Saturday, May 23Punjabi People

ਫਾਜ਼ਿਲਕਾ ਵਿੱਚ ਸਰਹੱਦ ਪਾਰੋਂ ਤਸਕਰੀ ਦੀ ਵੱਡੀ ਕੋਸ਼ਿਸ਼ ਨਾਕਾਮ; 21 ਅਧੁਨਿਕ ਪਿਸਤੌਲ ਅਤੇ 2.1 ਕਿਲੋਗ੍ਰਾਮ ਹੈਰੋਇਨ ਬਰਾਮਦ

ਚੰਡੀਗੜ੍ਹ/ਫਾਜ਼ਿਲਕਾ, 29 ਜਨਵਰੀ 2026: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲ ਰਹੀ ਮੁਹਿੰਮ ਤਹਿਤ ਕਾਊਂਟਰ ਇੰਟੈਲੀਜੈਂਸ (ਸੀਆਈ) ਫਰੀਦਕੋਟ ਨੇ ਸੀਮਾ ਸੁਰੱਖਿਆ ਬਲ (ਬੀਐਸਐਫ) ਨਾਲ ਸਾਂਝੇ ਤੌਰ ’ਤੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਾਂਝੀ ਕਾਰਵਾਈ ਦੌਰਾਨ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਤੇਜਾ ਰੁਹੇਲਾ ਵਿੱਚ ਸਥਿਤ ਸਰਹੱਦੀ ਚੌਕੀ ਬੀਓਪੀ ਜੀਜੀ–3 ਨੇੜੇ ਸਰਹੱਦ ਪਾਰੋਂ ਕੀਤੀ ਜਾ ਰਹੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ 2.1 ਕਿਲੋਗ੍ਰਾਮ ਹੈਰੋਇਨ ਅਤੇ 21 ਅਤਿ-ਆਧੁਨਿਕ ਪਿਸਤੌਲਾਂ ਸਮੇਤ ਵੱਡੀ ਮਾਤਰਾ ਵਿੱਚ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸਾਂਝੀ ਕੀਤੀ।

ਡੀਜੀਪੀ ਨੇ ਦੱਸਿਆ ਕਿ ਬਰਾਮਦ ਹਥਿਆਰਾਂ ਵਿੱਚ 22 ਮੈਗਜ਼ੀਨਾਂ ਸਮੇਤ 11 ਗਲੌਕ ਪਿਸਤੌਲ, ਇੱਕ ਮੈਗਜ਼ੀਨ ਸਮੇਤ ਇੱਕ ਬਰੇਟਾ ਪਿਸਤੌਲ, 10 ਮੈਗਜ਼ੀਨਾਂ ਸਮੇਤ ਪੰਜ ਜ਼ਿਗਾਨਾ ਪਿਸਤੌਲ, ਪੰਜ ਮੈਗਜ਼ੀਨਾਂ ਸਮੇਤ ਤਿੰਨ ਨੋਰਿੰਕੋ ਪਿਸਤੌਲ, ਇੱਕ ਮੈਗਜ਼ੀਨ ਸਮੇਤ ਇੱਕ ਗੱਫਰ ਸਕਿਉਰਿਟੀ ਪਿਸਤੌਲ (ਐਮਪੀ–5 ਕਿਸਮ) ਅਤੇ 310 ਜ਼ਿੰਦਾ ਕਾਰਤੂਸ (9 ਐਮਐਮ) ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਅਧਾਰਤ ਤਸਕਰਾਂ ਵੱਲੋਂ ਜ਼ੀਰੋ ਲਾਈਨ ਪਾਰ ਕਰਕੇ ਰਾਤ ਦੇ ਹਨੇਰੇ ਅਤੇ ਸੰਘਣੀ ਧੁੰਦ ਦਾ ਫਾਇਦਾ ਚੁੱਕਦਿਆਂ ਭਾਰਤੀ ਖੇਤਰ ਵਿੱਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਭੇਜਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਬੀਐਸਐਫ ਦੇ ਚੌਕਸ ਜਵਾਨਾਂ ਨੇ ਤੁਰੰਤ ਜਵਾਬੀ ਕਾਰਵਾਈ ਕਰਦਿਆਂ ਗੋਲੀਆਂ ਚਲਾਈਆਂ, ਜਿਸ ਉਪਰੰਤ ਕਾਊਂਟਰ ਇੰਟੈਲੀਜੈਂਸ ਨਾਲ ਮਿਲ ਕੇ ਚਲਾਏ ਗਏ ਸਾਂਝੇ ਸਰਚ ਆਪ੍ਰੇਸ਼ਨ ਰਾਹੀਂ ਇਸ ਕੋਸ਼ਿਸ਼ ਨੂੰ ਪੂਰੀ ਤਰ੍ਹਾਂ ਨਾਕਾਮ ਕਰ ਦਿੱਤਾ ਗਿਆ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਏਆਈਜੀ ਕਾਊਂਟਰ ਇੰਟੈਲੀਜੈਂਸ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਭਰੋਸੇਯੋਗ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਟੀਮਾਂ ਨੇ ਬੀਐਸਐਫ ਫਾਜ਼ਿਲਕਾ ਨਾਲ ਮਿਲ ਕੇ ਵੀਰਵਾਰ ਸਵੇਰੇ ਪਿੰਡ ਤੇਜਾ ਰੁਹੇਲਾ ਦੇ ਇਲਾਕੇ ਵਿੱਚ ਇੱਕ ਯੋਜਨਾਬੱਧ ਸਾਂਝਾ ਆਪ੍ਰੇਸ਼ਨ ਅਮਲ ਵਿੱਚ ਲਿਆਂਦਾ। ਜਦੋਂ ਪਾਕਿਸਤਾਨੀ ਤਸਕਰਾਂ ਨੇ ਖੇਪ ਅੱਗੇ ਭੇਜਣ ਦੀ ਕੋਸ਼ਿਸ਼ ਕੀਤੀ ਤਾਂ ਬੀਐਸਐਫ ਦੇ ਜਵਾਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਇਸ ਯਤਨ ਨੂੰ ਨਾਕਾਮ ਬਣਾ ਦਿੱਤਾ, ਜਿਸ ਦੇ ਨਤੀਜੇ ਵਜੋਂ ਮੌਕੇ ਤੋਂ ਹਥਿਆਰਾਂ, ਗੋਲਾ-ਬਾਰੂਦ ਅਤੇ ਨਸ਼ੀਲੇ ਪਦਾਰਥਾਂ ਦੀ ਵੱਡੀ ਬਰਾਮਦਗੀ ਹੋਈ।

ਏਆਈਜੀ ਨੇ ਕਿਹਾ ਕਿ ਇਸ ਮਾਮਲੇ ਨਾਲ ਜੁੜੇ ਸਥਾਨਕ ਤਸਕਰਾਂ ਦੀ ਪਛਾਣ ਕਰਨ ਅਤੇ ਪੂਰੇ ਨਾਰਕੋ-ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

ਇਸ ਸਬੰਧ ਵਿੱਚ ਥਾਣਾ ਐਸਐਸਓਸੀ ਫਾਜ਼ਿਲਕਾ ਵਿਖੇ ਐਫਆਈਆਰ ਨੰਬਰ 01 ਮਿਤੀ 29-01-2026 ਨੂੰ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21-ਸੀ ਅਤੇ 29 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਦਰਜ ਕੀਤੀ ਗਈ ਹੈ।

Leave a Reply

Your email address will not be published. Required fields are marked *