Sunday, September 13Punjabi People

ਮਾਨ ਸਰਕਾਰ ਦਾ ਗੰਨੇ ਦੀ ਪੈਦਾਵਾਰ ਵਧਾਉਣ ’ਤੇ ਫੋਕਸ, 700 ਲੱਖ ਕੁਇੰਟਲ ਦਾ ਟੀਚਾ: ਗੁਰਮੀਤ ਸਿੰਘ ਖੁੱਡੀਆਂ

ਚੰਡੀਗੜ੍ਹ, 13 ਸਤੰਬਰ 2026: ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੂਬੇ ਵਿੱਚ ਇਸ ਸੀਜ਼ਨ ਦੌਰਾਨ ਗੰਨੇ ਦੀ ਕਾਸ਼ਤ ਹੇਠ ਰਕਬਾ ਵਧ ਕੇ 1.16 ਲੱਖ ਹੈਕਟੇਅਰ ਹੋ ਗਿਆ ਹੈ। ਪੰਜਾਬ ਸਰਕਾਰ ਨੇ ਇਸ ਸੀਜ਼ਨ ਵਿੱਚ ਲਗਭਗ 700 ਲੱਖ ਕੁਇੰਟਲ ਗੰਨੇ ਦੀ ਪੈਦਾਵਾਰ ਦਾ ਟੀਚਾ ਰੱਖਿਆ ਹੈ।

ਸ. ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਗੰਨੇ ਦੀ ਫ਼ਸਲ ਨੂੰ ਕਣਕ ਅਤੇ ਝੋਨੇ ਦੀ ਤਰ੍ਹਾਂ ਵਧੇਰੇ ਲਾਹੇਵੰਦ ਬਣਾਉਣ ਲਈ ਬਹੁ-ਪੱਖੀ ਰਣਨੀਤੀ ਅਪਣਾਈ ਜਾ ਰਹੀ ਹੈ। ਇਸ ਤਹਿਤ ਖੇਤੀ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ, ਆਧੁਨਿਕ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਅਤੇ ਗੰਨਾ ਕਾਸ਼ਤਕਾਰਾਂ ਨੂੰ ਵਿੱਤੀ ਪ੍ਰੋਤਸਾਹਨ ਦੇਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਗੰਨੇ ਨੂੰ ਕਣਕ ਅਤੇ ਝੋਨੇ ਤੋਂ ਬਾਅਦ ਪੰਜਾਬ ਦੀ ਤੀਜੀ ਪ੍ਰਮੁੱਖ ਫ਼ਸਲ ਦੱਸਦਿਆਂ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਆਧੁਨਿਕ ਖੇਤੀ ਤਕਨੀਕਾਂ ਨੂੰ ਵੱਡੇ ਪੱਧਰ ’ਤੇ ਅਪਣਾ ਕੇ ਗੰਨੇ ਦੀ ਪੈਦਾਵਾਰ ਵਧਾਉਣਾ, ਖੰਡ ਦੀ ਰਿਕਵਰੀ ਵਿੱਚ ਸੁਧਾਰ ਕਰਨਾ ਅਤੇ ਕਿਸਾਨਾਂ ਦੀ ਉਤਪਾਦਨ ਲਾਗਤ ਘਟਾਉਣਾ ਹੈ।

ਸਰਕਾਰੀ ਅੰਕੜਿਆਂ ਅਨੁਸਾਰ, ਪੰਜਾਬ ਵਿੱਚ ਗੰਨੇ ਹੇਠ ਰਕਬਾ 2025-26 ਦੇ 1,11,818 ਹੈਕਟੇਅਰ ਤੋਂ ਵਧ ਕੇ 2026-27 ਵਿੱਚ 1,16,131 ਹੈਕਟੇਅਰ ਹੋ ਗਿਆ ਹੈ। ਅਨੁਕੂਲ ਮੌਸਮ ਰਹਿਣ ਦੀ ਸੂਰਤ ਵਿੱਚ ਇਸ ਸੀਜ਼ਨ ਦੌਰਾਨ 700 ਲੱਖ ਕੁਇੰਟਲ ਗੰਨੇ ਦੀ ਪੈਦਾਵਾਰ ਹੋਣ ਦੀ ਉਮੀਦ ਹੈ। ਕੁੱਲ ਰਕਬੇ ਵਿੱਚੋਂ 17,662 ਹੈਕਟੇਅਰ ਪਤਝੜ ਰੁੱਤ, 51,174 ਹੈਕਟੇਅਰ ਬਹਾਰ ਰੁੱਤ ਅਤੇ 47,295 ਹੈਕਟੇਅਰ ਮੋਡੀ (ਰੈਟੂਨ) ਫ਼ਸਲ ਅਧੀਨ ਹੈ।

