
ਚੰਡੀਗੜ੍ਹ, 21 ਅਗਸਤ 2026: ਕੌਮੀ ਇਨਸਾਫ਼ ਮੋਰਚੇ ਨਾਲ ਜੁੜੀਆਂ ਸਹਿਯੋਗੀ ਜਥੇਬੰਦੀਆਂ ਨੇ ਆਪਣੇ ਸਮਰਥਕਾਂ ਖ਼ਿਲਾਫ਼ ਕਥਿਤ ਪੁਲਿਸ ਕਾਰਵਾਈ, ਦਰਜ ਕੀਤੇ ਜਾ ਰਹੇ ਮਾਮਲਿਆਂ ਅਤੇ ਬੰਦੀ ਸਿੰਘਾਂ ਦੀ ਲਗਾਤਾਰ ਨਜ਼ਰਬੰਦੀ ਦੇ ਵਿਰੋਧ ਵਿੱਚ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਹ ਫੈਸਲਾ ਮੋਰਚੇ ਨਾਲ ਸਬੰਧਤ ਵੱਖ-ਵੱਖ ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ।
ਜਥੇਬੰਦੀਆਂ ਦੇ ਆਗੂਆਂ ਮੁਤਾਬਕ ਪੰਜਾਬ ਬੰਦ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਰਹੇਗਾ। ਇਸ ਦੌਰਾਨ ਬਾਜ਼ਾਰ, ਜਨਤਕ ਆਵਾਜਾਈ ਅਤੇ ਸੜਕੀ ਆਵਾਜਾਈ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਲੋਕਾਂ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ, ਇਸ ਲਈ ਬੰਦ ਦਾ ਸਮਾਂ ਸੱਤ ਘੰਟਿਆਂ ਤੱਕ ਸੀਮਤ ਰੱਖਿਆ ਗਿਆ ਹੈ।
ਜਥੇਬੰਦੀਆਂ ਨੇ ਇਹ ਵੀ ਕਿਹਾ ਹੈ ਕਿ ਬੰਦ ਦੌਰਾਨ ਸੜਕਾਂ ’ਤੇ ਆਵਾਜਾਈ ਰੋਕੀ ਜਾਵੇਗੀ। ਇਸ ਤੋਂ ਇਲਾਵਾ ਰੇਲ ਸੇਵਾਵਾਂ ਨੂੰ ਵੀ ਪ੍ਰਭਾਵਿਤ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਕਾਰਨ 21 ਅਗਸਤ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਆਵਾਜਾਈ ਅਤੇ ਆਮ ਜਨਜੀਵਨ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਸਕੂਲਾਂ ਦੀ ਛੁੱਟੀ ਨੂੰ ਲੈ ਕੇ ਭੰਬਲਭੂਸਾ
ਪੰਜਾਬ ਬੰਦ ਦੇ ਸੱਦੇ ਦਰਮਿਆਨ ਸਕੂਲਾਂ ਨੂੰ ਬੰਦ ਰੱਖਣ ਜਾਂ ਆਮ ਵਾਂਗ ਖੋਲ੍ਹਣ ਨੂੰ ਲੈ ਕੇ ਵੀ ਸਥਿਤੀ ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ ਸੀ। ਕੁਝ ਪ੍ਰਾਈਵੇਟ ਸਕੂਲਾਂ ਨੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਆਵਾਜਾਈ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਪੱਧਰ ’ਤੇ 21 ਅਗਸਤ ਨੂੰ ਛੁੱਟੀ ਦਾ ਐਲਾਨ ਕੀਤਾ ਹੈ।
