
ਚੰਡੀਗੜ੍ਹ, 10 ਜੁਲਾਈ 2026: ਪੰਜਾਬ ਸਰਕਾਰ ਨੇ ਆਰਥਿਕ ਤੌਰ ‘ਤੇ ਕਮਜ਼ੋਰ ਅਤੇ ਲੋੜਵੰਦ ਪਰਿਵਾਰਾਂ ਲਈ ਪੋਸ਼ਣ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਆਪਣੀ ਮਹੱਤਵਪੂਰਨ ‘ਮੇਰੀ ਰਸੋਈ’ ਰਾਸ਼ਨ ਕਿੱਟ ਵੰਡ ਮੁਹਿੰਮ ਨੂੰ ਮਿਸ਼ਨ ਮੋਡ ਵਿੱਚ ਹੋਰ ਤੇਜ਼ ਕਰ ਦਿੱਤਾ ਹੈ। ਇਸ ਲੋਕ-ਭਲਾਈ ਪਹਿਲਕਦਮੀ ਤਹਿਤ ਹੁਣ ਤੱਕ ਸੂਬੇ ਦੇ ਲਗਭਗ 25.03 ਲੱਖ ਯੋਗ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ, ਜਦਕਿ ਸਰਕਾਰ ਦਾ ਟੀਚਾ ਹਰ ਤਿੰਨ ਮਹੀਨਿਆਂ ਬਾਅਦ ਰਾਜ ਦੇ 40.48 ਲੱਖ ਯੋਗ ਪਰਿਵਾਰਾਂ ਤੱਕ ਇਹ ਕਿੱਟਾਂ ਪਹੁੰਚਾਉਣਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਅਗਵਾਈ ਅਤੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਨਿਰੰਤਰ ਨਿਗਰਾਨੀ ਹੇਠ ਚੱਲ ਰਹੀ ਇਹ ਯੋਜਨਾ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ ਰੋਜ਼ਾਨਾ ਦੀਆਂ ਰਸੋਈ ਲੋੜਾਂ ਨੂੰ ਪੂਰਾ ਕਰਨ ਲਈ ਇੱਕ ਮਹੱਤਵਪੂਰਨ ਕਦਮ ਸਾਬਤ ਹੋ ਰਹੀ ਹੈ। ਸਰਕਾਰ ਵੱਲੋਂ ਇਸ ਮੁਹਿੰਮ ਨੂੰ ਪੂਰੀ ਪਾਰਦਰਸ਼ਤਾ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਾਰੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਸਰਗਰਮ ਕੀਤਾ ਗਿਆ ਹੈ।
‘ਮੇਰੀ ਰਸੋਈ’ ਯੋਜਨਾ ਤਹਿਤ ਹਰੇਕ ਯੋਗ ਪਰਿਵਾਰ ਨੂੰ ਇੱਕ ਵਿਸ਼ੇਸ਼ ਰਾਸ਼ਨ ਕਿੱਟ ਦਿੱਤੀ ਜਾਂਦੀ ਹੈ, ਜਿਸ ਵਿੱਚ ਘਰੇਲੂ ਪੋਸ਼ਣ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਦੋ ਕਿਲੋਗ੍ਰਾਮ ਦਾਲਾਂ, ਦੋ ਕਿਲੋਗ੍ਰਾਮ ਖੰਡ, ਇੱਕ ਕਿਲੋਗ੍ਰਾਮ ਨਮਕ, 200 ਗ੍ਰਾਮ ਹਲਦੀ ਪਾਊਡਰ ਅਤੇ ਇੱਕ ਲੀਟਰ ਸਰ੍ਹੋਂ ਦਾ ਤੇਲ ਸ਼ਾਮਲ ਹੁੰਦਾ ਹੈ। ਇਹ ਕਿੱਟਾਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 ਅਧੀਨ ਪਹਿਲਾਂ ਤੋਂ ਮਿਲ ਰਹੀ ਕਣਕ ਤੋਂ ਇਲਾਵਾ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਪਰਿਵਾਰਾਂ ਨੂੰ ਸਿਰਫ਼ ਅਨਾਜ ਹੀ ਨਹੀਂ, ਸਗੋਂ ਪ੍ਰੋਟੀਨ, ਖਾਣ ਵਾਲਾ ਤੇਲ ਅਤੇ ਹੋਰ ਜ਼ਰੂਰੀ ਖੁਰਾਕੀ ਸਮੱਗਰੀ ਵੀ ਉਪਲਬਧ ਹੋ ਸਕੇ।
ਇਨ੍ਹਾਂ ਰਾਸ਼ਨ ਕਿੱਟਾਂ ਦੀ ਤਿਆਰੀ ਮਾਰਕਫੈੱਡ ਵੱਲੋਂ ਕੀਤੀ ਜਾਂਦੀ ਹੈ, ਜਦਕਿ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਰਾਜ ਭਰ ਵਿੱਚ ਉਨ੍ਹਾਂ ਦੀ ਸਮੇਂ ਸਿਰ ਅਤੇ ਸੁਚਾਰੂ ਵੰਡ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਨਿਗਰਾਨੀ ਕਰ ਰਿਹਾ ਹੈ।