ਸ. ਖੁੱਡੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਸਰਗਰਮ ਉਪਰਾਲਿਆਂ ਅਤੇ ਮੌਸਮ ਦੇ ਅਨੁਕੂਲ ਰਹਿਣ ਦੀ ਉਮੀਦ ਦੇ ਮੱਦੇਨਜ਼ਰ ਆਉਣ ਵਾਲੇ ਸੀਜ਼ਨ ਵਿੱਚ ਗੰਨੇ ਦੀ ਪੈਦਾਵਾਰ ਦੇ ਨਾਲ-ਨਾਲ ਖੰਡ ਦੀ ਰਿਕਵਰੀ ਵਿੱਚ ਵੀ ਮਹੱਤਵਪੂਰਨ ਸੁਧਾਰ ਦੀ ਆਸ ਹੈ।

ਉਨ੍ਹਾਂ ਦੱਸਿਆ ਕਿ ਸੀਜ਼ਨ 2026-27 ਲਈ ਸਿਫ਼ਾਰਸ਼ ਕੀਤੀਆਂ ਗੰਨਾ ਕਾਸ਼ਤ ਤਕਨੀਕਾਂ ਦੇ ਪ੍ਰਦਰਸ਼ਨੀ ਪਲਾਟ ਲਗਾਉਣ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 3,200 ਰੁਪਏ ਦਾ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। ਇਹ ਯੋਜਨਾ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਫਤਿਹਗੜ੍ਹ ਸਾਹਿਬ, ਰੂਪਨਗਰ, ਐਸ.ਏ.ਐਸ. ਨਗਰ, ਪਟਿਆਲਾ, ਫਾਜ਼ਿਲਕਾ, ਫਰੀਦਕੋਟ ਅਤੇ ਕਪੂਰਥਲਾ ਸਮੇਤ 12 ਜ਼ਿਲ੍ਹਿਆਂ ਵਿੱਚ ਲਾਗੂ ਕੀਤੀ ਜਾ ਰਹੀ ਹੈ।

ਇਨ੍ਹਾਂ ਪ੍ਰਦਰਸ਼ਨੀ ਪਲਾਟਾਂ ਰਾਹੀਂ ਚੌੜੀ ਕਤਾਰਬੰਦੀ, ਟ੍ਰੈਂਚ ਪਲਾਂਟਿੰਗ, ਇੰਟਰਕਰੌਪਿੰਗ, ਮਲਚਿੰਗ ਅਤੇ ਵਿਗਿਆਨਕ ਰੈਟੂਨ ਪ੍ਰਬੰਧਨ ਵਰਗੀਆਂ ਆਧੁਨਿਕ ਤਕਨੀਕਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਤਾਂ ਜੋ ਖੇਤੀ ਲਾਗਤ ਘਟਾਉਣ ਦੇ ਨਾਲ ਗੰਨੇ ਦਾ ਝਾੜ ਵੀ ਵਧਾਇਆ ਜਾ ਸਕੇ।

ਖੇਤਾਂ ਵਿੱਚ ਮਜ਼ਦੂਰਾਂ ਦੀ ਘਾਟ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਖੇਤੀ ਮਸ਼ੀਨੀਕਰਨ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤਹਿਤ ਸ਼ੂਗਰਕੇਨ ਹਾਰਵੈਸਟਰ, ਛੋਟੇ ਟਰੈਕਟਰ, ਗੰਨਾ ਪਲਾਂਟਰ ਅਤੇ ਰੈਟੂਨ ਮੈਨੇਜਰਾਂ ਸਮੇਤ ਵੱਖ-ਵੱਖ ਖੇਤੀ ਉਪਕਰਣਾਂ ’ਤੇ 40 ਫ਼ੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਸ. ਖੁੱਡੀਆਂ ਨੇ ਕਿਹਾ ਕਿ ਮਸ਼ੀਨੀਕਰਨ ਹੁਣ ਸਿਰਫ਼ ਇੱਕ ਵਿਕਲਪ ਨਹੀਂ, ਸਗੋਂ ਸਮੇਂ ਦੀ ਲੋੜ ਬਣ ਚੁੱਕਾ ਹੈ ਅਤੇ ਸਰਕਾਰ ਦਾ ਉਦੇਸ਼ ਇਨ੍ਹਾਂ ਮਸ਼ੀਨਾਂ ਨੂੰ ਕਿਸਾਨਾਂ ਲਈ ਕਿਫਾਇਤੀ ਅਤੇ ਆਸਾਨੀ ਨਾਲ ਉਪਲਬਧ ਕਰਵਾਉਣਾ ਹੈ।

