
ਚੰਡੀਗੜ੍ਹ, 21 ਅਗਸਤ 2026: ਪੰਜਾਬ ਦੇ ਸਿੱਖਿਆ ਖੇਤਰ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸਰਕਾਰੀ ਵਿਕਟੋਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਦੇ ਅਧਿਆਪਕ ਸ੍ਰੀ ਦਿਨੇਸ਼ ਕੁਮਾਰ ਨੂੰ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਅਤੇ ਮਿਸਾਲੀ ਯੋਗਦਾਨ ਲਈ ਕੌਮੀ ਅਧਿਆਪਕ ਪੁਰਸਕਾਰ-2026 ਲਈ ਚੁਣਿਆ ਗਿਆ ਹੈ। ਉਨ੍ਹਾਂ ਦੀ ਇਸ ਉਪਲਬਧੀ ਨਾਲ ਪੰਜਾਬ ਦਾ ਨਾਂ ਰਾਸ਼ਟਰੀ ਪੱਧਰ ’ਤੇ ਰੌਸ਼ਨ ਹੋਇਆ ਹੈ।
ਕੌਮੀ ਅਧਿਆਪਕ ਪੁਰਸਕਾਰ ਦੇਸ਼ ਦੇ ਅਧਿਆਪਕਾਂ ਲਈ ਸਭ ਤੋਂ ਵੱਕਾਰੀ ਸਨਮਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਪੁਰਸਕਾਰ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਭਾਰਤ ਦੇ ਰਾਸ਼ਟਰਪਤੀ ਵੱਲੋਂ ਉਨ੍ਹਾਂ ਅਧਿਆਪਕਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਉਤਕ੍ਰਿਸ਼ਟ ਕਾਰਗੁਜ਼ਾਰੀ, ਨਵੀਨਤਮ ਤਰੀਕਿਆਂ, ਵਿਦਿਆਰਥੀ-ਕੇਂਦਰਿਤ ਪਹੁੰਚ ਅਤੇ ਸਮਰਪਣ ਰਾਹੀਂ ਵਿਸ਼ੇਸ਼ ਯੋਗਦਾਨ ਪਾਇਆ ਹੋਵੇ।
ਸ੍ਰੀ ਦਿਨੇਸ਼ ਕੁਮਾਰ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਦਿਨੇਸ਼ ਕੁਮਾਰ ਦਾ ਰਾਸ਼ਟਰੀ ਪੱਧਰ ’ਤੇ ਸਨਮਾਨ ਪੰਜਾਬ ਦੇ ਸਮੁੱਚੇ ਅਧਿਆਪਕ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਅਤੇ ਉਹ ਸੂਬੇ ਦੇ ਹੋਰ ਅਧਿਆਪਕਾਂ ਲਈ ਵੀ ਪ੍ਰੇਰਨਾ ਦਾ ਸਰੋਤ ਹਨ।
ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਸਨਮਾਨ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਅਣਥੱਕ ਯਤਨਾਂ, ਨਵੀਨਤਮ ਸਿੱਖਿਆ ਪੱਧਤੀਆਂ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਸਿਰਫ਼ ਕਲਾਸਰੂਮ ਤੱਕ ਸੀਮਿਤ ਰਹਿ ਕੇ ਨਹੀਂ, ਸਗੋਂ ਵਿਦਿਆਰਥੀਆਂ ਨੂੰ ਬਿਹਤਰ ਭਵਿੱਖ ਲਈ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਅਧਿਆਪਕਾਂ ਨੂੰ ਆਧੁਨਿਕ ਸਿੱਖਿਆ ਤਕਨੀਕਾਂ ਤੇ ਹੁਨਰਾਂ ਨਾਲ ਲੈਸ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਸਰਕਾਰ ਦਾ ਉਦੇਸ਼ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਅਤੇ ਆਧੁਨਿਕ ਸਿੱਖਿਆ ਮੁਹੱਈਆ ਕਰਵਾਉਣ ਦੇ ਨਾਲ-ਨਾਲ ਅਧਿਆਪਕਾਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਲਈ ਬਣਦਾ ਮਾਣ-ਸਨਮਾਨ ਦੇਣਾ ਵੀ ਹੈ।
ਸ੍ਰੀ ਬੈਂਸ ਨੇ ਕਿਹਾ ਕਿ ਦਿਨੇਸ਼ ਕੁਮਾਰ ਦੀ ਇਹ ਉਪਲਬਧੀ ਪੰਜਾਬ ਦੇ ਸਮੁੱਚੇ ਅਧਿਆਪਕ ਵਰਗ ਦਾ ਮਨੋਬਲ ਹੋਰ ਉੱਚਾ ਕਰੇਗੀ। ਇਸ ਤਰ੍ਹਾਂ ਦੇ ਰਾਸ਼ਟਰੀ ਸਨਮਾਨ ਅਧਿਆਪਕਾਂ ਨੂੰ ਨਵੀਆਂ ਪਹਿਲਕਦਮੀਆਂ ਕਰਨ, ਸਿੱਖਿਆ ਦੇ ਖੇਤਰ ਵਿੱਚ ਨਵੀਨਤਾ ਲਿਆਉਣ ਅਤੇ ਵਿਦਿਆਰਥੀਆਂ ਦੇ ਹਿੱਤ ਵਿੱਚ ਹੋਰ ਸਮਰਪਣ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰਦੇ ਹਨ।
ਉਨ੍ਹਾਂ ਕਿਹਾ ਕਿ ਅਧਿਆਪਕ ਕਿਸੇ ਵੀ ਸਮਾਜ ਦੇ ਨਿਰਮਾਣ ਵਿੱਚ ਬੁਨਿਆਦੀ ਭੂਮਿਕਾ ਨਿਭਾਉਂਦੇ ਹਨ। ਇਸ ਲਈ ਅਜਿਹੇ ਸਨਮਾਨ ਨਾ ਸਿਰਫ਼ ਵਿਅਕਤੀਗਤ ਪ੍ਰਾਪਤੀ ਹੁੰਦੇ ਹਨ, ਸਗੋਂ ਇਹ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਅਤੇ ਅਧਿਆਪਕਾਂ ਦੀ ਸਮਰੱਥਾ ਦਾ ਰਾਸ਼ਟਰੀ ਪੱਧਰ ’ਤੇ ਪ੍ਰਗਟਾਵਾ ਵੀ ਕਰਦੇ ਹਨ।