ਖ਼ਾਸ ਤੌਰ ’ਤੇ ਮੁਹਾਲੀ ਅਤੇ ਖਰੜ ਦੇ ਕਈ ਪ੍ਰਾਈਵੇਟ ਸਕੂਲਾਂ ਵੱਲੋਂ ਮਾਪਿਆਂ ਨੂੰ ਸਕੂਲ ਬੰਦ ਰਹਿਣ ਸਬੰਧੀ ਸੁਨੇਹੇ ਭੇਜੇ ਗਏ ਹਨ। ਪ੍ਰਾਈਵੇਟ ਸਕੂਲਾਂ ਦੀ ਮੀਟਿੰਗ ਤੋਂ ਬਾਅਦ ਵੀ ਸਕੂਲਾਂ ਨੂੰ ਸਥਿਤੀ ਦੇ ਮੱਦੇਨਜ਼ਰ ਆਪਣੇ ਪੱਧਰ ’ਤੇ ਫੈਸਲਾ ਲੈਣ ਸਬੰਧੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।
ਸਰਕਾਰ ਵੱਲੋਂ ਨਹੀਂ ਜਾਰੀ ਕੀਤਾ ਗਿਆ ਛੁੱਟੀ ਦਾ ਹੁਕਮ
ਇਸ ਦੌਰਾਨ ਸਬੰਧਤ ਪ੍ਰਸ਼ਾਸਨ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਪੰਜਾਬ ਦੇ ਸਾਰੇ ਸਕੂਲਾਂ ਲਈ 21 ਅਗਸਤ ਦੀ ਛੁੱਟੀ ਸਬੰਧੀ ਕੋਈ ਸਰਕਾਰੀ ਹੁਕਮ ਜਾਰੀ ਨਹੀਂ ਕੀਤਾ ਗਿਆ। ਇਸ ਲਈ ਜਿਹੜੇ ਪ੍ਰਾਈਵੇਟ ਸਕੂਲ ਛੁੱਟੀ ਕਰ ਰਹੇ ਹਨ, ਉਹ ਆਪਣੇ ਪ੍ਰਬੰਧਨ ਦੇ ਪੱਧਰ ’ਤੇ ਫੈਸਲਾ ਲੈ ਰਹੇ ਹਨ।
ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਲੈ ਕੇ ਪੈਦਾ ਹੋਏ ਇਸ ਭੰਬਲਭੂਸੇ ਨੂੰ ਦੂਰ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਪੱਸ਼ਟ ਕੀਤਾ ਹੈ ਕਿ 21 ਅਗਸਤ ਨੂੰ ਪੰਜਾਬ ਦੇ ਸਕੂਲਾਂ ਵਿੱਚ ਕੋਈ ਸਰਕਾਰੀ ਛੁੱਟੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪ੍ਰਾਈਵੇਟ ਸਕੂਲ ਆਪਣੇ ਪੱਧਰ ’ਤੇ ਵਿਦਿਆਰਥੀਆਂ ਲਈ ਛੁੱਟੀ ਕਰਦਾ ਹੈ ਤਾਂ ਇਹ ਉਸ ਸਕੂਲ ਦਾ ਆਪਣਾ ਫੈਸਲਾ ਹੋਵੇਗਾ।
ਇਸ ਤਰ੍ਹਾਂ 21 ਅਗਸਤ ਦੇ ਪੰਜਾਬ ਬੰਦ ਨੂੰ ਲੈ ਕੇ ਸਰਕਾਰੀ ਪੱਧਰ ’ਤੇ ਸਕੂਲਾਂ ਲਈ ਛੁੱਟੀ ਦਾ ਕੋਈ ਐਲਾਨ ਨਹੀਂ ਕੀਤਾ ਗਿਆ, ਜਦਕਿ ਸੁਰੱਖਿਆ ਅਤੇ ਆਵਾਜਾਈ ਦੀ ਸਥਿਤੀ ਨੂੰ ਦੇਖਦਿਆਂ ਕੁਝ ਪ੍ਰਾਈਵੇਟ ਸਕੂਲਾਂ ਨੇ ਆਪਣੇ ਪੱਧਰ ’ਤੇ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਮਾਪਿਆਂ ਨੂੰ ਆਪਣੇ ਸਬੰਧਤ ਸਕੂਲ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ।
