ, ਉਨ੍ਹਾਂ ਦੇ ਨਾਮ ਵੋਟਰ ਸੂਚੀ ਵਿੱਚ ਬਰਕਰਾਰ ਰਹਿਣਗੇ। ਪਰ ਜਿਹੜੇ ਵੋਟਰ ਫਾਰਮ ਜਾਂ ਲਾਜ਼ਮੀ ਦਸਤਾਵੇਜ਼ ਜਮ੍ਹਾਂ ਨਹੀਂ ਕਰਵਾਉਣਗੇ, ਉਨ੍ਹਾਂ ਦੇ ਨਾਮ ਸੂਚੀ ਵਿੱਚੋਂ ਹਟਾਏ ਜਾ ਸਕਦੇ ਹਨ।
ਹਾਲਾਂਕਿ, ਅਜਿਹੇ ਵੋਟਰਾਂ ਨੂੰ ਦਸਤਾਵੇਜ਼ ਜਮ੍ਹਾਂ ਕਰਵਾਉਣ ਅਤੇ ਦਾਅਵਾ ਪੇਸ਼ ਕਰਨ ਲਈ ਲਗਭਗ ਦੋ ਮਹੀਨਿਆਂ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਜੇਕਰ ਇਸ ਮਿਆਦ ਅੰਦਰ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਜਾਂਦੇ ਹਨ ਤਾਂ ਉਨ੍ਹਾਂ ਦਾ ਨਾਮ ਵੋਟਰ ਸੂਚੀ ਵਿੱਚੋਂ ਨਹੀਂ ਕੱਟਿਆ ਜਾਵੇਗਾ।