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ), ਖੇਤੀਬਾੜੀ ਵਿਭਾਗ ਅਤੇ ਖੰਡ ਮਿੱਲਾਂ ਦੀਆਂ ਸਾਂਝੀਆਂ ਟੀਮਾਂ ਵੱਲੋਂ ਸੂਬੇ ਭਰ ਵਿੱਚ ਜਾਗਰੂਕਤਾ ਅਤੇ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਵਿੱਚ ਵਾਈਡ ਸਪੇਸਿੰਗ ਟ੍ਰੈਂਚ ਪਲਾਂਟਿੰਗ, ਪ੍ਰਾਇਮਰੀ ਬੀਜ ਨਰਸਰੀਆਂ, ਰੋਗ-ਮੁਕਤ ਪ੍ਰਮਾਣਿਤ ਬੀਜ, ਸੰਤੁਲਿਤ ਖਾਦ ਦੀ ਵਰਤੋਂ, ਏਕੀਕ੍ਰਿਤ ਕੀਟ ਪ੍ਰਬੰਧਨ ਅਤੇ ਰੈਟੂਨ ਪ੍ਰਬੰਧਨ ਵਰਗੀਆਂ ਤਕਨੀਕਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਹੁਣ ਤੱਕ 14 ਵੈਬੀਨਾਰਾਂ ਰਾਹੀਂ ਕਰੀਬ 1,100 ਕਿਸਾਨਾਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ, ਜਦਕਿ 320 ਸਿਖਲਾਈ ਕੈਂਪਾਂ ਰਾਹੀਂ 15,000 ਤੋਂ ਵੱਧ ਕਿਸਾਨਾਂ ਤੱਕ ਸਿੱਧੀ ਪਹੁੰਚ ਬਣਾਈ ਗਈ ਹੈ। ਇਸ ਤੋਂ ਇਲਾਵਾ ਫੇਸਬੁੱਕ, ਯੂਟਿਊਬ ਅਤੇ ਖੇਤੀਬਾੜੀ ਵਿਭਾਗ ਦੇ ਫੀਲਡ ਸਟਾਫ ਰਾਹੀਂ ਵੀ ਕਿਸਾਨਾਂ ਨੂੰ ਤਕਨੀਕੀ ਮਾਰਗਦਰਸ਼ਨ ਦਿੱਤਾ ਜਾ ਰਿਹਾ ਹੈ।

ਸ. ਖੁੱਡੀਆਂ ਨੇ ਕਿਹਾ ਕਿ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਖੇਤ ਮਜ਼ਦੂਰ ਗੰਨੇ ਦੀ ਫ਼ਸਲ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦੀ ਆਰਥਿਕ ਖੁਸ਼ਹਾਲੀ ਇਸ ਫ਼ਸਲ ਨਾਲ ਸਿੱਧੇ ਤੌਰ ’ਤੇ ਜੁੜੀ ਹੋਈ ਹੈ। ਇਸ ਲਈ ਗੰਨੇ ਦੀ ਕਾਸ਼ਤ ਨੂੰ ਵਧੇਰੇ ਲਾਹੇਵੰਦ, ਟਿਕਾਊ ਅਤੇ ਭਵਿੱਖ ਦੀਆਂ ਲੋੜਾਂ ਅਨੁਸਾਰ ਬਣਾਉਣਾ ਸਰਕਾਰ ਦੀ ਮੁੱਖ ਤਰਜੀਹ ਹੈ।ਉਨ੍ਹਾਂ ਕਿਹਾ ਕਿ ਵਿੱਤੀ ਪ੍ਰੋਤਸਾਹਨ, ਆਧੁਨਿਕ ਤਕਨੀਕਾਂ, ਕਿਸਾਨਾਂ ਦੀ ਸਿਖਲਾਈ ਅਤੇ ਖੇਤੀ ਮਸ਼ੀਨੀਕਰਨ ’ਤੇ ਆਧਾਰਿਤ ਸਰਕਾਰ ਦੀ ਇਹ ਬਹੁ-ਪੱਖੀ ਰਣਨੀਤੀ ਗੰਨੇ ਦੀ ਕਾਸ਼ਤ ਨੂੰ ਵਧੇਰੇ ਮੁਨਾਫ਼ੇ ਵਾਲਾ ਕਿੱਤਾ ਬਣਾਉਣ ਵਿੱਚ ਮਦਦ ਕਰੇਗੀ।

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਇਸ ਪਹੁੰਚ ਨਾਲ ਖੇਤੀ ਲਾਗਤਾਂ ਘਟਣ, ਉਤਪਾਦਕਤਾ ਵਧਣ ਅਤੇ ਖੰਡ ਦੀ ਰਿਕਵਰੀ ਵਿੱਚ ਸੁਧਾਰ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਗੰਨਾ ਉਤਪਾਦਕਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਉਚਿਤ ਲਾਭ ਦਿਵਾਉਣ ਅਤੇ ਸੂਬੇ ਦੀ ਖੇਤੀ ਨੂੰ ਹੋਰ ਆਧੁਨਿਕ ਤੇ ਮਜ਼ਬੂਤ ਬਣਾਉਣ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।

Leave a Reply

Your email address will not be published. Required fields are marked *