ਹੁਣ ਤੱਕ ਵੰਡੀਆਂ ਗਈਆਂ 25.03 ਲੱਖ ਰਾਸ਼ਨ ਕਿੱਟਾਂ ਵਿੱਚ ਲੁਧਿਆਣਾ 2,71,433 ਕਿੱਟਾਂ ਨਾਲ ਪਹਿਲੇ ਸਥਾਨ ‘ਤੇ ਹੈ। ਇਸ ਤੋਂ ਬਾਅਦ ਪਟਿਆਲਾ ਵਿੱਚ 1,83,694, ਬਠਿੰਡਾ ਵਿੱਚ 1,52,020, ਅੰਮ੍ਰਿਤਸਰ ਵਿੱਚ 1,44,082, ਸੰਗਰੂਰ ਵਿੱਚ 1,42,444 ਅਤੇ ਫਾਜ਼ਿਲਕਾ ਵਿੱਚ 1,39,759 ਰਾਸ਼ਨ ਕਿੱਟਾਂ ਵੰਡੀਆਂ ਜਾ ਚੁੱਕੀਆਂ ਹਨ।
ਇਸੇ ਤਰ੍ਹਾਂ ਜਲੰਧਰ ਵਿੱਚ 1,34,960, ਸ੍ਰੀ ਮੁਕਤਸਰ ਸਾਹਿਬ ਵਿੱਚ 1,30,362, ਤਰਨ ਤਾਰਨ ਵਿੱਚ 1,28,228, ਹੁਸ਼ਿਆਰਪੁਰ ਵਿੱਚ 1,10,962, ਫਿਰੋਜ਼ਪੁਰ ਵਿੱਚ 1,04,069, ਗੁਰਦਾਸਪੁਰ ਵਿੱਚ 1,02,894, ਮੋਗਾ ਵਿੱਚ 87,984, ਫਤਿਹਗੜ੍ਹ ਸਾਹਿਬ ਵਿੱਚ 80,305, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿੱਚ 75,637, ਫਰੀਦਕੋਟ ਵਿੱਚ 71,896, ਕਪੂਰਥਲਾ ਵਿੱਚ 71,785, ਪਠਾਨਕੋਟ ਵਿੱਚ 70,037, ਬਰਨਾਲਾ ਵਿੱਚ 64,950, ਰੂਪਨਗਰ ਵਿੱਚ 49,446, ਮਲੇਰਕੋਟਲਾ ਵਿੱਚ 49,045 ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ 42,737 ਰਾਸ਼ਨ ਕਿੱਟਾਂ ਲਾਭਪਾਤਰੀਆਂ ਤੱਕ ਪਹੁੰਚਾਈਆਂ ਗਈਆਂ ਹਨ।
ਸਰਕਾਰ ਦਾ ਮੰਨਣਾ ਹੈ ਕਿ ਇਸ ਪਹਿਲਕਦਮੀ ਨਾਲ ਲੋੜਵੰਦ ਪਰਿਵਾਰਾਂ ਦੀਆਂ ਰਸੋਈਆਂ ਤੱਕ ਕੇਵਲ ਅਨਾਜ ਹੀ ਨਹੀਂ, ਸਗੋਂ ਸੰਤੁਲਿਤ ਅਤੇ ਪੌਸ਼ਟਿਕ ਭੋਜਨ ਲਈ ਲੋੜੀਂਦੀ ਹੋਰ ਜ਼ਰੂਰੀ ਸਮੱਗਰੀ ਵੀ ਪਹੁੰਚ ਰਹੀ ਹੈ। ਇਸ ਨਾਲ ਪਰਿਵਾਰਾਂ ਦੇ ਪੋਸ਼ਣ ਪੱਧਰ ਵਿੱਚ ਸੁਧਾਰ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਮਹੀਨਾਵਾਰ ਘਰੇਲੂ ਖਰਚ ਵਿੱਚ ਵੀ ਕਮੀ ਆ ਰਹੀ ਹੈ।
ਰਾਸ਼ਨ ਕਿੱਟਾਂ ਦੀ ਵੰਡ ਪ੍ਰਕਿਰਿਆ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਪਾਰਦਰਸ਼ਤਾ ਬਰਕਰਾਰ ਰਹੇ, ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਜਾਂ ਮਿਲਾਵਟਖੋਰੀ ਨੂੰ ਰੋਕਿਆ ਜਾ ਸਕੇ ਅਤੇ ਹਰ ਯੋਗ ਪਰਿਵਾਰ ਤੱਕ ਸਮੇਂ ਸਿਰ ਕਿੱਟਾਂ ਦੀ ਪਹੁੰਚ ਯਕੀਨੀ ਬਣਾਈ ਜਾ ਸਕੇ। ਇਸ ਲੋਕ-ਭਲਾਈ ਮੁਹਿੰਮ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਅਤੇ ਸਥਾਨਕ ਅਧਿਕਾਰੀ ਆਪਸੀ ਤਾਲਮੇਲ ਨਾਲ ਲਗਾਤਾਰ ਕੰਮ ਕਰ ਰਹੇ ਹਨ।
